ਆਸਾ ਮਹਲਾ ੧ ॥
ਸੁਣਿ ਵਡਾ ਆਖੈ ਸਭੁ ਕੋਇ ॥
ਕੇਵਡੁ ਵਡਾ ਡੀਠਾ ਹੋਇ ॥
ਕੀਮਤਿ ਪਾਇ ਨ ਕਹਿਆ ਜਾਇ ॥
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
ਸਭ ਕੀਮਤਿ ਮਿਲਿ ਕੀਮਤਿ ਪਾਈ ॥
ਗਿਆਨੀ ਧਿਆਨੀ ਗੁਰ ਗੁਰਹਾਈ ॥
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥

ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
ਸਿਧਾ ਪੁਰਖਾ ਕੀਆ ਵਡਿਆਈਆ ॥
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥

ਆਖਣ ਵਾਲਾ ਕਿਆ ਵੇਚਾਰਾ ॥
ਸਿਫਤੀ ਭਰੇ ਤੇਰੇ ਭੰਡਾਰਾ ॥
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
ਨਾਨਕ ਸਚੁ ਸਵਾਰਣਹਾਰਾ ॥੪॥੨॥

Sahib Singh
ਸੁਣਿ = ਸੁਣ ਕੇ ।
ਸਭੁ ਕੋਇ = ਹਰੇਕ ਜੀਵ ।
ਕੇਵਡੁ = ਕੇਡਾ ।
ਡੀਠਾ = ਵੇਖਿਆਂ ਹੀ ।
ਹੋਇ = (ਬਿਆਨ) ਹੋ ਸਕਦਾ ਹੈ, ਦੱਸਿਆ ਜਾ ਸਕਦਾ ਹੈ ।
ਕੀਮਤਿ = ਮੁੱਲ, ਬਰਾਬਰ ਦੀ ਸ਼ੈ ।
ਕੀਮਤਿ ਪਾਇ ਨ = ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਨਹੀਂ ਦੱਸੀ ਜਾ ਸਕਦੀ ।
ਰਹੇ ਸਮਾਇ = ਲੀਨ ਹੋ ਜਾਂਦੇ ਹਨ ।
ਗਹਿਰ = ਹੇ ਡੂੰਘੇ !
ਗੰਭੀਰਾ = ਹੇ ਵੱਡੇ ਜਿਗਰੇ ਵਾਲੇ !
ਗੁਣੀ ਗਹੀਰਾ = ਹੇ ਗੁਣਾਂ ਕਰਕੇ ਡੂੰਘੇ !
    ਹੇ ਬੇਅੰਤ ਗੁਣਾਂ ਦੇ ਮਾਲਕ !
ਚੀਰਾ = ਪਾਟ, ਚੌੜਾਈ, ਵਿਸਥਾਰ ।੧।ਰਹਾਉ ।
ਸਭਿ ਮਿਲਿ = ਸਾਰਿਆਂ ਨੇ ਮਿਲ ਕੇ, ਸਾਰਿਆਂ ਨੇ ਇਕ ਦੂਜੇ ਦੀ ਸਹੈਤਾ ਲੈ ਕੇ ।
ਸੁਰਤੀ = ਸੁਰਤਿ ।
ਸੁਰਤੀ ਸੁਰਤਿ ਕਮਾਈ = ਸੁਰਤਿ ਕਮਾਈ, ਸੁਰਤਿ ਕਮਾਈ, ਮੁੜ ਮੁੜ ਸਮਾਧੀ ਲਾਈ ।
ਸਭ...ਪਾਈ = ਸਭ ਮਿਲਿ ਕੀਮਤਿ ਪਾਈ, ਕੀਮਤਿ ਪਾਈ ।
ਗਿਆਨੀ = ਵਿਚਾਰਵਾਨ, ਉੱਚੀ ਸਮਝ ਵਾਲੇ ।
ਧਿਆਨੀ = ਸੁਰਤਿ ਜੋੜਨ ਵਾਲੇ ।
ਗੁਰ = ਵੱਡੇ ।
ਗੁਰ ਹਾਈ = ਗੁਰ ਭਾਈ, ਵਡਿਆਂ ਦੇ ਭਰਾ, ਅਜਿਹੇ ਹੋਰ ਕੋਈ ਵੱਡੇ ।
ਗੁਰ ਗੁਰਹਾਈ = ਕਈ ਵੱਡੇ ਵੱਡੇ ਪ੍ਰਸਿੱਧ {ਇਹ ਲਫ਼ਜ਼ ‘ਗੁਰ ਗੁਰਹਾਈ’ ਲਫ਼ਜ਼ ‘ਗਿਆਨੀ ਧਿਆਨੀ’ ਦਾ ਵਿਸ਼ੇਸ਼ਣ ਹਨ} ।
ਤਿਲੁ = ਰਤਾ ਜਿਤਨੀ ਭੀ ।੨ ।
ਸਭਿ ਸਤ = ਸਾਰੇ ਭਲੇ ਕੰਮ ।
ਤਪ = ਕਸ਼ਟ, ਅੌਖਿਆਈਆਂ ।
ਚੰਗਿਆਈਆ = ਚੰਗੇ ਗੁਣ ।
ਸਿਧ = ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ ।
ਸਿਧੀ = ਸਫਲਤਾ, ਕਾਮਯਾਬੀ ।
ਕਰਮਿ = (ਤੇਰੀ) ਮਿਹਰ ਨਾਲ, ਬਖ਼ਸ਼ਸ਼ ਦੀ ਰਾਹੀਂ ।
ਠਾਕਿ = ਵਰਜ ਕੇ, ਰੋਕ ਕੇ ।੩ ।
ਸਿਫਤੀ = ਸਿਫ਼ਤਾਂ ਨਲ, ਗੁਣਾਂ ਨਾਲ ।
ਚਾਰਾ = ਜ਼ੋਰ ਤਦਬੀਰ, ਜਤਨ ।੪ ।
    
