ਬਹੁਤਾ ਕਰਮੁ ਲਿਖਿਆ ਨਾ ਜਾਇ ॥
ਵਡਾ ਦਾਤਾ ਤਿਲੁ ਨ ਤਮਾਇ ॥
ਕੇਤੇ ਮੰਗਹਿ ਜੋਧ ਅਪਾਰ ॥
ਕੇਤਿਆ ਗਣਤ ਨਹੀ ਵੀਚਾਰੁ ॥
ਕੇਤੇ ਖਪਿ ਤੁਟਹਿ ਵੇਕਾਰ ॥
ਕੇਤੇ ਲੈ ਲੈ ਮੁਕਰੁ ਪਾਹਿ ॥
ਕੇਤੇ ਮੂਰਖ ਖਾਹੀ ਖਾਹਿ ॥
ਕੇਤਿਆ ਦੂਖ ਭੂਖ ਸਦ ਮਾਰ ॥
ਏਹਿ ਭਿ ਦਾਤਿ ਤੇਰੀ ਦਾਤਾਰ ॥
ਬੰਦਿ ਖਲਾਸੀ ਭਾਣੈ ਹੋਇ ॥
ਹੋਰੁ ਆਖਿ ਨ ਸਕੈ ਕੋਇ ॥
ਜੇ ਕੋ ਖਾਇਕੁ ਆਖਣਿ ਪਾਇ ॥
ਓਹੁ ਜਾਣੈ ਜੇਤੀਆ ਮੁਹਿ ਖਾਇ ॥
ਆਪੇ ਜਾਣੈ ਆਪੇ ਦੇਇ ॥
ਆਖਹਿ ਸਿ ਭਿ ਕੇਈ ਕੇਇ ॥
ਜਿਸ ਨੋ ਬਖਸੇ ਸਿਫਤਿ ਸਾਲਾਹ ॥
ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥

Sahib Singh
ਕਰਮੁ = ਬਖ਼ਸ਼ਸ਼ ।
ਤਿਲੁ = ਤਿਲ ਜਿਤਨੀ ਭੀ ।
ਤਮਾਇ = ਲਾਲਚ, ਤ੍ਰਿਸ਼ਨਾ ।
ਦਾਤਾ = ਦਾਤਾਂ ਦੇਣ ਵਾਲਾ ।
ਕੇਤੇ = ਕਈ ।
ਜੋਧ ਅਪਾਰ = ਅਪਾਰ ਜੋਧੇ, ਅਨਗਿਣਤ ਸੂਰਮੇ ।
ਮੰਗਹਿ = ਮੰਗਦੇ ਹਨ ।
ਗਣਤ = ਗਿਣਤੀ ।
ਕੇਤਿਆ = ਕਈਆਂ ਦੀ ।
ਵੇਕਾਰ = ਵਿਕਾਰਾਂ ਵਿਚ ।
ਖਪਿ ਤੁਟਹਿ = ਖਪ ਖਪ ਕੇ ਨਾਸ ਹੁੰਦੇ ਹਨ ।
ਕੇਤੇ = ਬੇਅੰਤ ਜੀਵ ।
ਮੁਕਰੁ ਪਾਹਿ = ਮੁਕਰ ਪੈਂਦੇ ਹਨ ।
ਖਾਹਿ ਖਾਹਿ = ਖਾਂਦੇ ਹਨ, ਖਾਹੀ ਜਾਂਦੇ ਹਨ।ਨੋਟ:- ‘ਤੂੰ ਦੇਖਹਿ ਹਉ ਮੁਕਰਿ ਪਾਉ ।
    ‘ਸਭੁ ਕਿਛੁ ਸੁਣਦਾ ਵੇਖਦਾ, ਕਿਉ ਮੁਕਰਿ ਪਇਆ ਜਾਇ।’ ਇਹਨਾਂ ਦੋਹਾਂ ਤੁਕਾਂ ਵਿਚ ਲਫ਼ਜ਼ ‘ਮੁਕਰਿ’ ਹੈ, ਪਰ ਉਪਰਲੀ ਤੁਕ ਵਿਚ ‘ਮੁਕਰੁ’ ਹੈ ।
    ਦੋਹਾਂ ਦਾ ਅਰਥ ਇਕੋ ਹੀ ਹੈ ।
    ‘ਮੁਕਰਿ’ ਵਿਆਕਰਨ ਅਨੁਸਾਰ ਠੀਕ ਢੁਕਦਾ ਹੈ ।
    ਇਸ ਲਫ਼ਜ਼ ਸੰਬੰਧੀ ਅਜੇ ਹੋਰ ਵਧੀਕ ਖੋਜ ਦੀ ਲੋੜ ਹੈ ।
ਕੇਤਿਆ = ਕਈ ਜੀਵਾਂ ਨੂੰ ।
ਦੂਖ = ਕਈ ਦੁੱਖ ਕਲੇਸ਼ ।
ਭੂਖ = ਭੂੱਖ(ਭਾਵ, ਖਾਣ ਨੂੰ ਭੀ ਨਹੀਂ ਮਿਲਦਾ) ।
ਸਦ = ਸਦਾ ।
ਦਾਤਿ = ਬਖ਼ਸ਼ਸ਼ ।
ਦਾਤਾਰ = ਹੇ ਦੇਣਹਾਰ ਅਕਾਲ ਪੁਰਖ !
