ਅੰਤੁ ਨ ਸਿਫਤੀ ਕਹਣਿ ਨ ਅੰਤੁ ॥
ਅੰਤੁ ਨ ਕਰਣੈ ਦੇਣਿ ਨ ਅੰਤੁ ॥
ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥
ਅੰਤੁ ਨ ਜਾਪੈ ਕਿਆ ਮਨਿ ਮੰਤੁ ॥
ਅੰਤੁ ਨ ਜਾਪੈ ਕੀਤਾ ਆਕਾਰੁ ॥
ਅੰਤੁ ਨ ਜਾਪੈ ਪਾਰਾਵਾਰੁ ॥
ਅੰਤ ਕਾਰਣਿ ਕੇਤੇ ਬਿਲਲਾਹਿ ॥
ਤਾ ਕੇ ਅੰਤ ਨ ਪਾਏ ਜਾਹਿ ॥
ਏਹੁ ਅੰਤੁ ਨ ਜਾਣੈ ਕੋਇ ॥
ਬਹੁਤਾ ਕਹੀਐ ਬਹੁਤਾ ਹੋਇ ॥
ਵਡਾ ਸਾਹਿਬੁ ਊਚਾ ਥਾਉ ॥
ਊਚੇ ਉਪਰਿ ਊਚਾ ਨਾਉ ॥
ਏਵਡੁ ਊਚਾ ਹੋਵੈ ਕੋਇ ॥
ਤਿਸੁ ਊਚੇ ਕਉ ਜਾਣੈ ਸੋਇ ॥
ਜੇਵਡੁ ਆਪਿ ਜਾਣੈ ਆਪਿ ਆਪਿ ॥
ਨਾਨਕ ਨਦਰੀ ਕਰਮੀ ਦਾਤਿ ॥੨੪॥

Sahib Singh
ਸਿਫਤੀ = ਸਿਫ਼ਤਾਂ ਦਾ ।
ਕਹਣਿ = ਕਹਿਣ ਨਾਲ, ਦੱਸਣ ਨਾਲ ।
ਕਰਣੈ = ਬਣਾਈ ਹੋਈ ਕੁਦਰਤ ਦਾ ।
ਦੇਣਿ = ਦੇਣ ਵਿਚ, ਦਾਤਾਂ ਦੇਣ ਨਾਲ ।
ਵੇਖਣਿ, ਸੁਣਣਿ = ਵੇਖਣ ਤੇ ਸੁਣਨ ਨਾਲ ।
ਨ ਜਾਪੈ = ਨਹੀਂ ਜਾਪਦਾ, ਨਹੀਂ ਦਿੱਸਦਾ ।
ਮਨਿ = (ਅਕਾਲ ਪੁਰਖ ਦੇ) ਮਨ ਵਿਚ ।
ਮੰਤੁ = ਸਲਾਹ ।
ਕੀਤਾ = ਬਣਾਇਆ ਹੋਇਆ ।
ਆਕਾਰੁ = ਇਹ ਜਗਤ ਜੋ ਦਿੱਸ ਰਿਹਾ ਹੈ ।
ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ ।
ਅੰਤ ਕਾਰਣਿ = ਹੱਦ-ਬੰਨਾ ਲੱਭਣ ਲਈ ।
ਕੇਤੇ = ਕਈ ਮਨੁੱਖ ।
ਬਿਲਲਾਹਿ = ਵਿਲਕਦੇ ਹਨ, ਤਰਲੇ ਲੈਂਦੇ ਹਨ ।
ਤਾ ਕੇ ਅੰਤ = ਉਸ ਅਕਾਲ ਪੁਰਖ ਦੇ ਹੱਦ-ਬੰਨੇ ।
ਨ ਪਾਏ ਜਾਹਿ = ਲੱਭੇ ਨਹੀਂ ਜਾ ਸਕਦੇ ।
ਏਹੁ ਅੰਤ = ਇਹ ਹੱਦ-ਬੰਨਾ (ਜਿਸ ਦੀ ਭਾਲ ਬੇਅੰਤ ਜੀਵ ਕਰਦੇ ਹਨ) ।
ਬਹੁਤਾ ਕਹੀਐ = ਜਿਉਂ ਜਿਉਂ ਅਕਾਲ ਪੁਰਖ ਨੂੰ ਵੱਡਾ ਆਖੀ ਜਾਵੀਏ, ਜਿਉਂ ਜਿਉਂ ਉਸ ਦੇ ਗੁਣ ਕਥਨ ਕਰੀ ਜਾਵੀਏ ।
ਬਹੁਤ ਹੋਇ = ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ ।
ਥਾਉ = ਅਕਾਲ ਪੁਰਖ ਦੇ ਨਿਵਾਸ ਦਾ ਟਿਕਾਣਾ ।
ਉਚੇ ਉਪਰਿ ਊਚਾ = ਉੱਚੇ ਤੋਂ ਉੱਚਾ, ਬਹੁਤ ਉੱਚਾ ।
ਨਾਉ = ਨਾਮਣਾ, ਵਡਿਆਈ ।
ਏਵਡੁ = ਇਤਨਾ ਵੱਡਾ ।
ਹੋਵੈ ਕੋਇ = ਜੇ ਕੋਈ ਮਨੁੱਖ ਹੋਵੇ ।
ਤਿਸੁ ਊਚੇ ਕਉ = ਉਸ ਉੱਚੇ ਅਕਾਲ ਪੁਰਖ ਨੂੰ ।
ਸੋਇ = ਉਹ ਮਨੁੱਖ ਹੀ ।
ਜੇਵਡੁ = ਜੇਡਾ ਵੱਡਾ ।
ਜਾਣੈ = ਜਾਣਦਾ ਹੈ ।
ਆਪਿ ਆਪਿ = ਕੇਵਲ ਆਪ ਹੀ (ਉਸ ਤੋਂ ਬਿਨਾਂ ਕੋਈ ਹੋਰ ਨਹੀਂ ਜਾਣਦਾ ) ।
ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਹਰੀ ।
ਕਰਮੀ = ਕਰਮ ਨਾਲ, ਬਖ਼ਸ਼ਸ਼ ਨਾਲ ।
ਦਾਤਿ = ਬਖ਼ਸ਼ਸ਼ ।
    
