ਸਿਰੀਰਾਗੁ ਮਹਲਾ ੧ ॥
ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥
ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥
ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥
ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥
ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥

ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥
ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥
ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥
ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥

ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥
ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥

Sahib Singh
ਸਭਿ = ਸਾਰੇ ।
ਰਸ = ਸੁਆਦ ।
ਮੰਨਿਐ = ਜੇ (ਮਨ) ਮੰਨ ਜਾਏ ।
ਸੁਣਿਐ = ਜੇ ਸੁਣ ਲਏ, ਜੇ ਸੁਰਤਿ ਜੁੜ ਜਾਏ ।
ਸਾਲੋਣੇ = ਲੂਣ ਵਾਲੇ ।
ਖਟ ਤੁਰਸੀ = ਖੱਟੇ ਤੁਰਸ਼ ।
ਮੁਖਿ = ਮੂੰਹ ਨਾਲ ।
ਮਾਰਣ = ਮਸਾਲੇ ।
ਨਾਦ = ਰਾਗੁ, ਕੀਰਤਨ ।
ਭਾਉ = ਪ੍ਰੇਮ ।੧ ।
ਬਾਬਾ = ਹੇ ਭਾਈ !
ਖੁਆਰ = ਜ਼ਲੀਲ ।
ਜਿਤੁ = ਜਿਸ ਦੀ ਰਾਹੀਂ ।
ਜਿਤੁ ਖਾਧੈ = ਜਿਸ ਖਾਧੇ (ਪਦਾਰਥ) ਨਾਲ ।
ਪੀੜੀਐ = ਅੌਖਾ ਹੁੰਦਾ ਹੈ ।
ਚਲਹਿ = ਚੱਲ ਪੈਂਦੇ ਹਨ ।੧।ਰਹਾਉ ।
ਰਤਾ = ਰੰਗਿਆ ਹੋਇਆ ।
ਸੁਪੇਦੀ = ਚਿੱਟਾ ਕੱਪੜਾ ।
ਸਤੁ = ਦਾਨ ।
ਨੀਲੀ = ਨੀਲੀ ਪੁਸ਼ਾਕ ।
ਸਿਆਹੀ = ਮਨ ਦੀ ਕਾਲਖ ।
ਕਦਾ ਕਰਣੀ = ਕੱਟ ਦੇਣੀ ।
ਪਹਿਰਣੁ = ਜਾਮਾ, ਚੋਗਾ ।
ਕਮਰ = ਲੱਕ ।
ਕਮਰ ਬੰਦੁ = ਲੱਕ ਦਾ ਪਟਕਾ ।
ਪਾਖਰ = ਕਾਠੀ ।
ਸਾਖਤਿ = ਦੁਮਚੀ ।
ਤੇਰੀ ਵਾਟ = ਤੇਰੇ ਚਰਨਾਂ ਤਕ ਅੱਪੜਨ ਦਾ ਰਸਤਾ ।
ਤਰਕਸ = ਭੱਥਾ, ਤੀਰ ਰੱਖਣ ਵਾਲਾ ਥੈਲਾ ।
ਸਾਂਗ = ਬਰਛੀ ।
ਤੇਗਬੰਦ = ਤਲਵਾਰ ਦਾ ਗਾਤ੍ਰਾ ।
ਧਾਤ = ਦੌੜ = ਭੱਜ, ਜਤਨ ।
ਪਤਿ = ਇੱਜ਼ਤ ।
ਕਰਮ = ਬਖ਼ਸ਼ਸ਼ ।੩ ।
ਤੁਧੁ ਭਾਵਸੀ = ਤੇਰੀ ਰਜ਼ਾ ਵਿਚ ਰਹਿਣਾ ।
ਹੋਰੁ ਆਖਣੁ = ਹੋਰ ਹੁਕਮ ਕਰਨ ਦਾ ਬਚਨ ।
ਪੂਛਿ = ਪੁੱਛ ਕੇ ।੪ ।
ਸਉਣਾ = ਦੁਨਿਆਵੀ ਮੌਜਾਂ ਮਾਣਨੀਆਂ ।
ਜਿਤੁ ਸੁਤੈ = ਜਿਸ ਐਸ਼ = ਇਸ਼ਰਤ ਦੀ ਰਾਹੀਂ ।
    
