ਤੀਰਥੁ ਤਪੁ ਦਇਆ ਦਤੁ ਦਾਨੁ ॥
ਜੇ ਕੋ ਪਾਵੈ ਤਿਲ ਕਾ ਮਾਨੁ ॥
ਸੁਣਿਆ ਮੰਨਿਆ ਮਨਿ ਕੀਤਾ ਭਾਉ ॥
ਅੰਤਰਗਤਿ ਤੀਰਥਿ ਮਲਿ ਨਾਉ ॥
ਸਭਿ ਗੁਣ ਤੇਰੇ ਮੈ ਨਾਹੀ ਕੋਇ ॥
ਵਿਣੁ ਗੁਣ ਕੀਤੇ ਭਗਤਿ ਨ ਹੋਇ ॥
ਸੁਅਸਤਿ ਆਥਿ ਬਾਣੀ ਬਰਮਾਉ ॥
ਸਤਿ ਸੁਹਾਣੁ ਸਦਾ ਮਨਿ ਚਾਉ ॥
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥

Sahib Singh
ਜੇ ਕੋ ਪਾਵੈ = ਜੇ ਕੋਈ ਮਨੁੱਖ ਪ੍ਰਾਪਤ ਕਰੇ, ਜੇ ਕਿਸੇ ਮਨੁੱਖ ਨੂੰ ਮਿਲ ਭੀ ਜਾਏ, ਤਾਂ ।
ਤਿਲ ਕਾ = ਤਿਲ ਮਾਤਰ, ਰਤਾ-ਮਾਤਰ ।
ਮਾਨੁ = ਆਦਰ, ਵਡਿਆਈ ।
ਦਤੁ = ਦਿੱਤਾ ਹੋਇਆ ।
ਸੁਣਿਆ = (ਜਿਸ ਮਨੁੱਖ ਨੇ) ਅਕਾਲ ਪੁਰਖ ਦਾ ਨਾਮ ਸੁਣ ਲਿਆ ਹੈ। ।
ਮੰਨਿਆ = (ਜਿਸ ਦਾ ਮਨ ਉਸ ਨਾਮ ਨੂੰ ਸੁਣ ਕੇ) ਮੰਨ ਗਿਆ ਹੈ, ਪਤੀਜ ਗਿਆ ਹੈ ।
ਮਨਿ = ਮਨ ਵਿਚ ।
ਭਾਉ ਕੀਤਾ = (ਜਿਸ ਨੇ) ਪ੍ਰੇਮ ਕੀਤਾ ਹੈ ।
ਅੰਤਰਗਤਿ = ਅੰਦਰਲਾ ।
ਤੀਰਥਿ = ਤੀਰਥ ਉੱਤੇ ।
ਅੰਤਰਗਤਿ ਤੀਰਥਿ = ਅੰਦਰਲੇ ਤੀਰਥ ਉੱਤੇ ।
ਮਲਿ = ਮਲ ਮਲ ਕੇ, ਚੰਗੀ ਤ੍ਰਹਾਂ ।
ਨਾਉ = ਇਸ਼ਨਾਨ (ਕੀਤਾ ਹੈ) ।
ਸਭਿ = ਸਾਰੇ ।
ਮੈ ਨਾਹੀ ਕੋਇ = ਮੈਂ ਕੋਈ ਨਹੀਂ ਹਾਂ, ਮੇਰੀ ਕੋਈ ਪਾਂਇਆਂ ਨਹੀਂ ਹੈ ।
ਵਿਣੁ ਗੁਣੁਕੀਤੇ = ਗੁਣ ਪੈਦਾ ਕਰਨ ਤੋਂ ਬਿਨਾ, ਜੇ ਤੂੰ ਗੁਣ ਪੈਦਾ ਨਾਹ ਕਰੇਂ, ਜੇ ਤੂੰ ਆਪਣੇ ਗੁਣ ਮੇਰੇ ਵਿਚ ਉਤਪੰਨ ਨਾਹ ਕਰੇਂ ।
ਨ ਹੋਇ = ਨਹੀਂ ਹੋ ਸਕਦੀ ।
ਸੁਅਸਤਿ = ਜੈ ਹੋਵੇ ਤੇਰੀ, ਤੂੰ ਸਦਾ ਅਟੱਲ ਰਹੇਂ (ਭਾਵ, ਮੈਂ ਤੇਰਾ ਹੀ ਆਸਰਾ ਲੈਂਦਾ ਹਾਂ) ।
