ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥

Sahib Singh
ਸਾਚਾ = ਹੋਂਦ ਵਾਲਾ, ਸਦਾ-ਥਿਰ ਰਹਿਣ ਵਾਲਾ ।
ਸਾਚੁ = ਸਦਾ-ਥਿਰ ਰਹਿਣ ਵਾਲਾ ।
ਨਾਇ = ਨਯਾਇ, ਨਿਆਇ, ਇਨਸਾਫ਼, ਨੀਯਮ, ਸੰਸਾਰ ਦੀ ਕਾਰ ਨੂੰ ਚਲਾਉਣ ਵਾਲਾ ਨੀਯਮ ।
ਸਾਚੁ ਨਾਇ = ਵਿਆਕਰਨ ਦਾ ਨੀਯਮ ਹੈ ਕਿ ਕਿਸੇ ‘ਨਾਂਵ’ ਦੇ ਵਿਸ਼ੇਸ਼ਣ ਦਾ ਉਹੀ ਲਿੰਗ ਹੁੰਦਾ ਹੈ, ਜੋ ਉਸ ‘ਨਾਂਵ’ ਦਾ ।
    ‘ਸਾਚੁ ਨਾਇ’ ਵਾਲੀ ਤੁਕ ਵਿਚ ‘ਸਾਹਿਬੁ’ ਪੁਲਿੰਗ ਹੈ, ਇਸ ਕਰ ਕੇ ‘ਸਾਚਾ’ ਭੀ ਪੁਲਿੰਗ ਹੈ ।
    ‘ਸਾਚੁ’ ਪੁਲਿੰਗ ਹੈ, ਸੋ ਜਿਸ ‘ਨਾਂਵ’ ਦਾ ਇਹ ਵਿਸ਼ੇਸ਼ਣ ਹੈ, ਉਹ ਭੀ ਪੁਲਿੰਗ ਹੀ ਚਾਹੀਦਾ ਹੈ, ਅਤੇ ‘ਕਰਤਾ ਕਾਰਕ’ ਹੋਣਾ ਚਾਹੀਦਾ ਹੈ, ਜਿਵੇਂ ‘ਸਾਹਿਬੁ’ ਹੈ ।
    ਸ਼ਬਦ ‘ਨਾਉ’ ਜਿਤਨਾ ਚਿਰ ‘ਕਰਤਾ ਕਾਰਕ’ ਜਾਂ ‘ਕਰਮ ਕਾਰਕ’ ਵਿੱਚ ਵਰਤਿਆ ਜਾਂਦਾ ਹੈ, ਉਤਨਾ ਚਿਰ ਇਸ ਦੀ ਸ਼ਕਲ ਇਹੀ ਰਹਿੰਦੀ ਹੈ, ਜਿਵੇਂ:-
    (੧) ਅੰਮਿ੍ਰਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ।੪ ।
    (੨) ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ।੭ ।
    (੩) ਜੇਤਾ ਕੀਤਾ ਤੇਤਾ ਨਾਉ ।
    (ਪਉੜੀ ੧੯)
    (੪) ਊਚੇ ਊਪਰਿ ਊਚਾ ਨਾਉ ।
    (ਪਉੜੀ ੨੪) ਇਹੀ ਸ਼ਬਦ ‘ਨਾਉ’ ਜਪੁਜੀ ਵਿਚ ਇਕ ਵਾਰੀ ਹੋਰ ਆਇਆ ਹੈ, ਪਰ ਉਹ ‘ਕਿ੍ਰਆ’ ਹੈ ਤੇ ਉਸ ਦਾ ਅਰਥ ਹੈ, ‘ਇਸ਼ਨਾਨ ਕਰੋ’, ਜਿਵੇਂ: ਅੰਤਰਗਤਿ ਤੀਰਥ ਮਲਿ ਨਾਉ ।
