ਮੰਨੈ ਪਾਵਹਿ ਮੋਖੁ ਦੁਆਰੁ ॥
ਮੰਨੈ ਪਰਵਾਰੈ ਸਾਧਾਰੁ ॥
ਮੰਨੈ ਤਰੈ ਤਾਰੇ ਗੁਰੁ ਸਿਖ ॥
ਮੰਨੈ ਨਾਨਕ ਭਵਹਿ ਨ ਭਿਖ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥

Sahib Singh
ਪਾਵਹਿ = ਲੱਭ ਲੈਂਦੇ ਹਨ ।
ਮੋਖੁ ਦੁਆਰੁ = ਮੁਕਤੀ ਦਾ ਦਰਵਾਜ਼ਾ, ‘ਕੂੜ’ ਤੋਂ ਖ਼ਲਾਸੀ ਪਾਣ ਦਾ ਰਾਹ ।
ਪਰਵਾਰੈ = ਪਰਵਾਰ ਨੂੰ ।
ਸਾਧਾਰੁ = ਆਧਾਰ ਸਹਿਤ ਕਰਦਾ ਹੈ, (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ ।
ਤਰੈ ਗੁਰੁ = ਗੁਰੂ ਆਪਿ ਤਰਦਾ ਹੈ ।
ਸਿਖ = ਸਿੱਖਾਂ ਨੂੰ ।
    ਜਪੁ ਜੀ ਵਿਚ ਸ਼ਬਦ ‘ਸਿਖ’ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ:
    (੧) ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿਖ ਸੁਣੀ ।
    (ਪਉੜੀ ੬
    (੨) ਮੰਨੈ ਤਰੈ ਤਾਰੇ ਗੁਰੁ ਸਿਖ ।
    (ਪਉੜੀ ੧੫ ਪਹਿਲੀ ਤੁਕ ਵਿਚ ‘ਸਿਖ’ ਇਸਤ੍ਰੀ-ਲਿੰਗ ਹੈ ।
    ਇਸ ਦਾ ਵਿਸ਼ੇਸ਼ਣ ‘ਇਕ’ ਭੀ ਇਸਤ੍ਰੀ-ਲਿੰਗ ਹੈ ।
ਇਸ ਵਾਸਤੇ ਇਕ = ਵਚਨ ਹੁੰਦਿਆਂ ਭੀ ( ੁ ) ਨਹੀਂ ਵਰਤਿਆ ਗਿਆ, ਜੋ ਕੇਵਲ ਪੁਲਿੰਗ ਵਾਸਤੇ ਹੈ ।
    ਦੂਜੀ ਵਿਚ ‘ਸਿਖ’ ਪੁਲਿੰਗ ਬਹੁ-ਵਚਨ ਹੈ ।
ਤਾਰੇ ਸਿਖ = ਸਿੱਖਾਂ ਨੂੰ ਤਾਰਦਾ ਹੈ ।
ਭਵਹਿ ਨ = ਨਹੀਂ ਭੌਂਦੇ ।
ਭਵਹਿ ਨ ਭਿਖ = ਭਿੱਖਿਆ ਲਈ ਨਹੀਂ ਭੌਂਦੇ ਫਿਰਦੇ, ਲੋੜਾਂ ਦੀ ਖ਼ਾਤਰ ਦਰ-ਦਰ ਨਹੀਂ ਰੁਲਦੇ ਫਿਰਦੇ, ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ ।
    
Sahib Singh
ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) ‘ਕੂੜ’ ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ ।
(ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਨੂੰ ਭੀ (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ ।
ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ ।
ਨਾਮ ਵਿਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ ।
ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ), ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰੇ ।੧੫ ।

ਭਾਵ:- ਇਸ ਲਗਨ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪਾਈ ਹੋਈ ਸੀ ।
ਐਸੀ ਲਗਨ ਵਾਲਾ ਬੰਦਾ ਨਿਰਾ ਆਪ ਹੀ ਨਹੀਂ ਬਚਦਾ, ਆਪਣੇ ਪਰਵਾਰ ਦੇ ਜੀਆਂ ਨੂੰ ਭੀ ਖਸਮ ਪ੍ਰਭੂ ਦੇ ਲੜ ਲਾ ਲੈਂਦਾ ਹੈ ।
ਇਹ ਦਾਤ ਜਿਨ੍ਹਾਂ ਨੂੰ ਗੁਰੂ ਤੋਂ ਮਿਲਦੀ ਹੈ ਉਹ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭਟਕਦੇ ।੧੫ ।

ਨੋਟ: ਪਉੜੀ ਨੰ: ੧੨ ਵਿਚ ਦੋ ਥਾਈਂ ਸ਼ਬਦ ‘ਮੰਨੈ’ ਹੈ, ਬਾਕੀ ਸਭ ਥਾਈਂ ‘ਮੰਨੈ’ ਆਇਆ ਹੈ ।
ਦੋਹਾਂ ਦੇ ਅਰਥਾਂ ਵਿਚ ਫ਼ਰਕ ਹੈ ।
ਪਹਿਲੀ ਤੁਕ ਹੈ; ਮੰਨੇ ਕੀ ਗਤਿ ਕਹੀ ਨ ਜਾਇ’ ।
ਇਸੇ ਹੀ ਪਉੜੀ ਵਿਚ ਚੌਥੀ ਤੁਕ: ‘ਮੰਨੇ ਕਾ ਬਹਿ ਕਰਨਿ ਵੀਚਾਰੁ’ ਦਾ ਜ਼ਿਕਰ ਹੈ ।
ਸੋ ‘ਮੰਨੇ’ ਦਾ ਭਾਵ ਹੈ, ‘ਮੰਨੇ ਹੋਏ ਮਨੁੱਖ ਦਾ’ ।
ਬਾਕੀ ਸਭ ਥਾਈਂ ‘ਮੰਨੈ’ ਹੈ ।
ਜਿਵੇਂ ਪਹਿਲੀਆਂ ਚਾਰ ਪਉੜੀਆਂ ਵਿਚ ‘ਸੁਣਿਐ’ ਆਇਆ ਹੈ ।
‘ਸੁਣਿਐ’ ਦਾ ਅਰਥ ਹੈ ‘ਸੁਣਨ ਨਾਲ, ਜੇ ਸੁਣ ਲਈਏ’ ।
ਤਿਵੇਂ ‘ਮੰਨੈ’ ਦਾ ਅਰਥ ਹੈ ‘ਮੰਨ ਲੈਣ ਨਾਲ, ਜੇ ਮਨ ਪਤੀਜ ਜਾਏ’ ।
Follow us on Twitter Facebook Tumblr Reddit Instagram Youtube