Sahib Singh
(ਅਕਾਲ ਪੁਰਖ ਦੇ) ਗੁਣਾਂ ਦਾ ਕੋਈ ਹੱਦ-ਬੰਨਾ ਨਹੀਂ ਹੈ, ਗਿਣਨ ਨਾਲ ਭੀ (ਗੁਣਾਂ ਦਾ) ਅੰਤ ਨਹੀਂ ਪੈ ਸਕਦਾ ।
(ਗਿਣੇ ਨਹੀਂ ਜਾ ਸਕਦੇ) ।
ਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ ।
ਵੇਖਣ ਤੇ ਸੁਣਨ ਨਾਲ ਭੀ ਉਸ ਦੇ ਗੁਣਾਂ ਦਾ ਪਾਰ ਨਹੀਂ ਪਾ ਸਕੀਦਾ ।
ਉਸ ਅਕਾਲ ਪੁਰਖ ਦੇ ਮਨ ਵਿਚ ਕਿਹੜੀ ਸਲਾਹ ਹੈ-ਇਸ ਗੱਲ ਦਾ ਭੀ ਅੰਤ ਨਹੀਂ ਪਾਇਆ ਜਾ ਸਕਦਾ ।
ਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਅਖ਼ੀਰ, ਇਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿੱਸਦਾ ।
ਕਈ ਮਨੁੱਖ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਸਨ, ਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ ।
(ਅਕਾਲ ਪੁਰਖ ਦੇ ਗੁਣਾਂ ਦਾ) ਇਹ ਹੱਦ-ਬੰਨਾ (ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ) ਕੋਈ ਮਨੁੱਖ ਨਹੀਂ ਪਾ ਸਕਦਾ ।
ਜਿਉਂ ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ ।
ਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ ।
ਉਸ ਦਾ ਨਾਮਣਾ ਭੀ ਉੱਚਾ ਹੈ ।
ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ, ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ) ।
ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕੇਡਾ ਵੱਡਾ ਹੈ ।
ਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ।੨੪ ।

ਭਾਵ:- ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਉਸ ਦੀ ਪੈਦਾ ਕੀਤੀ ਰਚਨਾ ਭੀ ਬੇਅੰਤ ਹੈ ।
ਜਿਉਂ ਜਿਉਂ ਉਸ ਦੇ ਗੁਣਾਂ ਵਲ ਧਿਆਨ ਮਾਰੀਏ, ਉਹ ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ ।
ਜਗਤ ਵਿਚ ਨਾਹ ਕੋਈ ਉਸ ਪ੍ਰਭੂ ਜੇਡਾ ਵੱਡਾ ਹੈ ਹੀ, ਤੇ ਇਸ ਵਾਸਤੇ ਨਾਹ ਕੋਈ ਇਹ ਦੱਸ ਸਕਦਾ ਹੈ ਕਿ ਪ੍ਰਭੂ ਕਿਤਨਾ ਵੱਡਾ ਹੈ।੨੪ ।
Follow us on Twitter Facebook Tumblr Reddit Instagram Youtube