    (ਪਉੜੀ ੨੧) ਸ਼ਬਦ ‘ਨਾਉ’ ਦਾ ਬਹੁ-ਵਚਨ ਜਪੁਜੀ ਵਿਚ ਦੋ ਵਾਰੀ ਆਇਆ ਹੈ, ਉਸ ਦਾ ਰੂਪ ‘ਨਾਂਵ’ ਹੈ, ਜਿਵੇਂ:
    (੧) ਅਸੰਖ ਨਾਵ ਅਸੰਖ ਨਾਵ ।
    (ਪਉੜੀ ੧੯)
    (੨) ਜੀਅ ਜਾਤਿ ਰੰਗਾ ਕੇ ਨਾਵ ।
    (ਪਉੜੀ ੧੬) ਜਦੋਂ ਸ਼ਬਦ ‘ਨਾਉ’ ਕਰਤਾ ਕਾਰਕ ਜਾਂ ਕਰਮ ਕਾਰਕ ਤੋਂ ਬਿਨਾ ਕਿਸੇ ਹੋਰ ਕਾਰਕ ਵਿਚ ਵਰਤਿਆ ਜਾਏ, ਤਾਂ ‘ਨਾਉ’ ਦੀ ਥਾਂ ‘ਨਾਇ’ ਹੋ ਜਾਂਦਾ ਹੈ, ਜਿਵੇਂ: ਨਾਇ ਤੇਰੈ ਤਰਣਾ ਨਾਇ ਪਤਿ ਪੂਜ ।
    ਨਾਉ ਤੇਰਾ ਗਹਣਾ ਮਤਿ ਮਕਸੂਦ ।
    (ਪਰਭਾਤੀ ਬਿਭਾਸ ਮਹਲਾ ੧ ਨਾਇ-ਨਾਮ ਦੀ ਰਾਹੀਂ ।
    ਪਰ ‘ਸਾਚਿ ਨਾਇ’ ਵਾਲਾ ‘ਨਾਇ’ ਕਰਤਾ ਕਾਰਕ ਹੀ ਹੋ ਸਕਦਾ ਹੈ, ਕਿਉਕਿ ਇਸ ਦਾ ਵਿਸ਼ੇਸ਼ਣ ‘ਸਾਚੁ’ ਭੀ ਕਰਤਾ ਕਾਰਕ ਹੈ ।
    ਇਸ ‘ਨਾਇ’ ਉੱਪਰਲੇ ਪਰਮਾਣ ਵਾਲੇ ‘ਨਾਇ’ ਤੋਂ ਵੱਖਰਾ ਹੈ।ਜਪੁਜੀ ਦੀ ਪਉੜੀ ਨੰ: ੬ ਦੀ ਪਹਿਲੀ ਤੁਕ ਵਿਚ ਭੀ ‘ਨਾਇ’ ਸ਼ਬਦ ਮਿਲਦਾ ਹੈ, ਪਰ ਇਥੇ ‘ਕਿ੍ਰਆ’ ਹੈ, ਇਸ ਦਾ ਅਰਥ ਹੈ ‘ਨ੍ਹਾਇ ਕੇ’ ।
    ਸੋ ਇਹ ‘ਨਾਇ’ ਭੀ ‘ਸਾਚੁ ਨਾਇ’ ਵਾਲਾ ਨਹੀਂ ਹੈ ।
    ਸ਼ਬਦ ‘ਨਾਈ’ ਭੀ ਜਪੁਜੀ ਵਿਚ ਹੇਠ ਲਿਖੀਆਂ ਤੁਕਾਂ ਵਿਚ ਵਰਤਿਆ ਗਿਆ ਹੈ:
    (੧) ਵਡਾ ਸਾਹਿਬ, ਵਡੀ ਨਾਈ, ਕੀਤਾ ਜਾ ਕਾ ਹੋਵੇ ।
    (ਪਉੜੀ ੨੧)
