ਅਮੁਲ ਗੁਣ ਅਮੁਲ ਵਾਪਾਰ ॥
ਅਮੁਲ ਵਾਪਾਰੀਏ ਅਮੁਲ ਭੰਡਾਰ ॥
ਅਮੁਲ ਆਵਹਿ ਅਮੁਲ ਲੈ ਜਾਹਿ ॥
ਅਮੁਲ ਭਾਇ ਅਮੁਲਾ ਸਮਾਹਿ ॥
ਅਮੁਲੁ ਧਰਮੁ ਅਮੁਲੁ ਦੀਬਾਣੁ ॥
ਅਮੁਲੁ ਤੁਲੁ ਅਮੁਲੁ ਪਰਵਾਣੁ ॥
ਅਮੁਲੁ ਬਖਸੀਸ ਅਮੁਲੁ ਨੀਸਾਣੁ ॥
ਅਮੁਲੁ ਕਰਮੁ ਅਮੁਲੁ ਫੁਰਮਾਣੁ ॥
ਅਮੁਲੋ ਅਮੁਲੁ ਆਖਿਆ ਨ ਜਾਇ ॥
ਆਖਿ ਆਖਿ ਰਹੇ ਲਿਵ ਲਾਇ ॥
ਆਖਹਿ ਵੇਦ ਪਾਠ ਪੁਰਾਣ ॥
ਆਖਹਿ ਪੜੇ ਕਰਹਿ ਵਖਿਆਣ ॥
ਆਖਹਿ ਬਰਮੇ ਆਖਹਿ ਇੰਦ ॥
ਆਖਹਿ ਗੋਪੀ ਤੈ ਗੋਵਿੰਦ ॥
ਆਖਹਿ ਈਸਰ ਆਖਹਿ ਸਿਧ ॥
ਆਖਹਿ ਕੇਤੇ ਕੀਤੇ ਬੁਧ ॥
ਆਖਹਿ ਦਾਨਵ ਆਖਹਿ ਦੇਵ ॥
ਆਖਹਿ ਸੁਰਿ ਨਰ ਮੁਨਿ ਜਨ ਸੇਵ ॥
ਕੇਤੇ ਆਖਹਿ ਆਖਣਿ ਪਾਹਿ ॥
ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥
ਏਤੇ ਕੀਤੇ ਹੋਰਿ ਕਰੇਹਿ ॥
ਤਾ ਆਖਿ ਨ ਸਕਹਿ ਕੇਈ ਕੇਇ ॥
ਜੇਵਡੁ ਭਾਵੈ ਤੇਵਡੁ ਹੋਇ ॥
ਨਾਨਕ ਜਾਣੈ ਸਾਚਾ ਸੋਇ ॥
ਜੇ ਕੋ ਆਖੈ ਬੋਲੁਵਿਗਾੜੁ ॥
ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥

Sahib Singh
ਅਮੁਲ = ਅਮੋਲਕ, ਜਿਸ ਦਾ ਮੁੱਲ ਨਾਹ ਪੈ ਸਕੇ ।
ਗੁਣ = ਅਕਾਲ ਪੁਰਖ ਦੇ ਗੁਣ ।
ਵਾਪਾਰੀਏ = ਅਕਾਲ ਪੁਰਖ ਦੇ ਗੁਣਾਂ ਦਾ ਵਪਾਰ ਕਰਨ ਵਾਲੇ ।
ਭੰਡਾਰ = ਖ਼ਜ਼ਾਨੇ ।
ਆਵਹਿ = ਜੋ ਮਨੁੱਖ (ਇਸ ਵਪਾਰ ਲਈ) ਆਉਂਦੇ ਹਨ ।
ਲੈ ਜਾਹਿ = (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ ।
ਭਾਇ = ਭਾਉ ਵਿਚ, ਪ੍ਰੇਮ ਵਿਚ ।
ਸਮਾਹਿ = (ਅਕਾਲ ਪੁਰਖ ਵਿਚ) ਲੀਨ ਹਨ ।
ਧਰਮੁ = ਨੀਯਮ, ਕਾਨੂੰਨ ।
ਦੀਬਾਣੁ = ਕਚਹਿਰੀ, ਰਾਜ-ਦਰਬਾਰ ।
ਤੁਲੁ = ਤੋਲ, ਤੱਕੜ ।
ਪਰਵਾਣੁ = ਪ੍ਰਮਾਣ, ਤੋਲਣ ਵਾਲਾ ਵੱਟਾ ।
ਬਖਸੀਸ = ਰਹਿਮਤ, ਦਇਆ ।
ਨੀਸਾਣੁ = ਅਕਾਲ ਪੁਰਖ ਦੀ ਬਖਸ਼ਸ਼ ਦਾ ਨਿਸ਼ਾਨ ।
ਕਰਮੁ = ਬਖ਼ਸ਼ਸ਼, ਰਹਿਮਤ ।
ਫੁਰਮਾਣੁ = ਹੁਕਮ ।
ਅਮੁਲੁ = ਅੰਦਾਜ਼ਿਆਂ ਤੋਂ ਪਰੇ ।
ਅਮੁਲੋ ਅਮੁਲੁ = ਅਮੋਲਕ ਹੀ ਅਮੋਲਕ, ਅੰਦਾਜ਼ਿਆਂ ਤੋਂ ਪਰੇ ।
