ੴ ਸਤਿਗੁਰ ਪ੍ਰਸਾਦਿ ॥
ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥

ਹਰਿ ਬਿਨੁ ਜੀਉ ਜਲਿ ਬਲਿ ਜਾਉ ॥
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥

ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥
ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥

ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥

ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥
ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥

Sahib Singh
ਤ = ਜੇ ।
ਊਸਰਹਿ = ਉਸਰ ਪੈਣ, ਬਣ ਜਾਣ ।
ਕੁੰਗੂ = ਕੇਸਰ ।
ਅਗਰਿ = ਅਗਰ ਨਾਲ, ਊਦ ਦੀ ਸੁਗੰਧ-ਭਰੀ ਲੱਕੜੀ ਨਾਲ ।
ਚੰਦਨਿ = ਚੰਦਨ ਨਾਲ ।
ਲੀਪਿ = ਲਿਪਾਈ ਕਰ ਕੇ ।
ਦੇਖਿ = ਵੇਖ ਕੇ ।
ਚਿਤਿ = ਚਿੱਤ ਵਿਚ ।੧ ।
ਪਲਘਿ = ਪਲੰਘ ਉਤੇ ।
ਮੋਹਣੀ = ਸੁੰਦਰ ਇਸਤ੍ਰੀ ।
ਮੁਖਿ = ਮੂੰਹ ਉੱਤੇ ।
ਰੰਗਿ = ਪਿਆਰ ਨਾਲ ।
ਪਸਾਓ = ਪਸਾਰਾ, ਖੇਡ ।
ਰੰਗਿ ਪਸਾਉ = ਪਿਆਰ = ਭਰੀ ਖੇਡ, ਹਾਵ-ਭਾਵ ।੨ ।
ਸਿਧੁ = ਜੋਗ = ਸਾਧਨਾਂ ਵਿਚ ਪੁੱਗਾ ਹੋਇਆ ਜੋਗੀ ।
ਸਿਧਿ = ਜੋਗ = ਸਮਾਧੀ ਵਿਚ ਕਾਮਯਾਬੀ ।
ਲਾਈ = ਲਾਈਂ, ਮੈਂ ਲਾਵਾਂ ।
ਰਿਧਿ = ਜੋਗ ਤੋਂ ਪ੍ਰਾਪਤ ਹੋਈਆਂ ਬਰਕਤਾਂ ।
ਬੈਸਾ = ਬੈਸਾਂ, ਮੈਂ ਬੈਠਾਂ ।
ਭਾਉ = ਆਦਰ, ਸਤਕਾਰ ।੩ ।
ਮੇਲਿ = ਇਕੱਠਾ ਕਰ ਕੇ ।
ਲਸਕਰ = ਫ਼ੌਜਾਂ ।
ਤਖਤਿ = ਤਖ਼ਤ ਉੱਤੇ ।
ਹਾਸਲੁ ਕਰੀ = ਮੈਂ ਹਾਸਲ ਕਰਾਂ, ਮੈਂ ਚਲਾਵਾਂ ।
ਵਾਉ = ਹਵਾ ਸਮਾਨ, ਵਿਅਰਥ ।
ਕਰੀ = ਕਰੀਂ, ਮੈਂ ਕਰਾਂ ।੪ ।
    