    (੨) ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ ।
    (ਪਉੜੀ ੨੭) ਇੱਥੇ ਲਫ਼ਜ਼ ‘ਨਾਈ’ ਇਸਤ੍ਰੀ-ਲਿੰਗ ਹੈ ।
    ਸੋ ਇਹ ਸ਼ਬਦ ਭੀ ‘ਸਾਚੁ ਨਾਇ’ ਤੋਂ ਵੱਖਰਾ ਹੈ ।
    ਅਸਾਂ ਇਸ ਸ਼ਬਦ ‘ਨਾਇ’ ਦਾ ਅਰਥ ‘ਨਿਆਇ’ ਕੀਤਾ ਹੈ ।
ਇਸੇ ਤ੍ਰਹਾਂ ਹੇਠ = ਲਿਖੀ ਤੁਕ ਵਿਚ ਭੀ ‘ਨਾਈ’ ਤੋਂ ‘ਨਿਆਈ’ ਪਾਠ ਵਾਲਾ ਅਰਥ ਕਰੀਦਾ ਹੈ ।
    ‘ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ।’ (ਸੋਰਠਿ ਕਬੀਰ ਜੀ) ‘ਨਾਈ’ ਤੇ ‘ਨਿਆਈ’ ਦਾ ਅਰਥ ਹੈ ‘ਨਿਆਇ’ ।
    ਅੱਜ ਕੱਲ੍ਹ ਦੀ ਪੰਜਾਬੀ ਵਿਚ ਭੀ ਨਿਆਇ’ ‘ਨੀਵੇਂ ਥਾਉਂ’ ਨੂੰ ਆਖੀਦਾ ਹੈ ।
    ਸੋ ਜਿਵੇਂ ਇਸ ਪ੍ਰਮਾਣ ਵਿਚ ‘ਨਾਈ’ ਨੂੰ ‘ਨਿਆਈ’ ਸਮਝ ਕੇ ਅਰਥ ਕਰੀਦਾ ਹੈ, ਤਿਵੇਂ ਇਸ ਲਫ਼ਜ਼ ‘ਨਾਇ’ ਨੂੰ ‘ਨਿਆਇ’ ਹੀ ਸਮਝਣਾ ਹੈ ।
ਭਾਖਿਆ = ਬੋਲੀ ।
ਭਾਉ = ਪ੍ਰੇਮ ।
ਅਪਾਰੁ = ਪਾਰ ਤੋਂ ਰਹਿਤ, ਬੇਅੰਤ ।
ਆਖਹਿ = ਅਸੀ ਆਖਦੇ ਹਾਂ ।
ਮੰਗਹਿ = ਅਸੀ ਮੰਗਦੇ ਹਾਂ ।
ਦੇਹਿ ਦੇਹਿ = (ਹੇ ਹਰੀ!) ਸਾਨੂੰ ਦੇਹ, ਸਾਡੇ ਤੇ ਬਖਸ਼ਸ਼ ਕਰ ।
ਫੇਰਿ = (ਜੇ ਸਾਰੀਆਂ ਦਾਤਾਂ ਉਹ ਆਪ ਹੀ ਕਰ ਰਿਹਾ ਹੈ ਤਾਂ) ਫਿਰ ।
ਕਿ = ਕਿਹੜੀ ਭੇਟਾ ।
ਅਗੈ = ਰੱਬ ਦੇ ਅੱਗੇ ।
ਰਖੀਐ = ਰੱਖੀ ਜਾਏ, ਅਸੀ ਰੱਖੀਏ ।
ਜਿਤੁ = ਜਿਸ ਭੇਟਾ ਦਾ ਸਦਕਾ ।
ਦਿਸੈ = ਦਿੱਸ ਪਏ ।
ਮੁਹੌ = ਮੂੰਹ ਤੋਂ ।
ਕਿ ਬੋਲਣੁ = ਕਿਹੜਾ ਬਚਨ ?
