ਸੁਣਿਐ ਸਤੁ ਸੰਤੋਖੁ ਗਿਆਨੁ ॥
ਸੁਣਿਐ ਅਠਸਠਿ ਕਾ ਇਸਨਾਨੁ ॥
ਸੁਣਿਐ ਪੜਿ ਪੜਿ ਪਾਵਹਿ ਮਾਨੁ ॥
ਸੁਣਿਐ ਲਾਗੈ ਸਹਜਿ ਧਿਆਨੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੧੦॥

Sahib Singh
ਸਤੁ ਸੰਤੋਖੁ = ਦਾਨ ਤੇ ਸੰਤੋਖ ।
ਸਤੁ = ਇਸ ਲਫ਼ਜ਼ ਦੇ ਤਿੰਨ ਵੱਖੋ-ਵੱਖਰੇ ਰੂਪ ਮਿਲਦੇ ਹਨ:- ‘ਸਤਿ, ਸਤੁ, ਸਤ’ ।
    ਇਹਨਾਂ ਦੇ ਅਰਥ ਸਮਝਣ ਲਈ ਹੇਠ ਲਿਖੇ ਪ੍ਰਮਾਣ ਗਹੁ ਨਾਲ ਪੜ੍ਹੋ:-
    (ੳ) ਸਤੁ ਸੰਤੋਖੁ ਹੋਵੈ ਅਰਦਾਸਿ ।
    ਤਾ ਸੁਣਿ ਸਦਿ ਬਹਾਲੇ ਪਾਸਿ ।੧ ।
    (ਰਾਮਕਲੀ ਮਹਲਾ ੧)
    (ਅ) ਜਤੁ ਸਤੁ ਸੰਜਮੁ ਸਚੁ ਸੁਚੀਤੁ ।
    ਨਾਨਕ ਜੋਗੀ ਤਿ੍ਰਭਵਨ ਮੀਤੁ ।੮।੨ ।
    (ਰਾਮਕਲੀ ਮਹਲਾ ੧)
    (ੲ) ਸਤੀਆ ਮਨਿ ਸੰਤੋਖੁ ਉਪਜੈ, ਦੇਣੈ ਕੈ ਵੀਚਾਰਿ ।
    (ਆਸਾ ਦੀ ਵਾਰ ਮਹਲਾ ੧, ਪਉੜੀ ੬)
    (ਸ) ਗੁਰ ਕਾ ਸਬਦੁ ਕਰਿ ਦੀਪਕੋ, ਇਹ ਸਤ ਕੀ ਸੇਜ ਬਿਛਾਇ ਰੀ ।੩।੧੬।੧੧੮ ।
    (ਆਸਾ ਮਹਲਾ ੧)
    (ਹ) ਸਤੀ ਪਹਰੀ ਸਤੁ ਭਲਾ, ਬਹੀਐ ਪੜਿਆ ਪਾਸਿ ।
    (ਮਾਝ ਕੀ ਵਾਰ, ਸ਼ਲੋਕ ਮਹਲਾ ੨, ਪਉੜੀ ੧੮) ਇਹਨਾਂ ਉਪਰਲੇ ਪ੍ਰਮਾਣਾਂ ਦੇ ਅੰਕ ਨੰ:
    (ੳ) ਵਿਚ ਸ਼ਬਦ ‘ਸਤੁ’ ਸ਼ਬਦ ‘ਸੰਤੋਖੁ’ ਦੇ ਨਾਲ ਵਰਤਿਆ ਗਿਆ ਹੈ ।
    ਅੰਕ ਨੰ:
    (ਅ) ਵਿਚ ‘ਸਤੁ’ ਸ਼ਬਦ ‘ਜਤੁ’ ਨਾਲ ਆਇਆ ਹੈ ।
    ਅੰਕ ਨੰ:
    (ਹ) ਵਿਚ ‘ਸਤੁ’ (ਸਤੀ) ਸੰਸਕ੍ਰਿਤ ਦਾ ‘ਸਪਤ’ ਹੈ, ਜਿਸ ਦਾ ਅਰਥ ਹੈ ‘ਸੱਤ ਦੀ ਗਿਣਤੀ’ ।
    ਸ਼ਬਦ ‘ਸਤੁ’ ਸੰਸਕ੍ਰਿਤ ਦੇ ਧਾਤੂ ‘ਅਸ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ‘ਹੱਥੋਂ ਛੱਡਣਾ’ ।
    ਸੋ ‘ਸਤੁ’ ਦਾ ਅਰਥ ਹੈ ਦਾਨੁ ।
    ਅੰਕ ਨੰ:
    (ੲ) ਵਿਚ ਆਸਾ ਦੀ ਵਾਰ ਵਾਲੇ ਪ੍ਰਮਾਣ ਤੋਂ ਸਾਫ਼ ਪਰਗਟ ਹੋ ਜਾਂਦਾ ਹੈ, ਜਿੱਥੇ ‘ਸਤੀਆ’ ਦਾ ਅਰਥ ਹੈ ‘ਦਾਨੀ ਮਨੁੱਖਾਂ’ ।
