ਅਸੰਖ ਨਾਵ ਅਸੰਖ ਥਾਵ ॥
ਅਗੰਮ ਅਗੰਮ ਅਸੰਖ ਲੋਅ ॥
ਅਸੰਖ ਕਹਹਿ ਸਿਰਿ ਭਾਰੁ ਹੋਇ ॥
ਅਖਰੀ ਨਾਮੁ ਅਖਰੀ ਸਾਲਾਹ ॥
ਅਖਰੀ ਗਿਆਨੁ ਗੀਤ ਗੁਣ ਗਾਹ ॥
ਅਖਰੀ ਲਿਖਣੁ ਬੋਲਣੁ ਬਾਣਿ ॥
ਅਖਰਾ ਸਿਰਿ ਸੰਜੋਗੁ ਵਖਾਣਿ ॥
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥
ਜਿਵ ਫੁਰਮਾਏ ਤਿਵ ਤਿਵ ਪਾਹਿ ॥
ਜੇਤਾ ਕੀਤਾ ਤੇਤਾ ਨਾਉ ॥
ਵਿਣੁ ਨਾਵੈ ਨਾਹੀ ਕੋ ਥਾਉ ॥
ਕੁਦਰਤਿ ਕਵਣ ਕਹਾ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥੧੯॥

Sahib Singh
ਨਾਵ = (ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਨਾਮ ।
ਅਗੰਮ = ਜਿਸ ਤਾਈਂ (ਕਿਸੇ ਦੀ) ਪਹੁੰਚ ਨ ਹੋ ਸਕੇ ।
ਲੋਅ = ਲੋਕ, ਭਵਣ ।
ਅਸੰਖ ਲੋਅ = ਅਨੇਕਾਂ ਹੀ ਭਵਣ ।
ਕਹਹਿ = ਕਹਿੰਦੇ ਹਨ, ਆਖਦੇ ਹਨ (ਜੋ ਮਨੁੱਖ) ।
ਸਿਰਿ = ਉਹਨਾਂ ਦੇ ਸਿਰ ਉੱਤੇ ।
ਹੋਇ = ਹੁੰਦਾ ਹੈ ।
ਅਖਰੀ = ਅੱਖਰਾਂ ਦੀ ਰਾਹੀਂ ਹੀ ।
ਸਾਲਾਹ = ਸਿਫ਼ਤਿ ।
ਗੁਣ ਗਾਹ = ਗੁਣਾਂ ਦੇ ਗਾਹੁਣ ਵਾਲੇ, ਗੁਣਾਂ ਦੇ ਵਾਕਫ਼ ।
ਬਾਣਿ ਲਿਖਣੁ = ਬਾਣੀ ਦਾ ਲਿਖਣਾ ।
ਬਾਣਿ = ਬਾਣੀ, ਬੋਲੀ ।
ਬਾਣਿ ਬੋਲਣੁ = ਬਾਣੀ (ਬੋਲੀ ) ਦਾ ਬੋਲਣਾ ।
ਅਖਰਾ ਸਿਰਿ = ਅੱਖਰਾਂ ਦੀ ਰਾਹੀਂ ਹੀ ।
ਸੰਜੋਗੁ = ਭਾਗਾਂ ਦਾ ਲੇਖ ।
ਵਖਾਣਿ = ਵਖਾਣਿਆ ਜਾ ਸਕਦਾ ਹੈ, ਦੱਸਿਆ ਜਾ ਸਕਦਾ ਹੈ ।
ਜਿਨਿ = ਜਿਸ ਅਕਾਲ ਪੁਰਖ ਨੇ ।
ਏਹਿ = ਸੰਜੋਗ ਦੇ ਇਹ ਅੱਖਰ ।
ਤਿਸੁ ਸਿਰਿ = ਉਸ ਅਕਾਲ ਪੁਰਖ ਦੇ ਮੱਥੇ ਉੱਤੇ ।
ਨਾਹਿ = (ਕੋਈ ਲੇਖ) ਨਹੀਂ ਹੈ ।
ਜਿਵ = ਜਿਸ ਤ੍ਰਹਾਂ ।
ਫੁਰਮਾਏ = ਅਕਾਲ ਪੁਰਖ ਹੁਕਮ ਕਰਦਾ ਹੈ ।
ਤਿਵ ਤਿਵ = ਉਸੇ ਤ੍ਰਹਾਂ ।
ਪਾਹਿ = (ਜੀਵ) ਪਾ ਲੈਂਦੇ ਹਨ, ਭੋਗਦੇ ਹਨ ।