ਜਿਤੁ ਸੁਣਿ = ਜਿਸ ਦੁਆਰਾ ਸੁਣ ਕੇ ।
ਧਰੇ = ਟਿਕਾ ਦੇਵੇ, ਕਰੇ ।
ਜਿਤੁ = ਜਿਸ ਬੋਲ ਦੀ ਰਾਹੀਂ ।
ਅੰਮਿ੍ਰਤ = ਕੈਵਲਯ, ਨਿਰਵਾਣ, ਮੋਖ, ਪੂਰਨ ਖਿੜਾਉ ।
ਅੰਮਿ੍ਰਤ ਵੇਲਾ = ਅੰਮਿ੍ਰਤ ਦਾ ਵੇਲਾ, ਪੂਰਨ ਖਿੜਾਉ ਦਾ ਸਮਾ, ਉਹ ਸਮਾ ਜਿਸ ਵੇਲੇ ਮਨੁੱਖ ਦਾ ਮਨ ਆਮ ਤੌਰ ’ਤੇ ਸੰਸਾਰ ਦੇ ਝੰਬੇਲਿਆਂ ਤੋਂ ਵਿਹਲਾ ਹੁੰਦਾ ਹੈ, ਝਲਾਂਘ, ਤੜਕਾ ।
ਸਚੁ = ਸਦਾ = ਥਿਰ ਰਹਿਣ ਵਾਲਾ ।
ਨਾਉ = ਰੱਬ ਦਾ ਨਾਮ ।
ਵਡਿਆਈ ਵੀਚਾਰੁ = ਵਡਿਆਈਆਂ ਦੀ ਵਿਚਾਰ ।
ਕਰਮੀ = ਪ੍ਰਭੂ ਦੀ ਮਿਹਰ ਨਾਲ ।
ਕਰਮ = ਬਖਸ਼ਸ਼, ਮਿਹਰ ।
ਜਿਵੇਂ = ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ ਕਿ ਮਿਲੈ ਲਈ ਪਉੜੀ ੯ ।
    ਨਾਨਕ ਨਦਰੀ ਕਰਮੀ ਦਾਤਿ ।
    ਪਉੜੀ ੧੪ ।
ਕਪੜਾ = ਪਟੋਲਾ, ਪ੍ਰੇਮ ਪਟੋਲਾ, ਅਪਾਰ ਭਾਉ-ਰੂਪ ਪਟੋਲਾ, ਪਿਆਰ-ਰੂਪ ਪਟੋਲਾ, ਸਿਫਤਿ-ਸਾਲਾਹ ਦਾ ਕੱਪੜਾ ।
ਜਿਵੇਂ = “ਸਿਫ਼ਤਿ ਸਰਮ ਕਾ ਕਪੜਾ ਮਾਗਉ” ।੪।੭ ।
    ਪ੍ਰਭਾਤੀ ਮ: ੧ ।
ਨਦਰੀ = ਰੱਬ ਦੀ ਮਿਹਰ ਦੀ ਨਜ਼ਰ ਨਾਲ ।
ਮੋਖੁ = ਮੁਕਤੀ, ‘ਕੂੜ’ ਤੋਂ ਖ਼ਲਾਸੀ ।
ਦੁਆਰੁ = ਦਰਵਾਜ਼ਾ, ਰੱਬ ਦਾ ਦਰ ।
ਏਵੈ = ਇਸ ਤ੍ਰਹਾਂ (ਇਹ ਆਹਰ ਕੀਤਿਆਂ ਤੇ ਅਕਾਲ ਪੁਰਖ ਦੀ ਕਿਰਪਾ-ਦਿ੍ਰਸ਼ਟੀ ਹੋਣ ਨਾਲ) ।ਨੋਟ:- ਲਫ਼ਜ਼ ‘ਏਵੈ’ ਪਰਗਟ ਕਰਦਾ ਹੈ ਕਿ ਇਸ ਪਉੜੀ ਦੀ ਤੀਜੀ ਤੇ ਚੌਥੀ ਤੁਕ ਵਿਚ ਕੀਤੇ ਪ੍ਰਸ਼ਨ ਦਾ ਉੱਤਰ ਅਖ਼ੀਰਲੀਆਂ ਤਿੰਨ ਤੁਕਾਂ ਹੈ-ਜੇ ਅੰਮਿ੍ਰਤ ਵੇਲੇ ਵਡਿਆਈਆਂ ਵਿਚਾਰੀਏ ਤਾਂ ਉਸ ਦੀ ਮਿਹਰ ਨਾਲ ਸਿਫ਼ਤ-ਰੂਪ ਕੱਪੜਾ ਮਿਲਦਾ ਹੈ ਤੇ ਉਹ ਪ੍ਰਭੂ ਹਰ ਥਾਂ ਦਿੱਸ ਪੈਂਦਾ ਹੈ ।
ਜਾਣੀਐ = ਜਾਣ ਲਈਦਾ ਹੈ, ਅਨੁਭਵ ਕਰ ਲਈਦਾ ਹੈ ।
ਸਭੁ = ਸਭ ਥਾਈਂ ।
ਸਚਿਆਰੁ = ਹੋਂਦ ਦਾ ਘਰ, ਹਸਤੀ ਦਾ ਮਾਲਕ ।੪ ।
    
Sahib Singh
ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨੀਯਮ ਭੀ ਸਦਾ ਅਟੱਲ ਹੈ ।
ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ ।
ਅਸੀ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ,‘(ਹੇ ਹਰੀ! ਸਾਨੂੰ ੱਦਾਤਾਂ) ਦੇਹ’ ।
ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ ।

ਨੋਟ: ਉਸ ਦੀ ਬੋਲੀ ਪ੍ਰੇਮ ਹੈ ।
ਪ੍ਰੇਮ ਹੀ ਵਸੀਲਾ ਹੈ, ਜਿਸ ਦੀ ਰਾਹੀਂ ਉਹ ਸਾਡੇ ਨਾਲ ਗੱਲਾਂ ਕਰਦਾ ਹੈ, ਅਸੀ ਉਸ ਨਾਲ ਕਰ ਸਕਦੇ ਹਾਂ ।
(ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ ?
