ਸਿਰੀਰਾਗੁ ਮਹਲਾ ੧ ॥
ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥
ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥
ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥੧॥

ਨਾਨਕ ਸਾਚੇ ਕਉ ਸਚੁ ਜਾਣੁ ॥
ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥

ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥
ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥
ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥੨॥

ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥
ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥
ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥੩॥

ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥
ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥
ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ॥੪॥੫॥

Sahib Singh
ਅਮਲੁ = ਨਸ਼ਾ (ਅਫ਼ੀਮ ਆਦਿਕ ਦਾ) ।
ਗਲੋਲਾ = ਗੋਲਾ ।
ਕੂੜ = ਨਾਸ਼ਵੰਤ ਜਗਤ (ਦਾ ਮੋਹ) ।
ਦੇਵਣਹਾਰਿ = ਦੇਵਣਹਾਰ ਨੇ ।
ਮਤੀ = ਮੱਤੀ, ਮਸਤ ਹੋਈ ਨੇ ।
ਸਚੁ = ਸਦਾ = ਥਿਰ ਰਹਿਣ ਵਾਲਾ ਪ੍ਰਭੂ ।
ਸੋਫੀ = ਜੋ ਨਸ਼ੇ ਤੋਂ ਪਰਹੇਜ਼ ਕਰਦੇ ਹਨ, ਜਿਨ੍ਹਾਂ ਨਾਸ਼ਵੰਤ ਜਗਤ ਦੇ ਮੋਹ-ਨਸ਼ੇ ਨੂੰ ਛੱਡਿਆ ।
ਰਾਖਣ ਕਉ = ਮੱਲਣ ਲਈ ।
ਦਰਵਾਰੁ = ਪ੍ਰਭੂ ਦਾ ਦਰ ।੧ ।
ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ ।
ਚਲੈ ਮਾਣੁ = ਆਦਰ ਮਿਲੇ ।੧।ਰਹਾਉ ।
ਸਰਾ = ਸ਼ਰਾਬ ।
ਗੁੜ ਬਾਹਰਾ = ਗੁੜ ਪਾਣ ਤੋਂ ਬਿਨਾ ਬਣਾਇਆ ਹੋਇਆ ।
ਵਖਾਣਹਿ = ਉਚਾਰਦੇ ਹਨ ।
ਜੇਤੜੇ = ਜੋ ਜੋ ਮਨੁੱਖ ।
ਹਉ = ਮੈਂ ।
ਖੀਵਾ = ਮਸਤ ।
ਮਹਲੀ = ਪਰਮਾਤਮਾ ਦੀ ਹਜ਼ੂਰੀ ਵਿਚ ।੨ ।
ਨਾਉ = ਪ੍ਰਭੂ ਦਾ ਨਾਮ ।
ਨੀਰੁ = (ਇਸ਼ਨਾਨ ਵਾਸਤੇ) ਪਾਣੀ ।
ਚੰਗਿਆਈਆ = ਪ੍ਰਭੂ ਦੇ ਗੁਣ, ਸਿਫ਼ਤਿ-ਸਾਲਾਹ ।
ਸਤੁ = ਉੱਚਾ ਆਚਰਨ ।
ਪਰਮਲੁ = ਸੁਗੰਧੀ ।
ਤਨਿ = ਤਨ ਉੱਤੇ, ਤਨ ਵਿਚ ।
ਵਾਸੁ = ਸੁਗੰਧੀ ।
ਉਜਲਾ = ਰੌਸ਼ਨ, ਸਾਫ਼ = ਸੁਥਰਾ ।
ਆਖੀਅਹਿ = ਆਖੇ ਜਾਂਦੇ ਹਨ ।੩ ।
ਮਨਹੁ = ਮਨ ਤੋਂ ।
ਜੀਅ = ਜਿੰਦ ।
ਪਰਾਣ = ਸਾਹ ।
ਜੀਅ ਪਰਾਣ = ਜਿੰਦ = ਜਾਨ ।
ਜੇਤਾ = ਜਿਤਨਾ ਭੀ, ਸਾਰਾ ਹੀ ।
ਕੂੜੀਆ = ਕੂੜ ਵਿਚ ਫਸਾਣ ਵਾਲੀਆਂ, ਜਗਤ ਦੇ ਮੋਹ ਵਿਚ ਫਸਾਣ ਵਾਲੀਆਂ ।
ਪਰਵਾਣੁ = ਸੁਚੱਜੀ, ਚੰਗੀ, ਕਬੂਲ ਕਰਨ-ਜੋਗ ।੪ ।
    