ਜੇਤਾ = ਜਿਤਨਾ ।
ਕੀਤਾ = ਪੈਦਾ ਕੀਤਾ ਹੋਇਆ ਸੰਸਾਰ ।
ਜੇਤਾ ਕੀਤਾ = ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਪੈਦਾ ਕੀਤਾ ਹੈ ।
ਤੇਤਾ = ਉਹ ਸਾਰਾ, ਉਤਨਾ ਹੀ ।
ਨਾਉ = ਨਾਮ, ਰੂਪ, ਸਰੂਪ।ਨੋਟ:- ਅੰਗਰੇਜ਼ੀ ਵਿਚ ਦੋ ਸ਼ਬਦ ਹਨ-ਸੁਬਸਟੳਨਚੲ ਤੇ ਪਰੋਪੲਰਟੇ ਤਿਵੇਂ ਸੰਸਕ੍ਰਿਤ ਵਿਚ ਹਨ ‘ਨਾਮ’ ਤੇ ‘ਗੁਣ’ ਜਾਂ ‘ਮੂਰਤਿ’ ਤੇ ‘ਗੁਣ’ ।
    ਸੋ ‘ਨਾਮ’ (ਸਰੂਪ) ਸੁਬਸਟੳਨਚੲ ਹੈ ਤੇ ਗੁਣ ਪਰੋਪੲਰਟੇ ਹੈ ਜਦੋਂ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ ‘ਨਾਮ’ ਰੱਖੀਦਾ ਹੈ, ਇਸ ਦਾ ਭਾਵ ਇਹ ਹੁੰਦਾ ਹੈ ਕਿ ਉਸ ਦਾ ਸਰੂਪ (ਸ਼ਕਲ) ਨੀਯਤ ਕਰੀਦਾ ਹੈ ।
    ਜਦੋਂ ਉਹ ਨਾਮ ਲਈਦਾ ਹੈ, ਉਹ ਹਸਤੀ ਅੱਖਾਂ ਅੱਗੇ ਆ ਜਾਂਦੀ ਹੈ ।
ਵਿਣੁ ਨਾਵੈ = ‘ਨਾਮ’ ਤੋਂ ਬਿਨਾ, ਨਾਮ ਤੋਂ ਖ਼ਾਲੀ ।
    
Sahib Singh
(ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ (ਉਹਨਾਂ ਦੇ) ਥਾਂ ਟਿਕਾਣੇ ਹਨ।(ਕੁਦਰਤਿ ਵਿਚ) ਅਸੰਖਾਂ ਹੀ ਭਵਣ ਹਨ ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ ।
(ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) ‘ਅਸੰਖ’ (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, ‘ਅਸੰਖ’ ਸ਼ਬਦ ਭੀ ਕਾਫੀ ਨਹੀਂ ਹੈ) ।
(ਭਾਵੇਂ ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ ਲਫ਼ਜ਼ ‘ਅਸੰਖ’ ਤਾਂ ਕਿਤੇ ਰਿਹਾ, ਕੋਈ ਭੀ ਸ਼ਬਦ ਕਾਫ਼ੀ ਨਹੀਂ ਹੈ, ਪਰ) ਅਕਾਲ ਪੁਰਖ ਦਾ ਨਾਮ ਭੀ ਅੱਖਰਾਂ ਦੀ ਰਾਹੀਂ ਹੀ (ਲਿਆ ਜਾ ਸਕਦਾ ਹੈ), ਉਸ ਦੀ ਸਿਫ਼ਿਤ-ਸਾਲਾਹ ਭੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ ।