ਆਖਿ ਆਖਿ = ਅੰਦਾਜ਼ਾ ਲਾ ਲਾ ਕੇ ।
ਰਹੇ = ਰਹਿ ਗਏ ਹਨ, ਥੱਕ ਗਏ ਹਨ ।
ਲਿਵ ਲਾਇ = ਲਿਵ ਲਾ ਕੇ, ਧਿਆਨ ਜੋੜ ਕੇ ।
ਆਖਹਿ = ਆਖ ਰਹੇ ਹਨ, ਵਰਣਨ ਕਰਦੇ ਹਨ ।
ਵੇਦ ਪਾਠ = ਵੇਦਾਂ ਦੇ ਪਾਠ, ਵੇਦਾਂ ਦੇ ਮੰਤਰ ।
ਪੜੇ = ਪੜ੍ਹੇ ਹੋਏ ਮਨੁੱਖ, ਵਿਦਵਾਨ ।
ਕਰਹਿ ਵਖਿਆਣ = ਵਖਿਆਣ ਕਰਦੇ ਹਨ, ਉਪਦੇਸ਼ ਕਰਦੇ ਹਨ, ਹੋਰਨਾਂ ਨੂੰ ਸੁਣਾਉਂਦੇ ਹਨ ।
ਬਰਮੇ = ਕਈ ਬ੍ਰਹਮਾ ।
ਇੰਦ = ਇੰਦਰ ਦੇਵਤੇ ।
ਤੈ = ਅਤੇ, ਤੇ ।
ਗੋਵਿੰਦ = ਕਈ ਕਾਨ੍ਹ ।
ਈਸਰ = ਸ਼ਿਵ ।
ਕੇਤੇ = ਬੇਅੰਤ, ਕਈ ।
ਕੀਤੇ = ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ।
ਬੁਧ = ਮਹਾਤਮਾ ਬੁੱਧ ।
ਦਾਨਣ = ਰਾਖਸ਼, ਦੈਂਤ ।
ਦੇਵ = ਦੇਵਤੇ ।
ਸੁਰਿ ਨਰ = ਸੁਰਾਂ ਦੇ ਸੁਭਾਉ ਵਾਲੇ ਮਨੁੱਖ ।
ਮੁਨਿ ਜਨ = ਮੁਨੀ ਲੋਕ ।
ਸੇਵ = ਸੇਵਕ ।
ਕੇਤੇ = ਕਈ ਜੀਵ ।
ਆਖਣਿ ਪਾਹਿ = ਆਖਣ ਦਾ ਜਤਨ ਕਰਦੇ ਹਨ ।
ਕਹਿ ਕਹਿ = ਆਖ ਆਖ ਕੇ, ਅਕਾਲ ਪੁਰਖ ਦਾ ਮੁੱਲ ਪਾ ਪਾ ਕੇ, ਅਕਾਲ ਪੁਰਖ ਦਾ ਅੰਦਾਜ਼ਾ ਲਾ ਲਾ ਕੇ ।
ਉਠਿ ਉਠਿ ਜਾਹਿ = ਜਹਾਨ ਤੋਂ ਚਲੇ ਜਾ ਰਹੇ ਹਨ ।
ਏਤੇ ਕੀਤੇ = ਇਤਨੇ ਜੀਵ ਪੈਦਾ ਕੀਤੇ ਹੋਏ ਹਨ ।
ਹੋਰਿ = ਹੋਰ ਬੇਅੰਤ ਜੀਵ ।
ਕਰੇਹਿ = ਜੇ ਤੂੰ ਪੈਦਾ ਕਰ ਦੇਵੇਂ (ਹੇ ਹਰੀ!) ।
ਤਾ = ਤਾਂ ਵੀ ।
ਨ ਕੇਈ ਕੇਇ = ਕੋਈ ਭੀ ਮਨੁੱਖ ਨਹੀਂ ।
ਆਖਿ ਸਕਹਿ = ਆਖ ਸਕਦੇ ਹਨ ।
ਜੇਵਡੁ = ਜੇਡਾ ਵੱਡਾ ।
ਭਾਵੈ = ਚਾਹੁੰਦਾ ਹੈ ।
ਤੇਵਡੁ = ਓਡਾ ਵੱਡਾ ।
ਸਾਚਾ ਸੋਇ = ਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ ।
ਬੋਲੁ ਵਿਗਾੜੁ = ਬੋਲੀ-ਬਾਜ਼, ਬੜਬੋਲਾ ।
ਲਿਖੀਐ = (ਉਹ ਬੜਬੋਲਾ) ਲਿਖਿਆ ਜ਼ਾਂਦਾ ਹੈ ।
ਸਿਰਿ ਗਾਵਾਰਾ ਗਾਵਾਰੁ = ਗਾਵਾਰਾਂ ਦੇ ਸਿਰ ਤੇ ਗਾਵਾਰ, ਮੂਰਖਾਂ ਸਿਰ ਮੂਰਖ, ਮਹਾਂ ਮੂਰਖ ।
    
Sahib Singh
