ਰਾਗੁ ਧਨਾਸਰੀ ਮਹਲਾ ੧ ॥
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥

ਕੈਸੀ ਆਰਤੀ ਹੋਇ ॥
ਭਵ ਖੰਡਨਾ ਤੇਰੀ ਆਰਤੀ ॥
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥

ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥

ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ ਜੋਤਿ ਪਰਗਟੁ ਹੋਇ ॥
ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥

ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥

Sahib Singh
ਗਗਨ = ਆਕਾਸ਼ ।
ਗਗਨ ਮੈ = ਗਗਨ ਮਯ, ਆਕਾਸ਼ ਰੂਪ, ਸਾਰਾ ਆਕਾਸ਼ ।
ਰਵਿ = ਸੂਰਜ ।
ਦੀਪਕ = ਦੀਵੇ ।
ਜਨਕ = ਜਾਣੋ, ਮਾਨੋ, ਜਿਵੇਂ ।
ਮਲਆਨਲੋ = {ਮਲਯ = ਅਨਲੋ} ਮਲਯ ਪਹਾੜ ਵਲੋਂ ਆਉਣਵਾਲੀ ਹਵਾ (ਅਨਲ—ਹਵਾ) ।
    ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ ।
    ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ ।
ਸਗਲ = ਸਾਰੀ ।
ਬਨਰਇ = ਬਨਸਪਤੀ ।
ਫੂਲੰਤ = ਫੁੱਲ ਦੇ ਰਹੀ ਹੈ ।
ਜੋਤੀ = ਜੋਤਿ = ਰੂਪ ਪ੍ਰਭੂ ।੧ ।
ਭਵ ਖੰਡਨ = ਹੇ ਜਨਮ ਮਰਨ ਕੱਟਣ ਵਾਲੇ !
ਅਨਹਤਾ = {ਅਨ = ਹਤ} ਜੋ ਬਿਨਾ ਵਜਾਏ ਵੱਜੇ, ਇੱਕ-ਰਸ ।
ਸ਼ਬਦ = ਆਵਾਜ਼, ਜੀਵਨ = ਰੌ ।
ਭੇਰੀ = ਡੱਫ, ਨਗਾਰਾ ।੧।ਰਹਾਉ ।
ਸਹਸ = ਹਜ਼ਾਰਾਂ ।
ਤਵ = ਤੇਰੇ ।
ਨੈਨ = ਅੱਖਾਂ ।
ਨਨ = ਕੋਈ ਨਹੀਂ ।
ਹਹਿ = {‘ਹੈ’ ਤੋਂ ਬਹੁ = ਵਚਨ} ।
ਤੋਹਿ ਕਉ = ਤੇਰੇ, ਤੈਨੂੰ, ਤੇਰੇ ਵਾਸਤੇ ।
ਮੂਰਤਿ = ਸ਼ਕਲ ।
ਨਾ = ਕੋਈ ਨਹੀਂ ।
ਤੋੁਹੀ = ਤੇਰੀ {ਅੱਖਰ ‘ਤ’ ਦੇ ਨਾਲ ਦੋ ਲਗਾਂ ਹਨ— ੋ ਅਤੇ ੁ ।
    ਅਸਲ ਲਫ਼ਜ਼ ‘ਤੁਹੀ’ ਹੈ, ਇਥੇ ‘ਤੋਹੀ’ ਪੜ੍ਹਨਾ ਹੈ} ।
ਪਦ = ਪੈਰ ।
ਬਿਮਲ = ਸਾਫ਼ ।
ਗੰਧ = ਨੱਕ ।
ਤਿਵ = ਇਸ ਤ੍ਰਹਾਂ ।
ਚਲਤ = ਕੌਤਕ, ਅਚਰਜ ਖੇਡ ।੨ ।
ਜੋਤਿ = ਚਾਨਣ, ਪ੍ਰਕਾਸ਼ ।
ਸੋਇ = ਉਹ ਪ੍ਰਭੂ ।
ਤਿਸ ਦੈ ਚਾਨਣਿ = ਉਸ ਪ੍ਰਭੂ ਦੇ ਚਾਨਣ ਨਾਲ ।
ਸਾਖੀ = ਸਿੱਖਿਆ ਨਾਲ ।੩ ।
ਮਕਰੰਦ = ਫੁੱਲਾਂ ਦੀ ਵਿਚਲੀ ਧੂੜ {ਫੋਲਲੲਨ-ਦੁਸਟ}, ਫੁੱਲਾਂ ਦਾ ਰਸ ।
ਮਨੋ = ਮਨ ।
ਅਨਦਿਨੋੁ = {ਅੱਖਰ ‘ਨ’ ਦੇ ਨਾਲ ਦੋ ਲਗਾਂ ਹਨ— ੋ ਅਤੇ ੁ ।
    ਅਸਲ ਲਫ਼ਜ਼ 'ਅਨਦਿਨੁ' ਹੈ, ਇਥੇ 'ਅਨਦਿਨੋ' ਪੜ੍ਹਨਾ ਹੈ} ਹਰ ਰੋਜ਼ ।
ਮੋਹਿ = ਮੈਨੂੰ ।
ਆਹੀ = ਹੈ, ਰਹਿੰਦੀ ਹੈ ।
ਸਾਰਿੰਗ = ਪਪੀਹਾ ।
ਕਉ = ਨੂੰ ।
ਜਾ ਤੇ = ਜਿਸ ਤੋਂ, ਜਿਸ ਨਾਲ ।
ਤੇਰੈ ਨਾਇ = ਤੇਰੇ ਨਾਮ ਵਿਚ ।੪ ।
    
