ਰਾਗੁ ਗੂਜਰੀ ਮਹਲਾ ੪ ॥
ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥
ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥
ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥

ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥

ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥
ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥

ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥
ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥੪॥

Sahib Singh
ਨੋਟ: = ਇਸ ਸ਼ਬਦ ਦੀ ਬਾਬਤ ਕਈ ਵਿਦਵਾਨਾਂ ਨੇ ਇਹ ਲਿਖਿਆ ਹੈ ਕਿ ਗੁਰੂ ਰਾਮਦਾਸ ਜੀ ਨੇ ਆਪਣੇ ਵਿਆਹ ਦੇ ਸਮੇਂ ਇਹ ਸ਼ਬਦ ਗੁਰੂ ਅਮਰਦਾਸ ਜੀ ਦੇ ਹਜ਼ੂਰ ਉਚਾਰਨ ਕੀਤਾ ਸੀ ।
    ਪਰ ਇਹ ਗੱਲ ਪਰਖ ਦੀ ਕਸਵੱਟੀ ਉਤੇ ਟਿਕ ਨਹੀਂ ਸਕਦੀ ।
    ਸੰਨ ੧੫੫੨ ਵਿਚ ਗੁਰੂ ਅਮਰਦਾਸ ਜੀ ਗੁਰਿਆਈ ਦੀ ਗੱਦੀ ਉੱਤੇ ਬੈਠੇ ।
    ਸੰਨ ੧੫੫੩ ਵਿਚ ਉਹਨਾਂ ਆਪਣੀ ਲੜਕੀ ਬੀਬੀ ਭਾਨੀ ਜੀ ਦੀ ਸ਼ਾਦੀ ਜੇਠਾ ਜੀ (ਗੁਰੂ ਰਾਮਦਾਸ ਜੀ) ਨਾਲ ਕੀਤੀ, ਤਦੋਂ ਉਹਨਾਂ ਦੀ ਉਮਰ ੧੯ ਸਾਲ ਸੀ ।
    ਗੁਰੂ ਅਮਰਦਾਸ ਜੀ ਸੰਨ ੧੫੭੪ ਵਿਚ ਜੋਤੀ ਜੋਤਿ ਸਮਾਏ ਅਤੇ ਗੁਰੂ ਰਾਮਦਾਸ ਜੀ ਗੁਰੂ ਬਣੇ, ਆਪਣੇ ਵਿਆਹ ਤੋਂ ੨੧ ਸਾਲ ਪਿੱਛੋਂ ਗੁਰੂ ਬਣੇ ।
    ਜਦ ਤਕ ਉਹ ਗੁਰੂ ਨਹੀਂ ਸਨ ਬਣੇ, ਤਦ ਤਕ ਉਹ ਲਫ਼ਜ਼ 'ਨਾਨਕ' ਵਰਤ ਕੇ ਕੋਈ ਬਾਣੀ ਉਚਾਰਨ ਦਾ ਹੱਕ ਨਹੀ ਸਨ ਰੱਖਦੇ ।
    ਸੋ, ਇਹ ਸ਼ਬਦ ਗੁਰੂ ਰਾਮਦਾਸ ਜੀ ਦੇ ਵਿਆਹ ਦੇ ਵੇਲੇ ਦਾ ਨਹੀਂ ਹੋ ਸਕਦਾ ।
    ਸੰਨ ੧੫੭੪ ਤੋਂ ਪਿੱਛੋਂ ਦਾ ਹੀ ਹੋ ਸਕਦਾ ਹੈ ਜਦੋਂ ਕਿ ਉਹ ਗੁਰੂ ਬਣ ਚੁਕੇ ਹੋਏ ਸਨ ।
ਹਰਿ ਕੇ ਜਨ = ਹੇ ਹਰੀ ਦੇ ਸੇਵਕ !
ਸਤਿਗੁਰੂ = ਹੇ ਸਤਿਗੁਰ !
ਸਤ ਪੁਰਖਾ = ਹੇ ਮਹਾ ਪੁਰਖ ਗੁਰੂ !
ਬਿਨਉ = {ਵਿਨਯ} ਬੇਨਤੀ ।
ਕਰਉ = ਕਰਉਂ, ਮੈਂ ਕਰਦਾ ਹਾਂ ।
ਗੁਰ ਪਾਸਿ = ਹੇ ਗੁਰੂ !
    ਤੇਰੇ ਪਾਸ ।
ਸਤਿਗੁਰ ਸਰਣਾਈ = ਹੇ ਗੁਰੂ !
    ਤੇਰੀ ਸਰਨ ।
ਕੀਰੇ ਕਿਰਮ = ਨਿਮਾਣੇ ਦੀਨ ਜੀਵ ।
ਪਰਗਾਸਿ = ਪਰਗਟ ਕਰ, ਚਾਨਣ ਕਰ ।੧ ।
ਮੋ ਕਉ = ਮੈਨੂੰ, ਮੇਰੇ ਅੰਦਰ ।
ਮੀਤ = ਹੇ ਮਿੱਤਰ !
ਗੁਰਮਤਿ = ਗੁਰੂ ਦੀ ਮਤਿ ਦੀ ਰਾਹੀਂ (ਮਿਲਿਆ ਹੋਇਆ) ।
ਪ੍ਰਾਨ ਸਖਾਈ = ਜਿੰਦ ਦਾ ਸਾਥੀ ।
ਕੀਰਤਿ = ਸੋਭਾ, ਸਿਫ਼ਤਿ = ਸਾਲਾਹ ।
ਰਹਰਾਸਿ = ਰਾਹ ਦੀ ਰਾਸਿ, ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚੀ ।੧।ਰਹਾਉ ।
ਤਿ੍ਰਪਤਾਸਹਿ = ਰੱਜ ਜਾਂਦੇ ਹਨ ।
ਮਿਲਿ = ਮਿਲ ਕੇ ।੨ ।
ਧਿ੍ਰਗੁ ਜੀਵੇ = ਲਾਹਨਤ ਹੈ ਉਹਨਾਂ ਦੇ ਜੀਵੇ ਨੂੰ ।੩ ।
ਧੁਰਿ = ਧੁਰ ਤੋਂ, ਪਰਮਾਤਮਾ ਵਲੋਂ ।
ਮਸਤਕਿ = ਮੱਥੇ ਉੱਤੇ ।
ਲਿਖਾਸਿ = ਲੇਖ {ਲਫ਼ਜ਼ ‘ਜੀਵਾਸਿ’ ਅਤੇ ‘ਲਿਖਾਸਿ’ ਲਫ਼ਜ਼ ‘ਜੀਵੇ’ ਅਤੇ ‘ਲੇਖ’ ਤੋਂ ਬਦਲੇ ਹੋਏ ਹਨ ਤੁਕਾਂਤ ਪੂਰਾ ਕਰਨ ਲਈ} ।
ਜਿਤੁ = ਜਿਸ ਵਿਚ, ਜਿਸ ਦੀ ਰਾਹੀਂ ।
ਮਿਲਿ ਜਨ = ਜਨਾਂ ਨੂੰ ਮਿਲ ਕੇ, ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ ।੪ ।
    
