ਜੈਤਸਰੀ ਮਹਲਾ ੫ ॥
ਲੋੜੀਦੜਾ ਸਾਜਨੁ ਮੇਰਾ ॥
ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥

ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ ॥
ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥

ਥਾਨਿ ਥਨੰਤਰਿ ਸਭਨੀ ਜਾਈ ਜੋ ਦੀਸੈ ਸੋ ਤੇਰਾ ॥
ਸੰਤਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਫੇਰਾ ॥੨॥੩॥੪॥

Sahib Singh
ਲੋੜੀਦੜਾ = ਜਿਸ ਨੂੰ ਹਰੇਕ ਜੀਵ ਲੋੜਦਾ ਹੈ ।
ਘਰਿ ਘਰਿ = ਹਰੇਕ ਘਰ ਵਿਚ, ਹਰੇਕ ਗਿਆਨ-ਇੰਦ੍ਰੇ ਦੀ ਰਾਹੀਂ ।
ਮੰਗਲ = ਸਿਫ਼ਤਿ = ਸਾਲਾਹ ਦੇ ਗੀਤ ।
ਨੀਕੇ = ਸੋਹਣੇ ।
ਘਟਿ ਘਟਿ = ਹਰੇਕ ਸਰੀਰ ਵਿਚ ।
ਤਿਸਹਿ = ਉਸ ਦਾ ਹੀ {ਲਫ਼ਜ਼ ‘ਜਿਸੁ’ ਦਾ ੁ ਕਿ੍ਰਆ ਵਿਸ਼ੇਸਣ ‘ਹੀ’ ਦੇ ਕਾਰਨ ਉੱਡ ਗਿਆ ਹੈ} ।
ਬਸੇਰਾ = ਨਿਵਾਸ ।੧।ਰਹਾਉ ।
ਸੂਖਿ = ਸੁਖ ਵਿਚ ।
ਅਰਾਧਨੁ = ਸਿਮਰਨ ।
ਦੂਖਿ = ਦੁਖ ਵਿਚ ।
ਕਾਹੂ ਬੇਰਾ = ਕਿਸੇ ਭੀ ਵੇਲੇ ।
ਜਪਤ = ਜਪਦਿਆਂ ।
ਕੋਟਿ = ਕ੍ਰੋੜਾਂ ।
ਸੂਰ = ਸੂਰਜ ।
ਉਜਾਰਾ = ਚਾਨਣ ।
ਭਰਮੁ = ਭਟਕਣਾ ।੧ ।
ਥਾਨਿ = ਥਾਂ ਵਿਚ ।
ਥਨੰਤਰਿ = ਥਾਨ ਅੰਤਰਿ, ਥਾਂ ਵਿਚ ।
ਥਾਨਿ ਥਨੰਤਰਿ = ਹਰੇਕ ਥਾਂ ਵਿਚ ।
ਜਾਈ = ਜਾਈਂ, ਥਾਵਾਂ ਵਿਚ ।
ਸੰਗਿ = ਸੰਗਤਿ ਵਿਚ ।
ਬਹੁਰਿ = ਫਿਰ, ਮੁੜ ।
ਫੇਰਾ = ਜਨਮ ਮਰਨ ਦਾ ਗੇੜ ।੨ ।
    
Sahib Singh
ਹੇ ਭਾਈ! ਮੇਰਾ ਸੱਜਣ ਪ੍ਰਭੂ ਐਸਾ ਹੈ ਜਿਸ ਨੂੰ ਹਰੇਕ ਜੀਵ ਮਿਲਣਾ ਚਾਹੁੰਦਾ ਹੈ ।
ਹੇ ਭਾਈ! ਹਰੇਕ ਗਿਆਨ-ਇੰਦ੍ਰੇ ਦੀ ਰਾਹੀਂ ਉਸ ਦੀ ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ ਗਾਇਆ ਕਰੋ ।
ਹਰੇਕ ਸਰੀਰ ਵਿਚ ਉਸ ਦਾ ਹੀ ਨਿਵਾਸ ਹੈ ।੧।ਰਹਾਉ ।
ਹੇ ਭਾਈ! ਸੁਖ ਵਿਚ (ਭੀ ਉਸ ਪਰਮਾਤਮਾ ਦਾ) ਸਿਮਰਨ ਕਰਨਾ ਚਾਹੀਦਾ ਹੈ, ਦੁਖ ਵਿਚ (ਉਸ ਦਾ ਹੀ) ਸਿਮਰਨ ਕਰਨਾ ਚਾਹੀਦਾ ਹੈ, ਉਹ ਪਰਮਾਤਮਾ ਕਿਸੇ ਭੀ ਵੇਲੇ ਸਾਨੂੰ ਨਾਹ ਭੁੱਲੇ ।
ਉਸ ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦੇ ਮਨ ਵਿਚ, ਮਾਨੋ) ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ (ਮਨ ਵਿਚੋਂ) ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ, (ਆਤਮਕ ਜੀਵਨ ਵਲੋਂ ਬੇ-ਸਮਝੀ ਦਾ) ਹਨੇਰਾ ਦੂਰ ਹੋ ਜਾਂਦਾ ਹੈ ।੧।ਹੇ ਨਾਨਕ! (ਆਖ—ਹੇ ਪ੍ਰਭੂ!) ਹਰੇਕ ਥਾਂ ਵਿਚ, ਸਭਨਾਂ ਥਾਵਾਂ ਵਿਚ (ਤੂੰ ਵੱਸ ਰਿਹਾ ਹੈਂ) ਜੋ ਕੁਝ ਦਿੱਸ ਰਿਹਾ ਹੈ, ਉਹ ਸਭ ਕੁਝ ਤੇਰਾ ਹੀ ਸਰੂਪ ਹੈ ।
ਸਾਧ ਸੰਗਤਿ ਵਿਚ ਰਹਿ ਕੇ ਜੇਹੜਾ ਮਨੁੱਖ ਤੈਨੂੰ ਲੱਭ ਲੈਂਦਾ ਹੈ ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ।੨।੩।੪ ।
Follow us on Twitter Facebook Tumblr Reddit Instagram Youtube