ਸਲੋਕੁ ਮਃ ੩ ॥
ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ ॥
ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ ॥
ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ ॥
ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ ॥
ਸਤਿਗੁਰਿ ਸੇਵਿਐ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥
ਅੰਦਰਹੁ ਤ੍ਰਿਸਨਾ ਭੁਖ ਗਈ ਸਚੈ ਨਾਇ ਪਿਆਰਿ ॥
ਨਾਨਕ ਨਾਮਿ ਰਤੇ ਸਹਜੇ ਰਜੇ ਜਿਨਾ ਹਰਿ ਰਖਿਆ ਉਰਿ ਧਾਰਿ ॥੧॥

Sahib Singh
    
Sahib Singh
ਪੰਡਿਤ ਦੀ (ਭੀ) ਮੈਲ ਦੂਰ ਨਹੀਂ ਹੁੰਦੀ, ਭਾਵੇਂ ਚਾਰੇ ਜੁਗ ਵੇਦ ਪੜ੍ਹਦਾ ਰਹੇ (ਕਿਉਂਕਿ) ਤਿੰਨਾਂ ਗੁਣਾਂ ਵਾਲੀ ਮਾਇਆ (ਇਸ ਮੈਲ ਦਾ) ਕਾਰਨ ਹੈ, (ਜਿਸ ਕਰਕੇ ਪੰਡਿਤ) ਹਉਮੈ ਵਿਚ ਨਾਮ ਵਿਸਾਰ ਦੇਂਦਾ ਹੈ; ਭੁੱਲੇ ਹੋਏ ਪੰਡਿਤ ਮਾਇਆ ਦੇ ਵਪਾਰ ਵਿਚ ਤੇ ਮਾਇਆ ਦੇ ਮੋਹ ਵਿਚ ਲੱਗੇ ਹੋਏ ਹਨ, ਉਹਨਾਂ ਦੇ ਅੰਦਰ ਤ੍ਰਿਸ਼ਨਾ ਹੈ ਭੁੱਖ ਹੈ, ਗਵਾਰ ਮੂਰਖ ਭੁੱਲੇ ਹੀ ਮਰ ਗਏ ਹਨ (ਭਾਵੇਂ ਧਰਮ ਪੁਸਤਕਾਂ ਪੜ੍ਹਦੇ ਹਨ) (ਭਾਵ, ਮਾਇਆ ਦੇ ਲਾਲਚ ਵਿਚ ਰਹਿ ਕੇ ਆਤਮਕ ਮੌਤ ਸਹੇੜ ਗਏ) ।
ਸਤਿਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਤੇ ਸੱਚੇ ਸ਼ਬਦ ਵਿਚ ਵਿਚਾਰ ਕੀਤਿਆਂ ਸੁਖ ਮਿਲਦਾ ਹੈ; ਸੱਚੇ ਨਾਮ ਵਿਚ ਪਿਆਰ ਕਰਨ ਨਾਲ ਅੰਦਰੋਂ ਤ੍ਰਿਸ਼ਨਾ ਤੇ ਭੁੱਖ ਦੂਰ ਹੋ ਜਾਂਦੀ ਹੈ ।
ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੰਗੇ ਹੋਏ ਹਨ ਤੇ ਜਿਨ੍ਹਾਂ ਨੇ ਹਰੀ ਨੂੰ ਹਿਰਦੇ ਵਿਚ ਪਰੋਇਆ ਹੋਇਆ ਹੈ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੰਤੋਖੀ ਹੋ ਗਏ ਹਨ ।੧ ।
Follow us on Twitter Facebook Tumblr Reddit Instagram Youtube