(ਅਕਾਲ ਪੁਰਖ ਦੇ) ਗੁਣ ਅਮੋਲਕ ਹਨ (ਭਾਵ, ਗੁਣਾਂ ਦਾ ਮੁੱਲ ਨਹੀਂ ਪੈ ਸਕਦਾ), (ਇਹਨਾਂ ਗੁਣਾਂ ਦੇ) ਵਪਾਰ ਕਰਨੇ ਭੀ ਅਮੋਲਕ ਹਨ ।
ਉਹਨਾਂ ਮਨੁੱਖਾਂ ਦਾ (ਭੀ) ਮੁੱਲ ਨਹੀਂ ਪੈ ਸਕਦਾ, ਜੋ (ਅਕਾਲ ਪੁਰਖ ਦੇ ਗੁਣਾਂ ਦੇ) ਵਪਾਰ ਕਰਦੇ ਹਨ, (ਗੁਣਾਂ ਦੇ) ਖ਼ਜ਼ਾਨੇ (ਭੀ) ਅਮੋਲਕ ਹਨ ।
ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ, ਜੋ (ਇਸ ਵਪਾਰ ਲਈ ਜਗਤ ਵਿਚ) ਆਉਂਦੇ ਹਨ ।
ਉਹ ਭੀ ਵੱਡੇ ਭਾਗਾਂ ਵਾਲੇ ਹਨ, ਜੋ (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ ।
ਜੋ ਮਨੁੱਖ ਅਕਾਲ ਪੁਰਖ ਦੇ ਪ੍ਰੇਮ ਵਿਚ ਹਨ ਅਤੇ ਜੋ ਮਨੁੱਖ ਉਸ ਅਕਾਲ ਪੁਰਖ ਵਿਚ ਲੀਨ ਹੋਏ ਹੋਏ ਹਨ, ਉਹ ਭੀ ਅਮੋਲਕ ਹਨ ।
ਅਕਾਲ ਪੁਰਖ ਦੇ ਕਨੂੰਨ ਤੇ ਰਾਜ-ਦਰਬਾਰ ਅਮੋਲਕ ਹਨ ।
ਉਹ ਤੱਕੜ ਅਮੋਲਕ ਹਨ ਤੇ ਉਹ ਵੱਟਾ ਅਮੋਲਕ ਹੈ (ਜਿਸ ਨਾਲ ਜੀਵਾਂ ਦੇ ਚੰਗੇ-ਮੰਦੇ ਕੰਮਾਂ ਨੂੰ ਤੋਲਦਾ ਹੈ) ।
ਉਸ ਦੀ ਬਖ਼ਸ਼ਸ਼ ਤੇ ਬਖ਼ਸ਼ਸ਼ ਦੇ ਨਿਸ਼ਾਨਭੀ ਅਮੋਲਕ ਹਨ ।
ਅਕਾਲ ਪੁਰਖ ਦੀ ਬਖਸ਼ਸ਼ ਤੇ ਹੁਕਮ ਭੀ ਮੁੱਲ ਤੋਂ ਪਰੇ ਹਨ (ਕਿਸੇ ਦਾ ਭੀ ਅੰਦਾਜ਼ਾ ਨਹੀਂ ਲੱਗ ਸਕਦਾ) ।
ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ, ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ।
ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ, ਉਹ (ਅੰਤ ਨੂੰ) ਰਹਿ ਜਾਂਦੇ ਹਨ ।
ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ ।
ਵਿਦਵਾਨ ਮਨੁੱਖ ਭੀ, ਜੋ (ਹੋਰਨਾਂ ਨੂੰ) ਉਪਦੇਸ਼ ਕਰਦੇ ਹਨ, (ਅਕਾਲ ਪੁਰਖ ਦਾ) ਬਿਆਨ ਕਰਦੇ ਹਨ ।
ਕਈ ਬ੍ਰਹਮਾ, ਕਈ ਇੰਦਰ, ਗੋਪੀਆਂ ਤੇ ਕਈ ਕਾਨ੍ਹ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ ।
ਕਈ ਸ਼ਿਵ ਤੇ ਸਿੱਧ, ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ, ਰਾਖਸ਼ ਤੇ ਦੇਵਤੇ, ਦੇਵਤਾ-ਸੁਭਾਉ ਮਨੁੱਖ, ਮੁਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ ।