    “ਸਤੀ ਦੇਇ ਸੰਤੋਖੀ ਖਾਇ” ਆਮ ਪਰਚਲਤ ਤੁਕ ਹੈ, ਜਿਸਵਿਚ ‘ਸਤੀਆ’ ਦਾ ਅਰਥ ਹੈ “ਦਾਨੀ” ।
    ‘ਦਾਨੀ’ ਤੇ ‘ਸੰਤੋਖੀ’ ਦਾ ਆਪੋ ਵਿਚ ਬਹੁਤ ਡੂੰਘਾ ਸੰਬੰਧ ਹੈ ।
    ‘ਦਾਨੀ’ ਉਹੀ ਹੋ ਸਕਦਾ ਹੈ ਜੋ ‘ਸੰਤੋਖੀ’ ਭੀ ਹੈ, ਨਹੀਂ ਤਾਂ ਜੋ ਆਪ ਤ੍ਰਿਸ਼ਨਾ ਦਾ ਮਾਰਿਆ ਹੋਇਆ ਹੋਵੇ, ਉਹ ਆਪਣੇ ਹੱਥੋਂ ਕਿਸੇ ਹੋਰ ਨੂੰ ਕੀਹ ਦੇ ਸਕਦਾ ਹੈ ?
    ਗੁਰੂ ਸਾਹਿਬ ਇਹਨਾਂ ਦੋਹਾਂ ਗੁਣਾਂ ਨੂੰ ਬਹੁਤ ਥਾਈਂ ਇਕੱਠਾ ਵਰਤਦੇ ਜਨ ।
    ਸੋ, ਅੰਕ ਨੰ:
    (ੳ) ਵਿਚ ‘ਸਤੁ’ ਦਾ ਅਰਥ ਹੈ “ਦਾਨ ,ਦਾਨ ਕਰਨ ਦਾ ਸੁਭਾਉ” ।
    ਸ਼ਬਦ ‘ਸਤੁ’ ਦਾ ਦੁਜਾ ਅਰਥ ਹੈ “ਸੁੱਚਾ ਆਚਰਨ, ਪਤਿਬ੍ਰਤਾ ਧਰਮ, ਇਸਤ੍ਰੀ-ਬ੍ਰਤ ਧਰਮ” ।
    ਇਸ ਅਰਥ ਵਿਚ ਇਸ ਸ਼ਬਦ ਦਾ ਸੰਬੰਧ ਸ਼ਬਦ ‘ਜਤੁ’ ਨਾਲ ਚੰਗਾ ਢੁਕਦਾ ਹੈ ।
    ਸੋ ਅੰਕ ਨੰ:
    (ਅ) ਵਿਚ ‘ਸਤੁ’ ਦਾ ਅਰਥ ਹੈ ‘ਸੁੱਚਾ ਆਚਰਨ’ ।
    ਅੰਕ ਨੰ:
    (ੲ) ਵਿਚ ‘ਸਤੁ’ ਦਾ ਅਰਥ ਹੈ ‘ਦਾਨ’ ।
    ਅੰਕ ਨੰ:
    (ਸ) ਵਿਚ ‘ਸਤੁ’ ਦਾ ਅਰਥ ਫਿਰ ‘ਸੁੱਚਾ ਆਚਰਨ’ ਹੈ ।
    ਸ਼ਬਦ ‘ਸਤਿ’ ਭੀ ਸੰਸਕ੍ਰਿਤ ਦੇ ਧਾਤੂ ‘ਅਸ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ‘ਹੋਣਾ’ ।
    ਸੋ ‘ਸਤਿ’ ਦਾ ਅਰਥ ਹੈ “ਹੋਂਦ ਵਾਲਾ, ਸੱਚ” ।
    ਜਪੁਜੀ ਸਾਹਿਬ ਵਿਚ ‘ਸਤਿ’ ਅਤੇ ‘ਸਤੁ’ ਵਾਲੀਆਂ ਹੇਠ-ਲਿਖੀਆਂ ਤੁਕਾਂ ਹਨ:-
    (੧) ‘ਸਤਿਨਾਮੁ’ (ਮੂਲ ਮੰਤਰ ਵਿਚ)
    (੨) ਸੁਣਿਐ, ਸਤੁ ਸੰਤੋਖੁ ਗਿਆਨੁ ।
    (ਪਉੜੀ ੧੦)
    (੩) ਅਸੰਖ ਸਤੀ ਅਸੰਖ ਦਾਤਾਰ ।
    (ਪਉੜੀ ੧੭)
    (੪) ਸਤਿ ਸੁਹਾਣੁ ਸਦਾ ਮਨਿ ਚਾਉ ।
    (ਪਉੜੀ ੨੧)
    (੫) ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ।੨੭ ।
ਅਠਸਠਿ = ਅਠਾਹਠ ਤੀਰਥ ।
ਪੜਿ ਪੜਿ = ਵਿੱਦਿਆ ਪੜ੍ਹ ਕੇ ।
ਪਾਵਹਿ = ਪਾਂਦੇ ਹਨ ।
ਸਹਜਿ = ਸਹਜ ਅਵਸਥਾ ਵਿਚ ।