ਬਰਮਾਉ = ਬ੍ਰਹਮਾ ।
ਸਤਿ = ਸਦਾ-ਥਿਰ ।
ਸੁਹਾਣੁ = ਸੁਬਹਾਨ, ਸੋਹਣਾ ।
ਮਨਿ ਚਾਉ = ਮਨ ਵਿਚ ਖਿੜਾਉ ।
ਵੇਲਾ = ਸਮਾ ।
ਵਖਤੁ = ਸਮਾ, ਵਕਤ ।
ਵਾਰ = ਸ਼ਬਦ‘ਵਾਰ’ ਦੋ ਰੂਪਾਂ ਵਿਚ ਵਰਤਿਆ ਗਿਆ ਹੈ, ‘ਵਾਰ’ ਅਤੇ ‘ਵਾਰੁ’ ।
‘ਵਾਰ’ ਇਸ੍ਰਤੀ = ਲਿੰਗ ਹੈ, ਜਿਸ ਦਾ ਅਰਥ ਹੈ ‘ਵਾਰੀ’ ।
    ‘ਵਾਰੁ’ ਪੁਲਿੰਗ ਹੈ, ਇਸ ਦਾ ਅਰਥ ਹੈ ‘ਦਿਨ’ ।
    ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ:-
    (੧) ਸੋਚੈ ਸੋਚਿ ਨ ਹੋਵਈ, ਜੇ ਸੋਚੀ ਲਖ ਵਾਰ ।੧ ।
    (੨) ਵਾਰਿਆ ਨ ਜਾਵਾ ਏਕ ਵਾਰ ।੧੬ ।
    (੩) ਜੋ ਕਿਛੁ ਪਾਇਆ ਸੁ ਏਕਾ ਵਾਰ ।੩੧ ।
    (੪) ਕਵਣੁ ਸੁ ਵੇਲਾ, ਵਖਤੁ ਕਵਣੁ ਥਿਤਿ, ਕਵਣੁ ਵਾਰੁ ।੨੧ ।
    (੫) ਰਾਤੀ ਰੁਤੀ ਥਿਤੀ ਵਾਰ ।੩੪ ।
    ਪ੍ਰਮਾਣ ਨੰ: ੧, ੨ ਅਤੇ ੩ ਵਿਚ ‘ਵਾਰ’ ਇਸਤ੍ਰੀ-ਲਿੰਗ ਹੈ ।
    ਨੰ: ੪ ਵਿਚ ‘ਵਾਰੁ’ ਪੁੰਿਲੰਗ ਇਕ ਵਚਨ ਹੈ ਅਤੇ ਨੰ: ੫ ਵਿਚ ‘ਵਾਰ’ ਪੁੰਿਲਗ ਬਹੁ-ਵਚਨ ਹੈ ।
    ਜਦੋਂ ਇਹ ਲਫ਼ਜ਼ ( ਿ) ਨਾਲ ਆਉਂਦਾ ਹੈ, ਤਦੋਂ ‘ਕਿ੍ਰਆ’ ਹੁੰਦਾ ਹੈ ਜਿਵੇਂ:-
    (੧) ਵਾਰਿ ਵਾਰਉ ਅਨਿਕ ਡਾਰਿਉ, ਸੁਖ ਪਿ੍ਰਅ ਸੁਹਾਗ ਪਲਕ ਰਾਤਿ ।੧ ।
    ਰਹਾਉ।੩।੪੨ ।
    (ਕਾਨੜਾ ਮ: ੫ ਇੱਥੇ ‘ਵਾਰਿ’ ਦਾ ਅਰਥ ਹੈ ‘ਸਦਕੇ ਕਰਨਾ’ ।
ਥਿਤਿ ਵਾਰੁ = ਚੰਦ੍ਰਮਾ ਦੀ ਚਾਲ ਤੋਂ ਥਿਤਾਂ ਗਿਣੀਆਂ ਜਾਂਦੀਆਂ ਹਨ, ਜਿਵੇਂ-ਏਕਮ, ਦੂਜ, ਤੀਜ ਆਦਿਕ ਅਤੇ ਸੂਰਜ ਤੋਂ ਦਿਨ ਰਾਤ ਤੇ ਵਾਰ, ਸੋਮ, ਮੰਗਲ ਆਦਿਕ ।