ਅਸੀ ਮੂੰਹੋਂ ਕਿਹੜਾ ਬਚਨ ਬੋਲੀਏ (ਭਾਵ, ਕਿਹੋ ਜਿਹੀ ਅਰਦਾਸ ਕਰੀਏ) ਜਿਸ ਨੂੰ ਸੁਣ ਕੇ ਉਹ ਹਰੀ (ਸਾਨੂੰ) ਪਿਆਰ ਕਰੇ ।
ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ ।
(ਇਸ ਤ੍ਰਹਾਂ) ਪ੍ਰਭੂ ਦੀ ਮਿਹਰ ਨਾਲ ‘ਸਿਫਤਿ’-ਰੂਪ ਪਟੋਲਾ ਮਿਲਦਾ ਹੈ, ਉਸ ਦੀ ਕਿ੍ਰਪਾ-ਦਿ੍ਰਸ਼ਟੀ ਨਾਲ ‘ਕੂੜ ਦੀ ਪਾਲਿ’ ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ ।
ਹੇ ਨਾਨਕ! ਇਸ ਤ੍ਰਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ ।੪ ।

ਭਾਵ:- ਦਾਨ ਪੁੰਨ ਕਰਨ ਜਾਂ ਕੋਈ ਮਾਇਕ ਭੇਟਾ ਪੇਸ਼ ਕਰਨ ਨਾਲ ਜੀਵ ਦੀ ਪ੍ਰਭੂ ਨਾਲੋਂ ਵਿੱਥ ਮਿਟ ਨਹੀਂ ਸਕਦੀ; ਕਿਉਂਕਿ ਇਹ ਦਾਤਾਂ ਤਾਂ ਸਭ ਉਸ ਪ੍ਰਭੂ ਦੀਆਂ ਹੀ ਦਿੱਤੀਆਂ ਹੋਈਆਂ ਹਨ ।
ਉਸ ਪ੍ਰਭੂ ਨਾਲ ਗੱਲਾਂ ਉਸ ਦੀ ਆਪਣੀ ਬੋਲੀ ਵਿੱਚ ਹੀ ਹੋ ਸਕਦੀਆਂ ਹਨ, ਤੇ ਉਹ ਬੋਲੀ ਹੈ ‘ਪ੍ਰੇਮ’ ।
ਜੋ ਮਨੁੱਖ ਅੰਮਿ੍ਰਤ ਵੇਲੇ ਉੱਠ ਕੇ ਉਸ ਦੀ ਯਾਦ ਵਿੱਚ ਜੁੜਦਾ ਹੈ, ਉਸ ਨੂੰ ‘ਪ੍ਰੇਮ ਪਟੋਲਾ’ ਮਿਲਦਾ ਹੈ, ਜਿਸ ਦੀ ਬਰਕਤਿ ਨਾਲ ਉਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਣ ਲਗ ਪੈਂਦਾ ਹੈ।੪ ।
Follow us on Twitter Facebook Tumblr Reddit Instagram Youtube