ਬੰਦਿ = ਬੰਦੀ ਤੋਂ, ਮਾਇਆ ਦੇ ਮੋਹ ਤੋਂ ।
ਖਲਾਸੀ = ਮੁਕਤੀ, ਛੁਟਕਾਰਾ ।
ਭਾਣੈ = ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ ।
ਹੋਇ = ਹੁੰਦਾ ਹੈ ।
ਹੋਰੁ = ਭਾਣੇ ਦੇ ਉਲਟ ਕੋਈ ਹੋਰ ਤਰੀਕਾ ।
ਕੋਇ = ਕੋਈ ਮਨੁੱਖ ।
ਖਾਇਕੁ = ਕੱਚਾ ਮਨੁੱਖ, ਮੂਰਖ ।
ਆਖਣਿ ਪਾਇ = ਆਖਣ ਦਾ ਜਤਨ ਕਰੇ, (ਭਾਵ, ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ ।
ਓਹੁ = ਉਹ ਮੂਰਖ ਹੀ ।
ਜੇਤੀਆ = ਜਿਤਨੀਆਂ (ਚੋਟਾਂ) ।
ਮੁਹਿ = ਮੂੰਹ ਉੱਤੇ ।
ਖਾਇ = ਖਾਂਦਾ ਹੈ ।
ਦੇਇ = ਦੇਂਦਾ ਹੈ ।
ਆਖਹਿ = ਆਖਦੇ ਹਨ ।
ਸਿ ਭਿ = ਇਹ ਗੱਲ ਭੀ ।
ਕੇਈ ਕੇਇ = ਕਈ ਮਨੁੱਖ ।
ਜਿਸ ਨੋ = ਜਿਸ ਮਨੁੱਖ ਨੂੰ ।
ਨਾਨਕ = ਹੇ ਨਾਨਕ !
ਪਾਤਿਸਾਹੀ ਪਾਤਿਸਾਹੁ = ਪਾਤਿਸ਼ਾਹਾਂ ਦੇ ਪਾਤਿਸ਼ਾਹ ।
    
Sahib Singh
ਅਕਾਲ ਪੁਰਖ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਭੀ ਲਾਲਚ ਨਹੀਂ ।
ਉਸ ਦੀ ਬਖ਼ਸ਼ਸ਼ ਏਡੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ ।
ਬੇਅੰਤ ਸੂਰਮੇ ਅਤੇ ਕਈ ਹੋਰ ਅਜਿਹੇ, ਜਿਨ੍ਹਾਂ ਦੀ ਗਿਣਤੀ ’ਤੇ ਵਿਚਾਰ ਨਹੀਂ ਹੋ ਸਕਦੀ, (ਅਕਾਲ ਪੁਰਖ ਦੇ ਦਰ ’ਤੇ) ਮੰਗ ਰਹੇ ਹਨ, ਕਈ ਜੀਵ (ਉਸ ਦੀਆਂ ਦਾਤਾਂ ਵਰਤ ਕੇ) ਵਿਕਾਰਾਂ ਵਿਚ (ਹੀ) ਖਪ ਖਪ ਕੇ ਨਾਸ ਹੁੰਦੇ ਹਨ ।
ਬੇਅੰਤ ਜੀਵ (ਅਕਾਲ ਪੁਰਖ ਦੇ ਦਰ ਤੋਂ ਪਦਾਰਥ) ਪਰਾਪਤ ਕਰ ਕੇ ਮੁਕਰ ਪੈਂਦੇ ਹਨ (ਭਾਵ, ਕਦੇ ਸ਼ੁਕਰ ਵਿਚ ਆ ਕੇ ਇਹ ਨਹੀ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ) ।
ਅਨੇਕਾਂ ਮੂਰਖ (ਪਦਾਰਥ ਲੈ ਕੇ) ਖਾਹੀ ਹੀ ਜਾਂਦੇ ਹਨ (ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ) ।
ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁਖ (ਹੀ ਭਾਗਾਂ ਵਿਚ ਲਿਖੇ ਹਨ) ।
(ਪਰ) ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖ਼ਸ਼ਸ਼ ਹੀ ਹੈ (ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ) ।
ਤੇ (ਮਾਇਆ ਦੇ ਮੋਹ ਰੂਪ) ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ ਹੀ ਹੁੰਦਾ ਹੈ ।
ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ) ।