ਕਵਣਿ ਸਿ ਰੁਤੀ = ਕਿਹੜੀਆਂ ਉਹ ਰੁਤਾਂ ਸਨ ।
ਮਾਹੁ = ਮਹੀਨਾ ।
ਕਵਣੁ = ਕਿਹੜਾ ।
ਜਿਤੁ = ਜਿਸ ਵਿਚ, ਜਿਸ ਵੇਲੇ ।
ਹੋਆ = ਹੋਂਦ ਵਿਚ ਆਇਆ, ਪੈਦਾ ਹੋਇਆ,ਬਣਿਆ ।
ਆਕਾਰੁ = ਇਹ ਦਿੱਸਣ ਵਾਲਾ ਸੰਸਾਰ ।
ਵੇਲ = ਸਮਾ, ਵੇਲਾ ।
ਪਾਇਆ = ਪਾਈ, ਲੱਭੀ ।
ਵੇਲ ਨ ਪਾਈਆ = ਸਮਾ ਨਾਹ ਲੱਭਾ ।
(ਨੋਟ: = ‘ਵੇਲਾ’ ਪੁਲਿੰਗ ਹੈ ਤੇ ‘ਵੇਲ’ ਇਸਤ੍ਰੀ-ਲਿੰਗ ਹੈ) ।
ਪੰਡਤੀ = ਪੰਡਤਾਂ ਨੇ ।
ਜਿ = ਨਹੀਂ ਤਾਂ ।
ਹੋਵੈ = ਹੁੰਦਾ, ਬਣਿਆ ਹੁੰਦਾ ।
ਲੇਖੁ = ਮਜ਼ਮੂਨ ।
ਲੇਖੁ ਪੁਰਾਣੁ = ਪੁਰਾਣ-ਰੂਪ ਲੇਖ, ਇਸ ਲੇਖ ਵਾਲਾ ਪੁਰਾਣ (ਭਾਵ, ਜਿਵੇਂ ਹੋਰ ਕਈ ਪੁਰਾਣ ਬਣੇ ਹਨ, ਇਸ ਮਜ਼ਮੂਨ ਦਾ ਭੀ ਇਕ ਪੁਰਾਣ ਬਣਿਆ ਹੁੰਦਾ) ।
ਵਖਤੁ = ਸਮਾ, ਜਦੋਂ ਜਗਤ ਬਣਿਆ ।
ਨ ਪਾਇਓ = ਨਾਹ ਲੱਭਾ ।
ਕਾਦੀਆ = ਕਾਜ਼ੀਆਂ ਨੇ ।
    ਅਰਬੀ ਦੇ ਅਖੱਰ ਜ਼ੁਆਦ, ਜ਼ੁਇ ਅਤੇ ਜ਼ੇ ਦਾ ਉੱਚਾਰਨ ਅੱਖਰ ‘ਦ’ ਨਾਲ ਹੁੰਦਾ ਹੈ ।
    ਲਫ਼ਜ਼ ‘ਕਾਗਜ਼’ ਦਾ ‘ਕਾਗਦ’, ‘ਨਜ਼ਰ’ ਦਾ ‘ਨਦਰਿ’ ‘ਹਜ਼ੂਰ’ ਦਾ ‘ਹਦੂਰਿ’ ਉਚਾਰਨ ਹੈ ।
    ਇਸ ਤ੍ਰਹਾਂ ‘ਕਾਜ਼ੀ’ ਦਾ ‘ਕਾਦੀ’ ਉਚਾਰਨ ਭੀ ਹੈ ।
ਜਿ = ਨਹੀ ਤਾਂ ।
ਲਿਖਨਿ = (ਕਾਜ਼ੀ) ਲਿਖ ਦੇਂਦੇ ।
ਲੇਖੁ ਕੁਰਾਣੁ = ਕੁਰਾਨ ਵਰਗਾ ਲੇਖ (ਭਾਵ, ਜਿਵੇਂ ਕਾਜ਼ੀਆਂ ਨੇ ਮੁਹੰਮਦ ਸਾਹਿਬ ਦੀਆਂ ਉਚਾਰੀਆਂ ਆਇਤਾਂ ਇਕੱਠੀਆਂ ਕਰ ਕੇ ਕੁਰਾਨ ਲਿਖ ਦਿੱਤਾ ਸੀ, ਤਿਵੇਂ ਉਹ ਜਗਤ ਦੇ ਬਣਨ ਦੇ ਸਮੇ ਦਾ ਮਜ਼ਮੂਨ ਭੀ ਲਿਖ ਦੇਂਦੇ)।