ਜਤੁ ਪਾਹਾਰਾ ਧੀਰਜੁ ਸੁਨਿਆਰੁ ॥
ਅਹਰਣਿ ਮਤਿ ਵੇਦੁ ਹਥੀਆਰੁ ॥
ਭਉ ਖਲਾ ਅਗਨਿ ਤਪ ਤਾਉ ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
ਘੜੀਐ ਸਬਦੁ ਸਚੀ ਟਕਸਾਲ ॥
ਜਿਨ ਕਉ ਨਦਰਿ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਰਿ ਨਿਹਾਲ ॥੩੮॥

Sahib Singh
ਜਤੁ = ਆਪਣੇ ਸਰੀਰਕ ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕ ਰੱਖਣਾ ।
ਪਾਹਾਰਾ = ਸੁਨਿਆਰੇ ਦੀ ਦੁਕਾਨ ।
ਸੁਨਿਆਰੁ = ਸੁਨਿਆਰਾ ।
ਮਤਿ = ਅਕਲ ।
ਵੇਦ = ਗਿਆਨ ।
ਹਥੀਆਰੁ = ਹਥੌੜਾ।ਨੋਟ:- ਸ਼ਬਦ ‘ਵੇਦ’ ਹੇਠ-ਲਿਖੀਆਂ ਤੁਕਾਂ ਵਿਚ ਜਪੁਜੀ ਵਿਚ ਵਰਤਿਆ ਗਿਆ ਹੈ:-(੧) ਗੁਰਮੁਖਿ ਨਾਦੰ, ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ ।
    (ਪਉੜੀ ੫
    (੨) ਸੁਣਿਐ ਸਾਸਤ ਸਿੰਮਿ੍ਰਤਿ ਵੇਦ ।
    (ਪਉੜੀ ੯
    (੩) ਅਸੰਖ ਗਰੰਥ ਮੁਖਿ ਵੇਦ ਪਾਠ ।
    (ਪਉੜੀ ੧੭
    (੪) ਓੜਕ ਓੜਕ ਭਾਲਿ ਥਕੇ, ਵੇਦ ਕਹਨਿ ਇਕ ਵਾਤ ।
    (ਪਉੜੀ ੨੨
    (੫) ਆਖਹਿ ਵੇਦ ਪਾਠ ਪੁਰਾਣ ।
    (ਪਉੜੀ ੨੬
    (੬) ਗਾਵਨਿ ਪੰਡਿਤ ਪੜਨਿ ਰਖੀਸਰ, ਜੁਗੁ ਜੁਗੁ ਵੇਦਾ ਨਾਲੇ ।
    (ਪਉੜੀ ੨੭ ਪਉੜੀ ਨੰਬਰ ੫ ਵਾਲੀ ਤੁਕ ਤੋਂ ਬਿਨਾ ਬਾਕੀ ਸਭ ਪਉੜੀਆਂ ਵਿਚ ਸ਼ਬਦ ‘ਵੇਦ’ ਬਹੁ-ਵਚਨ ਵਿਚ ਹੈ ਅਤੇ ਹਿੰਦੂ ਮੱਤ ਦੇ ਧਰਮ ਪੁਸਤਕਾਂ ‘ਵੇਦਾਂ’ ਵੱਲ ਇਸ਼ਾਰਾ ਹੈ ।
    ਪਰ ਪਉੜੀ ਨੰਬਰ ੫ ਵਿਚ ‘ਵੇਦੰ’ ਇਕ-ਵਚਨ ਹੈ ਤੇ ਅਰਥ ਹੈ ‘ਗਿਆਨ’ ।
    ਇਸੇ ਤਰਾਂ ‘ਵੇਦ ਹਥੀਆਰ’ ਵਿਚ ‘ਵੇਦ’ ਇਕ-ਵਚਨ ਹੈ ਤੇ ਅਰਥ ਹੈ ‘ਗਿਆਨ’ ।