ਸਹਜ = (ਸਹਜ) ਸਹ-ਸਾਥ, ਨਾਲ ਜ-ਜਨਮਿਆ, ਪੈਦਾ ਹੋਇਆ, ਉਹ ਸੁਭਾਉ ਜੋ ਸੁੱਧ-ਸਰੂਪ ਆਤਮਾ ਦੇ ਨਾਲ ਜਨਮਿਆ ਹੈ, ਸ਼ੁੱਧ-ਸਰੂਪ ਆਤਮਾ ਦਾ ਆਪਣਾ ਅਸਲੀ ਧਰਮ, ਮਾਇਆ ਦੇ ਤਿੰਨਾਂ ਗੁਣਾਂ ਤੋਂ ਲੰਘ ਕੇ ਉਪਰ ਦੀ ਅਵਸਥਾ, ਤੁਰੀਆ ਅਵਸਥਾ, ਸ਼ਾਂਤੀ , ਅਡੋਲਤਾ ।
ਧਿਆਨੁ = ਸੁਰਤ, ਬਿ੍ਰਤੀ ।
ਗਿਆਨੁ = ਸਾਰੇ ਜਗਤ ਨੂੰ ਪ੍ਰਭੂ-ਪਿਤਾ ਦਾ ਇਕ ਟੱਬਰ ਸਮਝਣ ਦੀ ਸੂਝ, ਪਰਮਾਤਮਾ ਨਾਲ ਜਾਣ-ਪਛਾਣ ।
    
Sahib Singh
ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿਂਉਕਿ) ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਸੁਣਨ ਨਾਲ (ਮਨੁੱਖ ਦੇ) ਦੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ।
ਰੱਬ ਦੇ ਨਾਮ ਵਿਚ ਜੁੜਨ ਨਾਲ (ਹਿਰਦੇ ਵਿਚ) ਦਾਨ (ਦੇਣ ਦਾ ਸੁਭਾਉ), ਸੰਤੋਖ ਤੇ ਪ੍ਰਕਾਸ਼ ਪਰਗਟ ਹੋ ਜਾਂਦਾ ਹੈ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ (ਹੀ) ਹੋ ਜਾਂਦਾ ਹੈ (ਭਾਵ, ਅਠਾਰਠ ਤੀਰਥਾਂ ਦੇ ਇਸ਼ਨਾਨ ਨਾਮ ਜਪਣ ਦੇ ਵਿਚ ਹੀ ਆ ਜਾਂਦੇ ਹਨ) ।
ਜੋ ਸਤਕਾਰ (ਮਨੁੱਖ ਵਿੱਦਿਆ) ਪੜ੍ਹ ਕੇ ਪਾਂਦੇ ਹਨ ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿਚ ਜੁੜ ਕੇ ਹੀ ਮਿਲ ਜਾਂਦਾ ਹੈ ।
ਨਾਮ ਸੁਣਨ ਦਾ ਸਦਕਾ ਅਡੋਲਤਾ ਵਿਚ ਚਿੱਤ ਦੀ ਬਿ੍ਰਤੀ ਟਿਕ ਜਾਂਦੀ ਹੈ ।੧੦ ।

ਭਾਵ:- ਨਾਮ ਵਿਚ ਸੁਰਤ ਜੋੜਿਆਂ ਹੀ ਮਨ ਵਿਸ਼ਾਲ ਹੁੰਦਾ ਹੈ, ਲੋੜਵੰਦਿਆਂ ਦੀ ਸੇਵਾ ਤੇ ਸੰਤੋਖ ਵਾਲਾ ਜੀਵਨਬਣਦਾ ਹੈ ।
ਨਾਮ ਵਿਚ ਚੁੱਭੀ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ ।
ਜਗਤ ਦੇ ਕਿਸੇ ਮਾਣ-ਆਦਰ ਦੀ ਪਰਵਾਹ ਨਹੀਂ ਰਹਿ ਜਾਂਦੀ, ਮਨ ਸਹਜਿ ਅਵਸਥਾ ਵਿਚ, ਅਡੋਲਤਾ ਵਿਚ, ਮਗਨ ਰਹਿੰਦਾ ਹੈ।੧੦ ।
Follow us on Twitter Facebook Tumblr Reddit Instagram Youtube