ਨੋਟ:- ਇਸ ਪਉੜੀ ਵਿਚ ਵਰਤੇ ਲਫ਼ਜ਼ ‘ਵਖਤੁ’, ‘ਪਾਇਓ’ ਅਤੇ ‘ਕਾਦੀਆ’ ਦੇ ਅਰਥਾਂ ਨੂੰ ਮੋੜ-ਤੋੜ ਕੇ ਕਾਦੀਆਨੀ ਮੁਸਲਮਾਨਾਂ ਵਲੋਂ ਅੰਵਾਣ ਸਿੱਖਾਂ ਨੂੰ ਟਪਲੇ ਲਾਏ ਜਾ ਰਹੇ ਹਨ ਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਪੇਸ਼ੀਨ-ਗੋਈ ਕਰ ਕੇ ਸਿੱਖਾਂ ਨੂੰ ਹਿਦਾਇਤ ਕੀਤੀ ਹੋਈ ਹੈ ਕਿ ਨਗਰ ਕਾਦੀਆਂ ਵਿਚ ਪਰਗਟ ਹੋਣ ਵਾਲੇ ਪੈਗ਼ੰਬਰ ਨੂੰ ਤੁਸਾਂ ਵਖਤ (ਮੁਸੀਬਤ) ਨਾਹ ਪਾਣਾ ।
    ਅਸਾਂ ਇੱਥੇ ਕਿਸੇ ਬਹਿਸ ਵਿਚ ਨਹੀਂ ਪੈਣਾ ਤੇ ਕਿਸੇ ਨੂੰ ਟਪਲੇ ਭੀ ਨਹੀਂ ਲਾਣੇ ।
    ਲਫ਼ਜਾਂ ਦੀ ਬਨਾਵਟ ਤੇ ਅਰਥਾਂ ਵਲ ਹੀ ਧਿਆਨ ਦਿਵਾਣਾ ਹੈ ।
ਲਫ਼ਜ਼ ‘ਕਾਦੀਆਂ’ ਪਦ = ਅਰਥ ਵਿਚ ਸਮਝਾਇਆ ਜਾ ਚੁੱਕਾ ਹੈ ।
    ਲਫ਼ਜ਼ ‘ਵਖਤੁ’ ਅਰਬੀ ਦਾ ਲਫ਼ਜ਼ ‘ਵਕਤ’ ਹੈ ।
    ਹਿੰਦੂਆਂ ਦਾ ਜ਼ਿਕਰ ਕਰਦਿਆਂ ਹੇਂਦਕਾ ਲਫ਼ਜ਼ ‘ਵੇਲਾ’ ਵਰਤਿਆ ਹੈ ।
    ਮੁਸਲਮਾਨਾਂ ਦੇ ਜ਼ਿਕਰ ਵਿਚ ਮੁਸਲਮਾਣੀ ਲਫ਼ਜ਼ ‘ਵਕਤ’ ਦਾ ਪੰਜਾਬੀ ‘ਵਖਤੁ’ ਵਰਤਿਆ ਗਿਆ ਹੈ ।
    ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਕਿਤੇ ਭੀ ਰਿਹ ਲਫ਼ਜ ਆਇਆ ਹੈ, ਇਸ ਦਾ ਅਰਥ ਸਦਾ ‘ਸਮਾ’ ਹੀ ਹੈ ।
ਜਿਵੇਂ: = ‘ਜੇ ਵੇਲਾ ਵਖਤੁ ਵੀਚਾਰੀਐ, ਤਾਂ ਕਿਤੁ ਵੇਲੈ ਭਗਤਿ ਹੋਇ।’ ‘ਇਕਨਾ ਵਖਤ ਖੁਆਈਅਹਿ, ਇਕਨਾ ਪੂਜਾ ਜਾਇ।’ ਲਫ਼ਜ਼ ‘ਪਾਇਓ ਹੁਕਮੀ ਭਵਿਖਤ ਕਾਲ ਨਹੀਂ ਹੈ, ਜਿਵੇਂ ਕਿ ਕਾਦੀਆਨੀ ਆਖਦੇ ਹਨ ।
    ਇਹ ਲਫ਼ਜ਼ ਭੂਤ ਕਾਲ ਵਿਚ ਹੈ ।