Sahib Singh
ਹੇ ਮਹਾਪੁਰਖ ਗੁਰੂ! ਹੇ ਪ੍ਰਭੂ ਦੇ ਭਗਤ ਸਤਿਗੁਰੂ! ਮੈਂ, ਹੇ ਗੁਰੂ! ਤੇਰੇ ਅੱਗੇ ਬੇਨਤੀ ਕਰਦਾ ਹਾਂ—ਕਿਰਪਾ ਕਰ ਕੇ (ਮੇਰੇ ਅੰਦਰ) ਪ੍ਰਭੂ ਦਾ ਨਾਮ-ਚਾਨਣ ਪੈਦਾ ਕਰ ।
ਹੇ ਸਤਿਗੁਰੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ ।੧ ।
ਹੇ ਮੇਰੇ ਮਿੱਤਰ ਗੁਰੂ! ਮੈਨੂੰ ਪ੍ਰਭੂ ਦਾ ਨਾਮ-ਚਾਨਣ ਬਖ਼ਸ਼ ।
ਗੁਰੂ ਦੀ ਦੱਸੀ ਮਤਿ ਦੀ ਰਾਹੀਂ ਮਿਲਿਆ ਹੋਇਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ (ਬਣਿਆ ਰਹੇ), ਪ੍ਰਭੂ ਦੀ ਸਿਫ਼ਤਿ-ਸਾਲਾਹ ਮੇਰੀ ਜ਼ਿੰਦਗੀ ਦੇ ਸਫ਼ਰ ਲਈ ਰਾਸਿ-ਪੂੰਜੀ ਬਣੀ ਰਹੇ ।੧।ਰਹਾਉ।ਪ੍ਰਭੂ ਦੇ ਉਹਨਾਂ ਸੇਵਕਾਂ ਦੇ ਬੜੇ ਉੱਚੇ ਭਾਗ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਸਰਧਾ ਹੈ, ਖਿੱਚ ਹੈ ।
ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਸਾਧ ਸੰਗਤਿ ਵਿਚ ਮਿਲ ਕੇ (ਉਹਨਾਂ ਦੇ ਅੰਦਰ ਭਲੇ) ਗੁਣ ਪੈਦਾ ਹੁੰਦੇ ਹਨ ।੨ ।
ਪਰ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਇਆ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਉਹ ਬਦ-ਕਿਸਮਤ ਹਨ, ਉਹ ਜਮਾਂ ਦੇ ਵੱਸ (ਪਏ ਹੋਏ ਸਮਝੋ ਉਹਨਾਂ ਦੇ ਸਿਰ ਉਤੇ ਆਤਮਕ ਮੌਤ ਸਦਾ ਸਵਾਰ ਰਹਿੰਦੀ ਹੈ) ।
ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਜੋ ਸਾਧ ਸੰਗਤਿ ਵਿਚ ਨਹੀਂ ਬੈਠਦੇ, ਲਾਹਨਤ ਹੈ ਉਹਨਾਂ ਦੇ ਜੀਊਣ ਨੂੰ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ ।੩ ।
ਜਿਨ੍ਹਾਂ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤਿ ਵਿਚ ਬੈਠਣਾ ਨਸੀਬ ਹੋਇਆ ਹੈ, (ਸਮਝੋ) ਉਹਨਾਂ ਦੇ ਮੱਥੇ ਉਤੇ ਧੁਰੋਂ ਹੀ ਚੰਗਾ ਲੇਖ ਲਿਖਿਆ ਹੋਇਆ ਹੈ ।
ਹੇ ਨਾਨਕ! ਧੰਨ ਹੈ ਸਤਸੰਗ! ਧੰਨ ਹੈ ਸਤਸੰਗ! ਜਿਸ ਵਿਚ (ਬੈਠਿਆਂ) ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ, ਜਿਥੇ ਗੁਰਮੁਖਾਂ ਨੂੰ ਮਿਲਿਆਂ (ਹਿਰਦੇ ਵਿਚ ਪਰਮਾਤਮਾ ਦਾ) ਨਾਮ ਆ ਵੱਸਦਾ ਹੈ ।੪।੪ ।
Follow us on Twitter Facebook Tumblr Reddit Instagram Youtube