Sahib Singh
ਜੇ (ਮੇਰੇ ਵਾਸਤੇ) ਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣ, ਜੇ (ਉਹ ਮਹਲ-ਮਾੜੀਆਂ) ਰਤਨਾਂ ਨਾਲ ਜੜਾਊ ਹੋ ਜਾਣ, ਜੇ (ਉਹਨਾਂ ਮਹਲ-ਮਾੜੀਆਂ ਨੂੰ) ਕਸਤੂਰੀ ਕੇਸਰ ਊਦ ਤੇ ਚੰਦਨ ਨਾਲ ਲਿਪਾਈ ਕਰ ਕੇ (ਮੇਰੇ ਅੰਦਰ) ਚਾਉ ਚੜ੍ਹੇ, (ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਮਹਲ-ਮਾੜੀਆਂ) ਨੂੰ ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ।੧ ।
ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਮੈ ਆਪਣੇ ਗੁਰੂ ਨੂੰ ਪੁੱਛਿਆ ਹੈ ਤੇ ਮੈਨੂੰ ਯਕੀਨ ਭੀ ਆ ਗਿਆ ਹੈ) ਕਿ ਪ੍ਰਭੂ ਤੋਂ ਵਿੱਛੁੜ ਕੇ ਜਿੰਦ ਸੜ-ਬਲ ਜਾਂਦੀ ਹੈ (ਤੇ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ (ਭੀ) ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ।੧।ਰਹਾਉ।ਜੇ (ਮੇਰੇ ਰਹਣ ਵਾਸਤੇ) ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ, ਜੇ (ਮੇਰੇ ਸੌਣ ਵਾਲੇ) ਪਲੰਘ ਉੱਤੇ ਲਾਲ ਜੜੇ ਜਾਣ, ਜੇ (ਮੇਰੇ ਸਾਹਮਣੇ) ਉਹ ਸੁੰਦਰ ਇਸਤ੍ਰੀ ਹਾਵ-ਭਾਵ ਕਰੇ ਜਿਸ ਦੇ ਮੱਥੇ ਉਤੇ ਮਣੀ ਸੋਭ ਰਹੀ ਹੋਵੇ, (ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਅਜਿਹੇ ਸੁੰਦਰ ਥਾਂ ਤੇ ਅਜਿਹੀ ਸੁੰਦਰੀ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ।੨ ।
ਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ, ਜੇ ਮੈਂ ਜੋਗ-ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜ ਮਾਰਾਂ ਤੇ ਉਹ (ਮੇਰੇ ਪਾਸ) ਆ ਜਾਣ, ਜੇ (ਜੋਗ ਦੀ ਤਾਕਤ ਨਾਲ) ਮੈਂ ਕਦੇ ਲੁਕ ਸਕਾਂ ਤੇ ਕਦੇ ਪਰਤੱਖ ਹੋ ਕੇ ਬੈਠ ਜਾਵਾਂ, ਜੇ (ਸਾਰਾ) ਜਗਤ ਮੇਰਾ ਆਦਰ ਕਰੇ, (ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ।੩ ।
ਜੇ ਮੈਂ ਫ਼ੌਜਾਂ ਇਕੱਠੀਆਂ ਕਰ ਕੇ ਬਾਦਸ਼ਾਹ ਬਣ ਜਾਵਾਂ, ਜੇ ਮੈਂ (ਤਖ਼ਤ ਉੱਤੇ) ਬੈਠਾ (ਬਾਦਸ਼ਾਹੀ ਦਾ) ਹੁਕਮ ਚਲਾ ਸਕਾਂ, ਤਾਂ ਭੀ, ਹੇ ਨਾਨਕ! (ਇਹ) ਸਭ ਕੁਝ ਵਿਅਰਥ ਹੈ (ਮੈਨੂੰ ਖ਼ਤਰਾ ਹੈ ਕਿ ਇਹ ਰਾਜ-ਭਾਗ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ।੪।੧ ।

ਨੋਟ: ਇਸ ਸ਼ਬਦ ਦੇ ੪ ਬੰਦ ਹਨ ।
ਅਖ਼ੀਰਲੇ ਅੰਕ ਨੰ: ੧ ਦਾ ਭਾਵ ਇਹ ਹੈ ਕਿ ਇਥੇ ਪਹਿਲਾ ਸ਼ਬਦ ਸਮਾਪਤ ਹੋਇਆ ਹੈ ।

ਭਾਵ:- ਪ੍ਰਭੂ ਦੀ ਯਾਦ ਭੁਲਾ ਕੇ ਜਿੰਦ ਸੜ-ਬਲ ਜਾਂਦੀ ਹੈ ।
ਜੋਗ ਦੀਆਂ ਰਿੱਧੀਆਂ ਸਿੱਧੀਆਂ, ਤੇ ਬਾਦਸ਼ਾਹੀ ਪ੍ਰਭੂ ਦੇ ਵਿਛੋੜੇ ਤੋਂ ਪੈਦਾ ਹੋਏ ਉਸ ਸਾੜ ਨੂੰ ਸ਼ਾਂਤ ਨਹੀਂ ਕਰ ਸਕਦੇ ।
ਇਹ ਤਾਂ ਸਗੋਂ ਪਰਮਾਤਮਾ ਨਾਲੋਂ ਵਿੱਥ ਵਧਾ ਕੇ ਸਾੜ ਪੈਦਾ ਕਰਦੇ ਹਨ ।
Follow us on Twitter Facebook Tumblr Reddit Instagram Youtube