ਇਸ ਕਿਸਮ ਦਾ ਭੂਤ = ਕਾਲ ਗੁਰਬਾਣੀ ਵਿਚ ਅਨੇਕਾਂ ਵਾਰੀ ਆਇਆ ਹੈ, ਜਿਵੇਂ:- ਆਪੀਨੈ ਆਪੁ ‘ਸਾਜਿਓ’, ‘ਆਪੀਨੈ, ‘ਰਚਿਓ’ ‘ਨਾਉਂ’ ।
    ਬਿਨੁ ਸਤਿਗੁਰ ਕਿਨੈ ਨ ‘ਪਾਇਓ’ ਬਿਨ ਸਤਿਗੁਰ ਕੀਨੈ ਨ ਪਾਇਆ।ਹੁਕਮੀ ਭਵਿਖਤ ਦਾ ਰੂਪ ਹੈ ‘ਸਦਿਅਹੁ’ ‘ਕਰਿਅਹੁ’ (ਰਾਮਕਲੀ ‘ਸਦੂ’) ।
    ਪਾਠਕ ਲਫ਼ਜ਼ਾ ਦੇ ਜੋੜਾਂ ਦਾ ਖ਼ਾਸ ਖਿ਼ਆਲ ਰੱਖਣ ।
‘ਪਾਇਓ’ ਭੂਤ = ਕਾਲ ਹੈ, ਇਸ ਤੋਂ ਹੁਕਮੀ ਭਵਿਕਤ ‘ਪਾਇਅਹੁ’ ਹੋ ਸਕਦਾ ਹੈ ।
ਜਾ ਕਰਤਾ = ਜਿਹੜਾ ਕਰਤਾਰ ।
ਸਿਰਠੀ ਕਉ = ਜਗਤ ਨੂੰ ।
ਸਾਜੇ = ਪੈਦਾ ਕਰਦਾ ਹੈ, ਬਣਾਉਂਦਾ ਹੈ ।
ਆਪੇ ਸੋਈ = ਉਹ ਆਪ ਹੀ ।
ਕਿਵ ਕਰਿ = ਕਿਉਂ ਕਰਿ, ਕਿਸ ਤ੍ਰਹਾਂ ।
ਆਖਾ = ਮੈਂ ਆਖਾਂ, ਮੈਂ ਬਿਆਨ ਕਰਾਂ, ਮੈ ਕਹਿ ਸਕਾਂ ।
ਸਾਲਾਹੀ = ਮੈਂ ਸਾਲਾਹਾਂ, ਮੈਂ ਅਕਾਲ ਪੁਰਖ ਦੀ ਵਡਿਆਈ ਕਰਾਂ ।
ਕਿਉ = ਕਿਉਂ ਕਰਿ, ਕਿਸ ਤ੍ਰਹਾਂ ।
ਵਰਨੀ = ਮੈਂ ਵਰਣਨ ਕਰਾਂ, ਸਭੁ ਕੋ-ਹਰੇਕ ਜੀਵ ।
ਆਖਣਿ ਆਖੈ = ਆਖਣ ਨੂੰ ਤਾਂ ਆਖਦਾ ਹੈ, ਆਖਣ ਦਾ ਜਤਨ ਕਰਦਾ ਹੈ ।
ਇਕ ਦੂ ਇਕੁ ਸਿਆਣਾ = ਇਕ ਦੂਜੇ ਤੋਂ ਸਿਆਣਾ ਬਣ ਬਣ ਕੇ, ਇਕ ਜਣਾ ਆਪਣੇ ਆਪ ਨੂੰ ਦੂਜੇ ਤੋਂ ਸਿਆਣਾ ਸਮਝ ਕੇ ।
ਦੂ = ਤੋਂ ।
ਸਾਹਿਬੁ = ਮਾਲਕ, ਅਕਾਲ ਪੁਰਖ ।
ਨਾਈ = ਵਡਿਆਈ ।
ਜਾ ਕਾ = ਜਿਸ (ਅਕਾਲ ਪੁਰਖ) ਦਾ ।
ਕੀਤਾ ਜਾ ਕਾ ਹੋਵੈ = ਜਿਸ ਹਰੀ ਦਾ ਸਭ ਕੁਝ ਕੀਤਾ ਹੁੰਦਾ ਹੈ ।
ਜੇ ਕੋ = ਜੇ ਕੋਈ ਮਨੁੱਖ ।
ਆਪੌ = ਆਪਹੁ, ਆਪਣੇ ਆਪ ਤੋਂ, ਆਪਣੀ ਅਕਲ ਦੇ ਬਲ ਤੋਂ ।
ਨ ਸੋਹੈ = ਸੋਭਦਾ ਨਹੀਂ, ਆਦਰ ਨਹੀਂ ਪਾਂਦਾ ।
ਅਗੈ ਗਇਆ = ਅਕਾਲ ਪੁਰਖ ਦੇ ਦਰ ’ਤੇ ਜਾ ਕੇ ।
    
Sahib Singh
ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ-(ਇਹਨਾਂ ਕਰਮਾਂ ਦੇ ਵੱਟੇ) ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ ।
(ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ. (ਅਤੇ ਜਿਸ ਨੇ ਆਪਣੇ ਮਨ) ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ, ਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤ੍ਰਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ) ।
(ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ ।
ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ), ਇਹ ਸਭ ਤੇਰੀਆਂ ਹੀ ਵਡਿਆਈਆਂ ਹਨ ।
(ਹੇ ਨਿਰੰਕਾਰ!) ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ (ਭਾਵ, ਇਸ ਸਿ੍ਰਸ਼ਟੀ ਨੂੰ ਬਣਾਨ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ, ਜੋ ਲੋਕਾਂ ਨੇ ਮੰਨ ਰੱਖੇ ਹਨ), ਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ ਹੈ, (ਤੂੰ ਹੀ ਜਗਤ ਰਚਣ ਵਾਲਾ ਹੈਂ, ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ) ।
ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ, ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ ?