ਬੇਅੰਤ ਜੀਵ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ, ਅਤੇ ਬੇਅੰਤ ਹੀ ਲਾਉਣ ਦਾ ਜਤਨ ਕਰ ਰਹੇ ਹਨ, ਬੇਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ ।
ਜਗਤ ਵਿਚ ਇਤਨੇ (ਬੇਅੰਤ) ਜੀਵ ਪੈਦਾ ਕੀਤੇ ਹੋਏ ਹਨ (ਜੋ ਬਿਆਨ ਕਰ ਰਹੇ ਹਨ), (ਪਰ ਹੇ ਹਰੀ!) ਜੇ ਤੂੰ ਹੋਰ ਭੀ (ਬੇਅੰਤ ਜੀਵ) ਪੈਦਾ ਕਰ ਦੇਵੇਂ ਤਾਂ ਭੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦੇ ।
ਹੇ ਨਾਨਕ! ਪਰਮਾਤਮਾ ਜਿਤਨਾ ਚਾਹੁੰਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ (ਆਪਣੀ ਕੁਦਰਤ ਵਧਾ ਲੈਂਦਾ ਹੈ) ।
ਉਹ ਸਦਾ-ਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ (ਕਿ ਉਹ ਕੇਡਾ ਵੱਡਾ ਹੈ) ।
ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ (ਕਿ ਅਕਾਲ ਪੁਰਖ ਕਿਤਨਾ ਵੱਡਾ ਹੈ) ਤਾਂ ਉਹ ਮਨੁੱਖ ਮੂਰਖਾਂ-ਸਿਰ-ਮੂਰਖ ਗਿਣਿਆ ਜਾਂਦਾ ਹੈ।੨੬ ।

ਭਾਵ:- ਜਗਤ ਵਿਚ ਬੇਅੰਤ ਵਿਦਵਾਨ ਹੋ ਚੁੱਕੇ ਹਨ ਤੇ ਪੈਦਾ ਹੁੰਦੇ ਰਹਿਣਗੇ ।
ਪਰ, ਨਾ ਅਜੇ ਤੱਕ ਕੋਈ ਮਨੁੱਖ ਲੇਖਾ ਕਰ ਸਕਿਆ ਹੈ ਤੇ ਨਾ ਹੀ ਅਗਾਂਹ ਨੂੰ ਕੋਈ ਕਰ ਸਕੇਗਾ ਕਿ ਪ੍ਰਭੂ ਵਿਚ ਕਿਤਨੀਆਂ ਵਡਿਆਈਆਂ ਹਨ, ਤੇ ਉਹ ਕਿਤਨੀਆਂ ਬਖ਼ਸ਼ਸ਼ਾਂ ਜੀਵਾਂ ਉੱਤੇ ਕਰ ਰਿਹਾ ਹੈ ।
ਬੇਅੰਤ ਹਨ ਉਸਦੇ ਗੁਣ ਤੇ ਬੇਅੰਤ ਹਨ ਉਸ ਦੀਆਂ ਦਾਤਾਂ ।
ਇਸ ਭੇਤ ਨੂੰ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜਾਣਦਾ ।
ਇਹ ਕੰਮ ਮਨੁੱਖ ਦੀ ਤਾਕਤ ਤੋਂ ਬਹੁਤ ਪਰੇ ਦਾ ਹੈ ।
ਉਸ ਮਨੁੱਖ ਨੂੰ ਹੋਛਾ ਜਾਣੋ, ਜੋ ਪ੍ਰਭੂ ਦੇ ਗੁਣਾਂ ਤੇ ਦਾਤਾਂ ਦਾ ਹੱਦ-ਬੰਨਾ ਲੱਭ ਸਕਣ ਦਾ ਦਾਹਵਾ ਕਰਦਾ ਹੈ।੨੬ ।
Follow us on Twitter Facebook Tumblr Reddit Instagram Youtube