Sahib Singh
ਸਾਰਾ ਆਕਾਸ਼ (ਮਾਨੋ) ਥਾਲ ਹੈ ।
ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ ।
ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ ।
ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ ।
ਹਵਾ ਚੌਰ ਕਰ ਰਹੀ ਹੈ ।
ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ ।੧ ।
ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! (ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! (ਸਭ ਜੀਵਾਂ ਵਿਚ ਰੁਮਕ ਰਹੀ) ਇੱਕੋ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਾਗਾਰੇ ਵੱਜ ਰਹੇ ਹਨ ।੧।ਰਹਾਉ ।
(ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ ।
ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ ।
ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ ।
ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ ।
ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ।੧ ।
ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ ।
ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ ।
ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ ।
(ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ) ।
(ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ।੩।ਹੇ ਹਰੀ! ਤੇਰੇ ਚਰਨ-ਰੂਪ ਕੌਲ-ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ ।
ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ ।੪।੩ ।

ਨੋਟ: ਆਰਤੀ—{ਆਰਿਤ, ਆਰਾ>ਿਕਾ} ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਯ ਅੱਗੇ ਦੀਵੇ ਘੁਮਾ ਕੇ ਪੂਜਾ ਕਰਨੀ ।
ਹਿੰਦੂ ਮਤ ਅਨੁਸਾਰ ਚਾਰ ਵਾਰੀ ਚਰਨਾਂ ਅੱਗੇ, ਦੋ ਵਾਰੀ ਨਾਭੀ ਉਤੇ, ਇੱਕ ਵਾਰੀ ਮੂੰਹ ਉਤੇ ਅਤੇ ਸੱਤ ਵਾਰੀ ਸਾਰੇ ਸਰੀਰ ਉਤੇ ਦੀਵੇ ਘੁਮਾਣੇ ਚਾਹੀਦੇ ਹਨ ।
ਦੀਵੇ ਇੱਕ ਤੋਂ ਲੈ ਕੇ ਇਕ ਸੌ ਤਕ ਹੁੰਦੇ ਹਨ ।
ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਦੀ ਨਿਖੇਧੀ ਕਰ ਕੇ ਕਰਤਾਰ ਦੀ ਕੁਦਰਤੀ ਆਰਤੀ ਦੀ ਵਡਿਆਈ ਕੀਤੀ ਹੈ ।
Follow us on Twitter Facebook Tumblr Reddit Instagram Youtube