    ਪਰ ਇਹ ਜ਼ਰੂਰੀ ਨਹੀਂ ਹੈ ਕਿ ਜਿੱਥੇ ਜਿੱਥੇ ਲਫ਼ਜ਼ ‘ਵੇਦੁ’ ਇਕ-ਵਚਨ ਵਿਚ ਆਇਆ ਹੇ ਉੱਥੇ ਇਸ ਦਾ ਅਰਥ ‘ਗਿਆਨ’ ਹੀ ਹੈ ।
    ਕਈ ਸ਼ਬਦ ਐਸੇ ਹਨ, ਜਿੱਥੇ ‘ਵੇਦੁ’ ਇਕ-ਵਚਨ ਹੁੰਦਿਆਂ ਭੀ ਹਿੰਦੂ ਮਤ ਦਾ ਧਰਮ ਪੁਸਤਕ ਵੇਦ ਹੈ ।
    ਪਰ ਪ੍ਰਕਰਣ ਨੂੰ ਵਿਚਾਰਨਾ ਭੀ ਜ਼ਰੂਰੀ ਹੈ ।
    ਇਸ ਪਉੜੀ ਵਿਚ ‘ਜਤੁ’, ‘ਧੀਰਜ’, ‘ਮਤਿ’, ‘ਭਉ’, ‘ਤਪਤਾਉ’, ਅਤੇ ‘ਭਾਉ’ ਭਾਵ-ਵਾਚਕ ਸ਼ਬਦ ਆਏ ਹਨ, ਇਸ ਵਾਸਤੇ ਲਫ਼ਜ਼ ‘ਵੇਦੁ’ ਭੀ ਉਹਨਾਂ ਦੇ ਨਾਲ ਢੁਕਵਾਂ (‘ਗਿਆਨ’ ਅਰਥ) ਭਾਵ-ਵਾਚਕ ਹੀ ਹੋ ਸਕਦਾ ਹੈ ।
ਭਉ = ਅਕਾਲ ਪੁਰਖ ਦਾ ਡਰ ।
ਖਲਾ = ਖੱਲਾਂ; ਧੌਂਕਣੀ (ਜਿਸ ਨਾਲ ਸੁਨਿਆਰੇ ਫੂਕ ਮਾਰ ਕੇ ਅੱਗ ਭਖਾਂਦੇ ਹਨ) ।
ਤਪਤਾਉ = ਤਪਾਂ ਨਾਲ ਤਪਣਾ, ਘਾਲ ਘਾਲਣੀ, ਕਮਾਈ ਕਰਨੀ ।
ਭਾਂਡਾ = ਕੁਠਾਲੀ ।
ਭਾਉ = ਪ੍ਰੇਮ ।
ਅੰਮਿ੍ਰਤੁ = ਅਕਾਲ ਪੁਰਖ ਦਾ ਅਮਰ ਕਰਨ ਵਾਲਾ ਨਾਮ ।
ਤਿਤੁ = ਉਸ ਭਾਂਡੇ ਵਿਚ ।
ਘੜੀਐ = ਘੜੀਦਾ ਹੈ, ਘੜਿਆ ਜਾਂਦਾ ਹੈ ।
ਘੜੀਐ ਸਬਦੁ = ਸ਼ਬਦ ਘੜਿਆ ਜਾਂਦਾ ਹੈ ।
ਸੱਚੀ ਟਕਸਾਲ = ਇਸ ਉੱਪਰ-ਦੱਸੀ ਹੋਈ ਸੱਚੀ ਟਕਸਾਲ ਵਿਚ ।
ਜਿਨ ਕਉ = ਜਿਨ੍ਹਾਂ ਮਨੁੱਖਾਂ ਉੱਤੇ ।
ਨਦਰਿ = ਮਿਹਰ ਦੀ ਨਜ਼ਰ ।
ਕਰਮੁ = ਬਖ਼ਸ਼ਸ਼ ।
ਤਿਨ ਕਾਰ = ਉਹਨਾਂ ਮਨੁੱਖਾਂ ਦੀ ਹੀ ਇਹ ਕਾਰ ਹੈ, (ਭਾਵ, ਉਹ ਮਨੁੱਖ ਇਹ ਉੱਪਰ ਦੱਸੀ ਟਕਸਾਲ ਤਿਆਰ ਕਰਕੇ ਸ਼ਬਦ ਦੀ ਘਾੜਤ ਘੜਦੇ ਹਨ ) ।
ਨਿਹਾਲ = ਪਰਸੰਨ, ਖ਼ੁਸ਼, ਅਨੰਦ ।
ਨਦਰੀ = ਮਿਹਰ ਦੀ ਨਜ਼ਰ ਵਾਲਾ ਪ੍ਰਭੂ ।
    
Sahib Singh
