ਤਿਲੰਗ ਮਹਲਾ ੯ ਕਾਫੀ
ੴ ਸਤਿਗੁਰ ਪ੍ਰਸਾਦਿ ॥
ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥
ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥

ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥
ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥੧॥

ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥
ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥੨॥੧॥

Sahib Singh
ਨੋਟ: = ਕਾਫੀ ਇਕ ਰਾਗਣੀ ਦਾ ਨਾਮ ਹੈ ।
    ਇਹਨਾਂ ਸ਼ਬਦਾਂ ਨੂੰ ਤਿਲੰਗ ਅਤੇ ਕਾਫੀ ਦੋਹਾਂ ਮਿਲਵੇਂ ਰਾਗਾਂ ਵਿਚ ਗਾਣਾ ਹੈ ।
ਤਉ = ਤਾਂ ।
ਨਿਸਿ = ਰਾਤ ।
ਦਿਨਿ ਮੈ = ਦਿਨ ਵਿਚ ।
ਨਿਸ ਦਿਨ ਮਹਿ = ਰਾਤ ਦਿਨ ਵਿਚ, ਰਾਤ ਦਿਨ ਇੱਕ ਕਰ ਕੇ ।
ਪ੍ਰਾਨੀ = ਹੇ ਮਨੁੱਖ !
ਅਉਧ = ਉਮਰ ।
ਬਿਹਾਤੁ ਹੈ = ਬੀਤਦੀ ਜਾ ਰਹੀ ਹੈ ।
ਜਿਉ = ਜਿਵੇਂ ।
ਫੂਟੈ ਘਟ = ਫੁੱਟੇ ਹੋਏ ਘੜੇ ਵਿਚੋਂ ।੧ ।
ਕਾਹਿ = ਕਿਉਂ ?
ਗਾਵਹੀ = ਗਾਵਹਿ, ਤੂੰ ਗਾਂਦਾ ।
ਮੂਰਖ = ਹੇ ਮੂਰਖ !
ਅਗਿਆਨਾ = ਹੇ ਗਿਆਨ = ਹੀਣ !
ਲਾਲਚਿ = ਲਾਲਚ ਵਿਚ ।
ਲਾਗਿ ਕੈ = ਫਸ ਕੇ ।
ਮਰਨੁ = ਮੌਤ ।੧ ।
ਅਜਹੂ = ਅਜੇ ਭੀ ।
ਜੋ = ਜੇ ।
ਗਾਵੈ = ਗਾਣੇ ਸ਼ੁਰੂ ਕਰ ਦੇਵੇ ।
ਕਹੁ = ਆਖ ।
ਨਾਨਕ = ਹੇ ਨਾਨਕ !
ਤਿਹ ਭਜਨ ਤੇ = ਉਸ ਪਰਮਾਤਮਾ ਦੇ ਭਜਨ ਨਾਲ ।
ਤਿਹ = ਤਿਸੁ ।
ਤੇ = ਤੋਂ, ਨਾਲ ।
ਨਿਰਭੈ ਪਦੁ = ਉਹਆਤਮਕ ਦਰਜਾ ਜਿਥੇ ਕੋਈ ਡਰ ਪੋਹ ਨਹੀਂ ਸਕਦਾ ।
ਪਾਵੈ = ਪ੍ਰਾਪਤ ਕਰ ਲੈਂਦਾ ਹੈ ।੨ ।
    
Sahib Singh
ਹੇ ਮਨੁੱਖ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਨਾ ਹੈ, ਤਾਂ ਦਿਨ ਰਾਤ ਇੱਕ ਕਰ ਕੇ ਸਿਮਰਨਾ ਸ਼ੁਰੂ ਕਰ ਦੇ, (ਕਿਉਂਕਿ) ਜਿਵੇਂ ਤ੍ਰੇੜੇ ਹੋਏ ਘੜੇ ਵਿਚੋਂ ਪਾਣੀ (ਸਹਜੇ ਸਹਜੇ ਨਿਕਲਦਾ ਰਹਿੰਦਾ ਹੈ, ਤਿਵੇਂ ਹੀ) ਇਕ ਇਕ ਛਿਨ ਕਰ ਕੇ ਉਮਰ ਬੀਤਦੀ ਜਾ ਰਹੀ ਹੈ ।੧।ਰਹਾਉ ।
ਹੇ ਮੂਰਖ! ਹੇ ਬੇ-ਸਮਝ! ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਕਿਉਂ ਨਹੀਂ ਗਾਂਦਾ ?
ਮਾਇਆ ਦੇ ਝੂਠੇ ਲਾਲਚ ਵਿਚ ਫਸ ਕੇ ਤੂੰ ਮੌਤ ਨੂੰ (ਭੀ) ਚੇਤੇ ਨਹੀਂ ਕਰਦਾ ।੧ ।
ਪਰ, ਹੇ ਨਾਨਕ! ਆਖ—ਜੇ ਮਨੁੱਖ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦੇਵੇ (ਭਾਵੇਂ ਸਿਮਰਨ-ਹੀਨਤਾ ਵਿਚ ਕਿਤਨੀ ਭੀ ਉਮਰ ਗੁਜ਼ਰ ਚੁਕੀ ਹੋਵੇ) ਫਿਰ ਭੀ ਕੋਈ ਨੁਕਸਾਨ ਨਹੀਂ ਹੁੰਦਾ, (ਕਿਉਂਕਿ) ਉਸ ਪਰਮਾਤਮਾ ਦੇ ਭਜਨ ਦੀ ਬਰਕਤਿ ਨਾਲ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਜਿੱਥੇ ਕੋਈ ਡਰ ਪੋਹ ਨਹੀਂ ਸਕਦਾ ।੨।੧ ।
Follow us on Twitter Facebook Tumblr Reddit Instagram Youtube