Sahib Singh
ਦੇਣਹਾਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ-ਰੂਪ ਅਫੀਮ ਦਾ ਗੋਲਾ ਜੀਵ ਨੂੰ ਦਿੱਤਾ ਹੋਇਆ ਹੈ ।
(ਇਸ ਮੋਹ-ਅਫੀਮ ਨੂੰ ਖਾ ਕੇ) ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ ਹੈ, ਚਾਰ ਦਿਨ ਜ਼ਿੰਦਗੀ ਵਿਚ ਰੰਗ-ਰਲੀਆਂ ਮਾਣ ਰਹੀ ਹੈ ।
ਜਿਨ੍ਹਾਂ ਨੇ ਮੋਹ-ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ ।੧ ।
ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸੱਚੀ ਸਾਂਝ ਬਣਾ, ਜਿਸ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ ।
(ਤੇ ਅਰਦਾਸ ਕਰ ਕਿ ਹੇ ਪ੍ਰਭੂ! ਆਪਣਾ ਨਾਮ ਦੇਹ ਜਿਸ ਕਰਕੇ) ਤੇਰੀ ਹਜ਼ੂਰੀ ਵਿਚ ਆਦਰ ਮਿਲ ਸਕੇ ।੧।ਰਹਾਉ ।
ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ, ਉਸ (ਸ਼ਰਾਬ) ਵਿਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵਲੋਂ ਬੇ-ਪਰਵਾਹ ਕਰ ਦੇਂਦਾ ਹੈ) ।
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ ।
ਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿਚ ਟਿਕ ਜਾਏ (ਤੇ, ਮਨ ਟਿਕਦਾ ਹੈ ਸਿਮਰਨ ਦੀ ਬਰਕਤਿ ਨਾਲ) ।੨ ।
ਪਰਮਾਤਮਾ ਦਾ ਨਾਮ ਤੇ ਸਿਫ਼ਤਿ-ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫ਼ਤਿ-ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ ।
ਪ੍ਰਭੂ ਦਾ ਨਾਮ ਤੇ ਸਿਫ਼ਤਿ-ਸਾਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਬਣਿਆ ਹੋਇਆ) ਸੁੱਚਾ ਆਚਰਨ ਸਰੀਰ ਉਤੇ ਲਾਣ ਲਈ ਸੁਗੰਧੀ ਹੈ ।
ਦੁੱਖਾਂ ਦੀ (ਨਿਵਿਰਤੀ) ਤੇ ਸੁੱਖਾਂ ਦੀ (ਪ੍ਰਾਪਤੀ) ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ ।੩ ।
ਜਿਸ ਪ੍ਰਭੂ ਦੀ ਬਖ਼ਸ਼ੀ ਹੋਈ ਇਹ ਜਿੰਦ-ਜਾਨ ਹੈ, ਉਸ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ।
ਪ੍ਰਭੂ ਨੂੰ ਵਿਸਾਰਿਆਂ ਖਾਣ ਪਹਿਨਣ ਦਾ ਸਾਰਾ ਹੀ ਉੱਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ, (ਕਿਉਂਕਿ) ਹੋਰਸਾਰੀਆਂ ਗੱਲਾਂ (ਮਨ ਨੂੰ) ਨਾਸਵੰਤ ਸੰਸਾਰ ਦੇ ਮੋਹ ਵਿਚ ਫਸਾਂਦੀਆਂ ਹਨ ।
(ਹੇ ਪ੍ਰਭੂ!) ਉਹੀ ਉੱਦਮ ਸੁਚੱਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਂਦਾ ਹੈ ।੪।੫ ।

ਭਾਵ:- ਪ੍ਰਭੂ ਦੀ ਯਾਦ ਭੁਲਾਇਆਂ ਜਗਤ ਦਾ ਮੋਹ ਆ ਦਬਾਂਦਾ ਹੈ, ਮੋਹ-ਅਧੀਨ ਹੋ ਕੇ ਕੀਤੇ ਕੰਮ ਮਨ ਨੂੰ ਹੋਰ ਮਲੀਨ ਕਰਦੇ ਜਾਂਦੇ ਹਨ ।
ਪ੍ਰਭੂ ਦਾ ਨਾਮ ਸਭ ਤੋਂ ਉੱਚੀ ਬਖ਼ਸ਼ਸ਼ ਹੈ, ਇਹ ਇਕ ਐਸਾ ਹੁਲਾਰਾ ਪੈਦਾ ਕਰਦਾ ਹੈ ਜਿਸ ਦਾ ਸਦਕਾ ਮਨੁੱਖ ਮੋਹ ਤੋਂ ਉਤਾਂਹ ਰਹਿ ਕੇ ਸੁੱਚੇ ਆਚਰਨ ਵਾਲਾ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ।੫ ।
Follow us on Twitter Facebook Tumblr Reddit Instagram Youtube