ਅਕਾਲ ਪੁਰਖ ਦਾ ਗਿਆਨ ਭੀ ਅੱਖਰਾਂ ਦੀ ਰਾਹੀਂ ਹੀ (ਵਿਚਾਰਿਆ ਜਾ ਸਕਦਾ ਹੈ) ।
ਅੱਖਰਾਂ ਦੀ ਰਾਹੀਂ ਹੀ ਉਸਦੇ ਗੀਤ ਅਤੇ ਗੁਣਾਂ ਦਾ ਵਾਕਫ਼ ਹੋ ਸਕੀਦਾ ਹੈ ।
ਬੋਲੀ ਦਾ ਲਿਖਣਾ ਤੇ ਬੋਣਾ ਭੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ ।
(ਇਸ ਕਰਕੇਸ਼ਬਦ ‘ਅਸੰਖ’ ਵਰਤਿਆ ਗਿਆ ਹੈ, ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਕਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ) ।
ਜਿਸ ਜਿਸ ਤ੍ਰਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਉਸੇ ਤ੍ਰਹਾਂ (ਜੀਵ ਆਪਣੇ ਸੰਜੋਗ) ਭੋਗਦੇ ਹਨ ।
ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ (‘ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ’) ।
ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸਿ੍ਰਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ) ।

ਨੋਟ: ਇਸ ਪਉੜੀ ਵਿਚ ਮੁੱਢ ਤੇ ਜ਼ਿਕਰ ਹੈ ਕਿ ਕਾਦਰ ਦੀ ਇਸ ਕੁਦਰਤਿ ਵਿਚ ਅਨੇਕਾਂ ਹੀ ਜੀਵ-ਜੰਤ, ਅਨੇਕਾਂ ਹੀ ਜ਼ਾਤਾਂ ਦੇ, ਰੰਗਾਂ ਦੇ ਅਤੇ ਅਨੇਕਾਂ ਹੀ ਨਾਮਾਂ ਵਾਲੇ ਹਨ ।
ਇਤਨੇ ਹਨ ਕਿ ਇਹਨਾਂ ਦੀ ਗਿਣਤੀ ਲਈ ਸ਼ਬਦ ‘ਅਸੰਖ’ ਵਰਤਣਾ ਭੀ ਭੁੱਲ ਹੈ ।
ਪਰ ਜਿਤਨੀ ਭੀ ਇਹ ਰਚਨਾ ਹੈ, ਇਹ ਸਾਰੀ ਅਕਾਲ ਪੁਰਖ ਦਾ ਸਰੂਪ ਹੈ, ਕੋਈ ਥਾਂ ਅਜਿਹੀ ਨਹੀਂ ਜੋ ਅਕਾਲ ਪੁਰਖ ਦਾ ਸਰੂਪ ਨਹੀਂ ।
ਜਿਸ ਚੀਜ਼ ਵਲ ਤੱਕੀਏ, ਅਕਾਲ ਪੁਰਖ ਦੀ ਹੋਂਦ ਹੀ ਅੱਖਾਂ ਅੱਗੇ ਲਿਆਉਂਦੀ ਹੈ ।
ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੯॥ ਕੁਦਰਤਿ ਕਵਣ-ਸ਼ਬਦ ‘ਵੀਚਾਰੁ’ ਪੁਲਿੰਗ ਹੈ ।
ਜੇ ਲਫ਼ਜ਼ ‘ਕਵਣ’ ਇਸ ਦਾ ਵਿਸ਼ੇਸ਼ਣ ਹੁੰਦਾ, ਤਾਂ ਇਹ ਭੀ ਪੁਲਿੰਗ ਹੁੰਦਾ ਅਤੇ ਇਸ ਦਾ ਰੂਪ ‘ਕਵਣੁ’ ਹੋ ਜਾਂਦਾ ।
‘ਕੁਦਰਤਿ’ ਇਸਤ੍ਰੀ-ਲਿੰਗ ਹੈ ।
ਸੋ ਸ਼ਬਦ ‘ਕਵਣ’ ‘ਕੁਦਰਤਿ’ ਦਾ ਵਿਸ਼ੇਸ਼ਣ ਹੈ ।
ਇਸ ਸ਼ਬਦ ‘ਕਵਣ’ ਦੇ ਪੁਲਿੰਗ ਅਤੇ ਇਸਤ੍ਰੀ ਲਿੰਗ ਰੂਪ ਨੂੰ ਸਮਝਣ ਲਈ ਵੇਖੋ ਪਉੜੀ ਨੰ: ੨੧:- ਕਵਣ ਸੁ ਵੇਲਾ, ਵਖਤੁ ਕਵਣੁ, ਕਵਣ ਥਿਤਿ, ਕਵਣੁ ਵਾਰੁ ।
ਕਵਣਿ ਸਿ ਰੁਤੀ, ਮਾਹੁ ਕਵਣੁ, ਜਿਤੁ ਜੋਆ ਆਕਾਰੁ ।੨੧ ।
ਪਉੜੀ ਨੰ: ੧੬,੧੭ ਅਤੇ ੧੯ ਵਿਚ ‘ਕੁਦਰਤਿ ਕਵਣ ਕਹਾ ਵੀਚਾਰੁ’ ਤੁਕ ਆਈ ਹੈ, ਪਰ ਪਉੜੀ ਨੰ: ੧੮ ਵਿਚ ਇਸ ਤੁਕ ਦੇ ਥਾਂ ਤੁਕ ‘ਨਾਨਕੁ ਨੀਚੁ ਕਹੈ ਵੀਚਾਰੁ’ ਵਰਤੀ ਗਈ ਹੈ ।
ਇਨ੍ਹਾਂ ਦੋਹਾਂ ਨੂੰ ਆਮ੍ਹੋ-ਸਾਹਮਣੇਰੱਖ ਕੇ ਵਿਚਾਰੀਏ, ਤਾਂ ਭੀ ਇਹੀ ਅਰਥ ਨਿਕਲਦਾ ਹੈ ਕਿ ‘ਮੇਰੀ ਕੀਹ ਤਾਕਤ ਹੈ ?
ਮੈਂ ਵਿਚਾਰਾ ਨਾਨਕ ਕੀਹ ਵਿਚਾਰ ਕਰ ਸਕਦਾ ਹਾਂ’ ?
ਲਫ਼ਜ਼ ‘ਕੁਦਰਤਿ’ ‘ਸਮਰਥਾ’ ਦੇ ਅਰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਥਾਈਂ ਭੀ ਆਇਆ ਹੈ, ਜਿਵੇਂ:- (੧) ਜੇ ਤੂ ਮੀਰ ਮਹਾਪਤਿ ਸਾਹਿਬੁ, ਕੁਦਰਤਿ ਕਉਣ ਹਮਾਰੀ ।
ਚਾਰੇ ਕੁੰਟ ਸਲਾਮੁ ਕਰਹਿਗੇ, ਘਰਿ ਘਰਿ ਸਿਫਤਿ ਤੁਮਾਰੀ ।੭।੧।੮ ।
(ਬਸੰਤ ਹਿੰਡੋਲੁ ਮਹਲਾ ੧ (੨) ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤਿ ਕਵਨ ਹਮਾਰੀ ।
ਸਾਧ ਸੰਗਿ ਨਾਨਕ ਜਸੁ ਗਾਇਉ, ਜੋ ਪ੍ਰਭੂ ਕੀ ਅਤਿ ਪਿਆਰੀ ।੮।੧।੮ ।
Follow us on Twitter Facebook Tumblr Reddit Instagram Youtube