Sahib Singh
ਜੇ ਮਨ ਪ੍ਰਭੂ ਦੀ ਯਾਦ ਵਿਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ ।
ਜੇ ਸੁਰਤਿ ਹਰੀ ਦੇ ਨਾਮ ਵਿਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ ।
ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ ।
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਕੀਰਤਨ ਮਸਾਲੇ ਜਾਣੋ ।
ਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ ।
(ਪਰ ਇਹ ਉੱਚੀ ਦਾਤਿ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ ।੧ ।
ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖਿ਼ਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ ।੧।ਰਹਾਉ ।
ਪ੍ਰਭੂ-ਪ੍ਰੀਤ ਵਿਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ ।
ਆਪਣੇ ਮਨ ਵਿਚੋਂ ਕਾਲਖ਼ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ ।
ਪ੍ਰਭੂ-ਚਰਨਾਂ ਦਾ ਧਿਆਨ ਚੋਗਾ ਹੈ ।
ਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ ।੨ ।
ਹੇ ਭਾਈ! ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖਿ਼ਆਲ ਤੁਰ ਪੈਣ, ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ ।੧।ਰਹਾਉ ।
ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਦਾ ਜੀਵਨ-ਰਾਹ ਸਮਝਣਾ (ਮੇਰੇ ਵਾਸਤੇ) ਸੋਨੇ ਦੀ ਦੁਮਚੀ ਵਾਲੇ ਤੇ (ਸੋਹਣੀ) ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ ।
ਤੇਰੀ ਸਿਫ਼ਤਿ-ਸਾਲਾਹ ਦਾ ਉੱਦਮ ਕਰਨਾ (ਮੇਰੇ ਵਾਸਤੇ) ਭੱਥੇ ਤੀਰ ਕਮਾਨ ਬਰਛੀ ਤੇ ਤਲਵਾਰ ਦਾ ਗਾਤ੍ਰਾ ਹਨ ।
(ਤੇਰੇ ਦਰ ਤੇ) ਇੱਜ਼ਤ ਨਾਲ ਸੁਰਖ਼ਰੂ ਹੋਣਾ (ਮੇਰੇ ਵਾਸਤੇ) ਵਾਜਾ ਤੇ ਨੇਜਾ ਹਨ, ਤੇਰੀ ਮਿਹਰ (ਦੀ ਨਜ਼ਰ) ਮੇਰੇ ਲਈ ਉੱਚੀ ਕੁਲ ਹੈ ।੩ ।
ਹੇ ਭਾਈ! ਜਿਸ ਘੋੜ-ਸਵਾਰੀ ਕਰਨ ਨਾਲ ਸਰੀਰ ਅੌਖਾ ਹੋਵੇ, ਮਨ ਵਿਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ, ਉਹ ਘੋੜ-ਸਵਾਰੀ ਤੇ ਉਸ ਦਾ ਚਾਉ ਖ਼ੁਆਰ ਕਰਦਾ ਹੈ ।੧।ਰਹਾਉ ।
ਮਹਲ-ਮਾੜੀਆਂ ਦਾ ਵਸੇਬਾ (ਮੇਰੇ ਵਾਸਤੇ) ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖ਼ੁਸ਼ੀ ਹੀ ਹੈ ।
ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੰਬ ਹੈ (ਜੋ ਖ਼ੁਸ਼ੀ ਮੈਨੂੰ ਆਪਣਾ ਪਰਵਾਰ ਦੇਖ ਕੇ ਹੁੰਦੀ ਹੈ, ਉਹੀ ਤੇਰੀ ਮਿਹਰ ਦੀ ਨਜ਼ਰ ਵਿਚੋਂ ਮਿਲੇਗੀ) ।
(ਦੂਜਿਆਂ ਪਾਸੋਂ ਆਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ ।
ਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਿਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਪੁੱਛ-ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪਰਵਾਨ ਹੈ) ।੪ ।
ਹੇ ਭਾਈ! (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਖ਼ੁਸ਼ੀ ਛੱਡ ਕੇ) ਹੋਰ ਐਸ਼-ਇਸ਼ਰਤ ਦੀ ਖ਼ੁਸ਼ੀ ਖ਼ੁਆਰ ਕਰਦੀ ਹੈ, ਕਿੳਂੁਂਿਕ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਭੀ ਵਿਕਾਰ ਚੱਲ ਪੈਂਦੇ ਹਨ ।੧।ਰਹਾਉ।੪।੭ ।
Follow us on Twitter Facebook Tumblr Reddit Instagram Youtube