(ਕਦੋਂ ਇਹ ਸੰਸਾਰ ਬਣਿਆ?) ਉਸ ਸਮੇੰ ਦਾ ਪੰਡਤਾਂ ਨੂੰ ਭੀ ਪਤਾ ਨਾਹ ਲੱਗਾ, ਤਾਂ (ਇਸ ਮਜ਼ਮੂਨ ਉੱਤੇ ਭੀ) ਇਕ ਪੁਰਾਣ ਲਿਖਿਆ ਹੁੰਦਾ ।
ਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਾਹ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਹਨਾਂ (ਆਇਤਾਂ ਇਕੱਠੀਆਂ ਕਰ ਕੇ) ਕੁਰਾਨ (ਲਿਖਿਆ ਸੀ) ।
(ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ ।
ਕੋਈ ਮਨੁੱਖ ਨਹੀਂ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ ।
ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ) ।
ਮੈਂ ਕਿਸ ਤ੍ਰਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤ੍ਰਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤ੍ਰਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤ੍ਰਹਾਂ ਸਮਝ ਸਕਾਂ ?
ਹੇ ਨਾਨਕ! ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ (ਅਕਾਲ ਪੁਰਖ ਦੀ ਵਡਿਆਈ) ਦੱਸਣ ਦਾ ਜਤਨ ਕਰਦਾ ਹੈ, (ਪਰ ਦੱਸ ਨਹੀਂ ਸਕਦਾ) ।
ਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ ।
ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ ।
ਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ) ਜਤਨ ਕਰੇ, ਉਹ ਅਕਾਲ ਪੁਰਖ ਦੇ ਦਰ ’ਤੇ ਜਾ ਕੇ ਆਦਰ ਨਹੀਂ ਪਾਂਦਾ।੨੧ ।

ਭਾਵ:- ਜਿਸ ਮਨੁੱਖ ਨੇ ‘ਨਾਮ’ ਵਿਚ ਚਿੱਤ ਜੋੜਿਆ ਹੈ, ਜਿਸ ਨੂੰ ਸਿਮਰਨ ਦੀ ਲਗਨ ਲੱਗ ਗਈ ਹੈ, ਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਉਪਜਿਆ ਹੈ, ਉਸ ਦਾ ਆਤਮਾ ਸੁੱਧ ਪਵਿੱਤਰ ਹੋ ਜਾਂਦੀ ਹੈ ।
ਪਰ ਇਹ ਭਗਤੀ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ ।
ਬੰਦਗੀ ਦਾ ਇਹ ਸਿੱਟਾ ਨਹੀਂ ਹੋ ਸਕਦਾ ਕਿ ਮਨੁੱਖ ਇਹ ਦੱਸ ਸਕੇ ਕਿ ਜਗਤ ਕਦੋਂ ਬਣਿਆ ।
ਨਾਹ ਪੰਡਤ, ਨਾਹ ਕਾਜ਼ੀ, ਨਾਹ ਜੋਗੀ, ਕੋਈ ਭੀ ਇਹ ਭੇਤ ਨਹੀਂ ਪਾ ਸਕੇ ।
ਪਰਮਾਤਮਾ ਬੇਅੰਤ ਵੱਡਾ ਹੈ ।
ਉਸ ਦੀ ਵਡਿਆਈ ਭੀ ਬੇਅੰਤ ਹੈ, ਉਸ ਦੀ ਰਚਨਾ ਭੀ ਬੇਅੰਤ ਹੈ ।੨੧ ।
Follow us on Twitter Facebook Tumblr Reddit Instagram Youtube