(ਪਰ) ਜੇ ਕੋਈ ਮੂਰਖ (ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ ਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ (ਇਸ ਮੂਰਖਤਾ ਦੇ ਕਾਰਨ) ਆਪਣੇ ਮੂੰਹ ਉੱਤੇ ਖਾਂਦਾ ਹੈ (ਭਾਵ, ‘ਕੂੜ’ ਤੋਂ ਬਚਣ ਲਈ ਇਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿਚ ਤੁਰੇ ।
ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ ‘ਕੂੜ’ ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ) ।
(ਸਾਰੇ ਨ-ਸ਼ੁਕਰੇ ਹੀ ਨਹੀਂ ਹਨ) ਅਨੇਕਾਂ ਮਨੁੱਖ ਇਹ ਗੱਲ ਭੀ ਆਖਦੇ ਹਨ ਕਿ ਅਕਾਲ ਪੁਰਖ ਆਪ ਹੀ (ਜੀਵਾਂ ਦੀਆਂ ਲੋੜਾਂ) ਜਾਣਦਾ ਹੈ ਤੇ ਆਪ ਹੀ (ਦਾਤਾਂ) ਦੇਂਦਾ ਹੈ ।
ਹੇ ਨਾਨਕ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤਿ-ਸਾਲਾਹ ਬਖਸ਼ਦਾ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ (ਬਣ ਜਾਂਦਾ) ਹੈ (ਸਿਫ਼ਤਿ-ਸਾਲਾਹ ਹੀ ਸਭ ਤੋਂ ਉੱਚੀ ਦਾਤਿ ਹੈ)।੨੫ ।

ਭਾਵ:- ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ ਦੱਸਣੀ ਤਾਂ ਕਿਤੇ ਰਹੀ, ਉਸ ਦੀ ਬਖ਼ਸ਼ਸ਼ ਹੀ ਇਤਨੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ ।
ਜਗਤ ਵਿਚ ਜੋ ਵੱਡੇ ਵੱਡੇ ਦਿੱਸਦੇ ਹਨ, ਇਹ ਸਭ ਉਸ ਪ੍ਰਭੂ ਦੇ ਦਰ ’ਤੇ ਹੀ ਮੰਗਦੇ ਹਨ ।
ਉਹ ਤਾਂ ਸਗੋਂ ਇਤਨਾ ਵੱਡਾ ਹੈ ਕਿ ਜੀਵਾਂ ਦੇ ਮੰਗਣ ਤੋ ਬਿਨਾਂ ਇਹਨਾਂ ਦੀਆਂ ਲੋੜਾਂ ਜਾਣ ਕੇ ਆਪਣੇ ਆਪ ਹੀ ਦਾਤਾਂ ਦੇਈ ਜਾਂਦਾ ਹੈ ।
ਪਰ ਜੀਵ ਦੀ ਮੂਰਖਤਾ ਵੇਖੋ! ਦਾਤਾਂ ਵਰਤਦਾ ਵਰਤਦਾ ਦਾਤਾਰ ਨੂੰ ਵਿਸਾਰ ਕੇ ਵਿਕਾਰਾਂ ਵਿਚ ਪੈ ਜਾਂਦਾ ਹੈ ਤੇ ਕਈ ਦੁੱਖ-ਕਲੇਸ਼ ਸਹੇੜ ਲੈਂਦਾ ਹੈ ।
ਇਹ ਦੁੱਖ-ਕਲੇਸ਼ ਭੀ ਪ੍ਰਭੂ ਦੀ ਦਾਤ ਹੈ, ਕਿਉਂਕਿ ਇਹਨਾਂ ਦੁੱਖਾਂ-ਕਲੇਸ਼ਾਂ ਦੇ ਕਾਰਣ ਹੀ ਮਨੁੱਖ ਨੂੰ ਮੁੜ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ ਤੇ ਇਹ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ ।
ਇਹ ਸਿਫ਼ਤਿ-ਸਾਲਾਹ ਸਭ ਤੋਂ ਉੱਚੀ ਦਾਤ ਹੈ।੨੫ ।
Follow us on Twitter Facebook Tumblr Reddit Instagram Youtube