ਟੋਡੀ ਮਹਲਾ ੫ ॥
ਹਰਿ ਕੇ ਚਰਨ ਕਮਲ ਮਨਿ ਧਿਆਉ ॥
ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥੧॥ ਰਹਾਉ ॥

ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥

ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ ਕਾਰਣ ਪ੍ਰਭ ਏਕ ॥
ਬਾਲ ਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ ਟੇਕ ॥੨॥੮॥੧੩॥

Sahib Singh
ਚਰਨ ਕਮਲ = ਕੌਲ ਫੁੱਲ ਵਰਗੇ ਕੋਮਲ ਚਰਨ ।
ਮਨਿ = ਮਨ ਵਿਚ ।
ਧਿਆਉ = ਧਿਆਉਂ, ਮੈਂ ਧਿਆਨ ਧਰਦਾ ਹਾਂ ।
ਕਾਢਿ = ਕੱਢ ਕੇ ।
ਕੁਠਾਰੁ = ਕੁਹਾੜਾ ।
ਪਿਤ = ਪਿੱਤ, ਗਰਮੀ, (ਕ੍ਰੋਧ) ।
ਬਾਤ = ਵਾਈ (ਅਹੰਕਾਰ) ।
ਅਉਖਧੁ = ਦਵਾਈ ।
ਕੋ = ਦਾ ।੧।ਰਹਾਉ ।
ਤੀਨੇ ਤਾਪ = ਆਧਿ, ਵਿਆਧਿ, ਉਪਾਧਿ (ਮਾਨਸਕ ਰੋਗ, ਸਰੀਰਕ ਰੋਗ, ਝਗੜੇ ਆਦਿਕ) ।
ਰਾਸਿ = ਪੂੰਜੀ ।
ਤਾ ਕਉ = ਉਸ (ਮਨੁੱਖ) ਨੂੰ ।
ਬਿਘਨੁ = ਰੁਕਾਵਟ ।੧ ।
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ ।
ਬੈਦ = ਹਕੀਮ ।
ਕਰਣ ਕਾਰਣ = ਜਗਤ ਦਾ ਮੂਲ ।
ਬਾਲ ਬੁਧਿ = ਬਾਲਕਾਂ ਵਾਲੀ ਸਰਲ ਬੁਧਿ ਵਾਲੇ ਮਨੁੱਖ, ਜੇਹੜੇ ਚਤੁਰਾਈ ਛੱਡ ਦੇਂਦੇ ਹਨ ।
ਟੇਕ = ਆਸਰਾ ।੨ ।
    
Sahib Singh
ਹੇ ਭਾਈ! ਮੈਂ ਤਾਂ ਆਪਣੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਧਿਆਨ ਧਰਦਾ ਰਹਿੰਦਾ ਹਾਂ ।
ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜੇਹੜੀ (ਮਨੁੱਖ ਦੇ ਅੰਦਰੋਂ) ਕ੍ਰੋਧ ਅਤੇ ਅਹੰਕਾਰ (ਆਦਿਕ ਰੋਗ) ਪੂਰੀ ਤ੍ਰਹਾਂ ਕੱਢ ਦੇਂਦੀ ਹੈ (ਜਿਵੇਂ ਦਵਾਈ ਸਰੀਰ ਵਿਚੋਂ ਗਰਮੀ ਤੇ ਵਾਈ ਦੇ ਰੋਗ ਦੂਰ ਕਰਦੀ ਹੈ) ।੧।ਰਹਾਉ ।
ਹੇ ਭਾਈ! ਪਰਮਾਤਮਾ (ਦਾ ਨਾਮ ਮਨੁੱਖ ਦੇ ਅੰਦਰੋਂ ਆਧਿ ਵਿਆਧਿ ਉਪਾਧਿ) ਤਿੰਨੇ ਹੀ ਤਾਪ ਦੂਰ ਕਰਨ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਅਤੇ ਸੁਖਾਂ ਦਾ ਸਰਮਾਇਆ ਹੈ ।
ਜਿਸ ਮਨੁੱਖ ਦੀ ਅਰਦਾਸ ਸਦਾ ਪ੍ਰਭੂ ਦੇ ਦਰ ਤੇ ਜਾਰੀ ਰਹਿੰਦੀ ਹੈ, ਉਸ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀ ਆਉਂਦੀ ।੧ ।
ਹੇ ਭਾਈ! ਇਕ ਪਰਮਾਤਮਾ ਹੀ ਜਗਤ ਦਾ ਮੂਲ ਹੈ, (ਜੀਵਾਂ ਦੇ ਰੋਗ ਦੂਰ ਕਰਨ ਵਾਲਾ) ਹਕੀਮ ਹੈ ।
ਇਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ਹੇ ਨਾਨਕ! ਜੇਹੜੇ ਮਨੁੱਖ ਆਪਣੇ ਅੰਦਰੋਂ ਚਤੁਰਾਈ ਦੂਰ ਕਰ ਦੇਂਦੇ ਹਨ, ਸਾਰੇ ਸੁਖ ਦੇਣ ਵਾਲਾ ਪਰਮਾਤਮਾ ਉਹਨਾਂ ਨੂੰ ਮਿਲ ਪੈਂਦਾ ਹੈ, ਉਹਨਾਂ (ਦੀ ਜ਼ਿੰਦਗੀ) ਦਾ ਸਹਾਰਾ ਬਣ ਜਾਂਦਾ ਹੈ ।੨।੮।੧੩ ।
Follow us on Twitter Facebook Tumblr Reddit Instagram Youtube