(ਜੇ) ਅਕਾਲ ਪੁਰਖ ਦਾ ਡਰ ਧੌਂਕਣੀ (ਹੋਵੇ), ਘਾਲ-ਕਮਾਈ ਅੱਗ (ਹੋਵੇ), ਪ੍ਰੇਮ ਕੁਠਾਲੀ ਹੋਵੇ, ਤਾਂ (ਹੇ ਭਾਈ!) ਉਸ (ਕੁਠਾਲੀ) ਵਿਚ ਅਕਾਲ ਪੁਰਖ ਦਾ ਅੰਮਿ੍ਰਤ ਨਾਮ ਗਲਾਵੋ, (ਕਿਉਂਕਿ ਇਹੋ ਜਿਹੀ ਹੀ) ਸੱਚੀ ਟਕਸਾਲ ਵਿਚ (ਗੁਰੂ ਦਾ) ਸ਼ਬਦ ਘੜਿਆ ਜਾਂਦਾ ਹੈ ।
ਇਹ ਕਾਰ ਉਹਨਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ, ਜਿੰਨ੍ਹਾਂ ਉੱਤੇ ਬਖ਼ਸ਼ਸ਼ ਹੁੰਦੀ ਹੈ ।
ਹੇ ਨਾਨਕ! ਉਹ ਮਨੁੱਖ ਅਕਾਲ ਪੁਰਖ ਦੀ ਕਿ੍ਰਪਾ-ਦਿ੍ਰਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ ।੩੮ ।

ਭਾਵ:- ਪਰ ਇਹ ਉੱਚੀ ਆਤਮਕ ਅਵਸਥਾ ਤਦੋਂ ਹੀ ਬਣ ਸਕਦੀ ਹੈ ਜੇ ਆਚਰਨ ਪਵਿੱਤਰ ਹੋਵੇ, ਦੂਜਿਆਂ ਦੀ ਵਧੀਕੀ ਸਹਾਰਨ ਦਾ ਹੌਂਸਲਾ ਹੋਵੇ , ਉੱਚੀ ਤੇ ਵਿਸ਼ਾਲ ਸਮਝ ਹੋਵੇ, ਪ੍ਰਭੂ ਦਾ ਡਰ ਹਿਰਦੇ ਵਿਚ ਟਿਕਿਆਰਹੇ , ਸੇਵਾ ਦੀ ਘਾਲ ਘਾਲੀ ਜਾਏ ਖ਼ਾਲਕ ਤੇ ਖ਼ਲਕ ਦਾ ਪਿਆਰ ਦਿਲ ਵਿਚ ਹੋਵੇ ।
ਇਹ ਜਤ, ਧੀਰਜ, ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ ਇਕ ਸੱਚੀ ਟਕਸਾਲ ਹੈ ਜਿਸ ਵਿਚ ਗੁਰ ਸ਼ਬਦ ਦੀ ਮੋਹਰ ਘੜੀ ਜਾਂਦੀ ਹੈ (ਭਾਵ, ਜਿਸ ਉੱਚੀ ਆਤਮਕ ਅਵਸਥਾ ਵਿਚ ਕੋਈ ਸ਼ਬਦ ਸਤਿਗੁਰੂ ਨੇ ਉਚਾਰਿਆ ਹੈ, ਉੱਪਰ-ਦੱਸੇ ਜੀਵਨ ਵਾਲੇ ਸਿੱਖ ਨੂੰ ਭੀ ਉਹ ਸ਼ਬਦ ਉਸੇ ਆਤਮਕ ਅਵਸਥਾ ਵਿਚ ਲੈ ਅੱਪੜਦਾ ਹੈ) ।੩੮ ।

ਨੋਟ: ਬਾਣੀ ‘ਜਪੁ’ ਦੀਆਂ ਕੁਲ ੩੮ ਪਉੜੀਆਂ ਹਨ, ਜੋ ਇੱਥੇ ਸਮਾਪਤ ਹੋਈਆਂ ਹਨ ।
ਪਹਿਲੇ ਸਲੋਕ ਵਿਚ ਮੰਗਲਾਚਰਨ ਵਜੋਂ ਸਤਿਗੁਰੂ ਜੀ ਨੇ ਆਪਣੇ ਇਸ਼ਟ ਪ੍ਰਭੂ ਦਾ ਸਰੂਪ ਬਿਆਨ ਕੀਤਾ ਸੀ ।
ਅਗਲੇ ਅਖ਼ੀਰਲੇ ਸਲੋਕ ਵਿਚ ਸਾਰੀ ਬਾਣੀ ‘ਜਪੁ’ ਦਾ ਸਿਧਾਂਤ ਦੱਸਿਆ ਹੈ ।
Follow us on Twitter Facebook Tumblr Reddit Instagram Youtube