Sahib Singh
ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਹੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ ।
ਪਰ ਤੂੰ ਕੇਡਾ ਵੱਡਾ ਹੈਂ (ਕਿਤਨਾ ਬੇਅੰਤ ਹੈਂ)—ਇਹ ਗੱਲ ਤੇਰਾ ਦਰਸਨ ਕੀਤਿਆਂ ਹੀ ਦੱਸੀ ਜਾ ਸਕਦੀ ਹੈ (ਤੇਰਾ ਦਰਸਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ ਕਿ ਤੂੰ ਬਹੁਤ ਬੇਅੰਤ ਹੈਂ) ।
ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ।
ਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ ।੧ ।
ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ, ਤੂੰ ਬੜੇ ਜਿਗਰੇ ਵਾਲਾ ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈਂ ।
ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ।੧।ਰਹਾਉ।(ਤੂੰ ਕੇਡਾ ਵੱਡਾ ਹੈਂ—ਇਹ ਗੱਲ ਲੱਭਣ ਵਾਸਤੇ) ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਜਤਨ ਕੀਤੇ , ਮੁੜ ਮੁੜ ਜਤਨ ਕੀਤੇ, ਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ-ਵੇੱਤਾ) ਵਿਚਾਰਵਾਨਾਂ ਨੇ ਆਪੋ ਵਿਚ ਇਕ ਦੂਜੇ ਦੀ ਸਹੈਤਾ ਲੈ ਕੇ, ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਭੀ ਹਿੱਸਾ ਨਹੀਂ ਦੱਸ ਸਕੇ ।੨ ।
(ਵਿਚਾਰਵਾਨ ਕੀਹ ਤੇ ਸਿਧ ਜੋਗੀ ਕੀਹ ?
ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਭੀ ਨਹੀਂ ਲਾ ਸਕਿਆ, ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ, ਸਾਰੇ ਤਪ ਤੇ ਸਾਰੇ ਗੁਣ, ਸਿੱਧਾਂ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ—ਇਹ ਕਾਮਯਾਬੀ ਕਿਸੇ ਨੂੰ ਭੀ ਤੇਰੀ ਸਹੈਤਾ ਤੋਂ ਬਿਨਾ ਹਾਸਲ ਨਹੀਂ ਹੋਈ ।
(ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ ।
ਤੇ, ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ।੩ ।
(ਹੇ ਪ੍ਰਭੂ!) ਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ ।
ਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ ?
ਜਿਸ ਨੂੰ ਤੂੰ ਸਿਫ਼ਤਿ-ਸਾਲਾਹ ਕਰਨ ਦੀ ਦਾਤਿ ਬਖ਼ਸ਼ਦਾ ਹੈਂ; ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, (ਕਿਉਂਕਿ) ਹੇ ਨਾਨਕ! (ਆਖ—ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸੰਵਾਰਨ ਵਾਲਾ (ਆਪ) ਹੈਂ ।੪।੨ ।
Follow us on Twitter Facebook Tumblr Reddit Instagram Youtube