ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥
ਗਾਵੈ ਕੋ ਦਾਤਿ ਜਾਣੈ ਨੀਸਾਣੁ ॥
ਗਾਵੈ ਕੋ ਗੁਣ ਵਡਿਆਈਆ ਚਾਰ ॥
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥
ਗਾਵੈ ਕੋ ਸਾਜਿ ਕਰੇ ਤਨੁ ਖੇਹ ॥
ਗਾਵੈ ਕੋ ਜੀਅ ਲੈ ਫਿਰਿ ਦੇਹ ॥
ਗਾਵੈ ਕੋ ਜਾਪੈ ਦਿਸੈ ਦੂਰਿ ॥
ਗਾਵੈ ਕੋ ਵੇਖੈ ਹਾਦਰਾ ਹਦੂਰਿ ॥
ਕਥਨਾ ਕਥੀ ਨ ਆਵੈ ਤੋਟਿ ॥
ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥
ਦੇਦਾ ਦੇ ਲੈਦੇ ਥਕਿ ਪਾਹਿ ॥
ਜੁਗਾ ਜੁਗੰਤਰਿ ਖਾਹੀ ਖਾਹਿ ॥
ਹੁਕਮੀ ਹੁਕਮੁ ਚਲਾਏ ਰਾਹੁ ॥
ਨਾਨਕ ਵਿਗਸੈ ਵੇਪਰਵਾਹੁ ॥੩॥

Sahib Singh
ਕੋ = ਕੋਈ ਮਨੁੱਖ ।
ਤਾਣੁ = ਬਲ, ਅਕਾਲ ਪੁਰਖ ਦੀ ਤਾਕਤ ।
ਕਿਸੈ = ਜਿਸ ਕਿਸੇ ਮਨੁੱਖ ਨੂੰ ।
ਤਾਣੁ = ਸਮਰਥਾ ।
ਦਾਤਿ = ਬਖਸ਼ੇ ਹੋਏ ਪਦਾਰਥ ।
ਨੀਸਾਣੁ = (ਬਖ਼ਸ਼ਸ਼ ਦਾ) ਨਿਸ਼ਾਨ ।
ਚਾਰ = ਸੁੰਦਰ, ਸੋਹਣੀਆਂ ।
ਵਿਦਿਆ = ਵਿੱਦਿਆ ਦੁਆਰਾ ।
ਵਿਖਮੁ = ਕਠਨ, ਅੌਖਾ ।
ਵੀਚਾਰੁ = ਗਿਆਨ ।
    ਸ਼ਬਦ 'ਚਾਰ' ਵਿਸ਼ੇਸ਼ਣ ਹੈ, ਜੋ ਇਕ-ਵਚਨ ਪੁਲਿੰਗ ਨਾਲ 'ਚਾਰੁ' ਹੋ ਜਾਂਦਾ ਹੈ ਤੇ ਬਹੁ-ਵਚਨ ਨਾਲ ਜਾਂ ਇਸਤ੍ਰੀ-ਲਿੰਗ ਨਾਲ 'ਚਾਰ' ਰਹਿੰਦਾ ਹੈ ।
    ਪਰ ਸ਼ਬਦ 'ਚਾਰਿ' 'ਚਹੁੰ' ਦੀ ਗਿਣਤੀ ਦਾ ਵਾਚਕ ਹੈ ।
ਜਿਵੇਂ: =
    (੧) ਚਾਰਿ ਕੁੰਟ ਦਹ ਦਿਸ ਭ੍ਰਮੇ, ਥਕਿ ਆਏ ਪ੍ਰਭ ਕੀ ਸਾਮ ।
    (੨) ਚਾਰਿ ਪਦਾਰਥ ਕਹੈ ਸਭੁ ਕੋਈ ।
    (੩) ਚਚਾ ਚਰਨ ਕਮਲ ਗੁਰ ਲਾਗਾ ।
    ਧਨਿ ਧਨਿ ਉਆ ਦਿਨ ਸੰਜੋਗ ਸਭਾਗਾ ।
    ਚਾਰਿ ਕੁੰਟ ਦਹਦਿਸ ਭ੍ਰਮਿ ਆਇਓ ।
    ਭਈ ਕਿ੍ਰਪਾ ਤਬ ਦਰਸਨੁ ਪਾਇਓ ।
    ਚਾਰ ਬਿਚਾਰ, ਬਿਨਸਿਓ ਸਭ ਦੂਆ ।
    ਸਾਧ ਸੰਗਿ ਮਨੁ ਨਿਰਮਲੁ ਹੂਆ ।
    (੪) ਤਟਿ ਤੀਰਥਿ ਨਹੀ ਮਨੁ ਪਤੀਆਇ ।
    ਚਾਰ ਅਚਾਰ ਰਹੇ ਉਰਝਾਇ ।੨ ।
ਸਾਜਿ = ਪੈਦਾ ਕਰਕੇ, ਬਣਾ ਕੇ ।
ਤਨੁ = ਸਰੀਰ ਨੂੰ ।
ਖੇਹ = ਸੁਆਹ ।
ਜੀਅ = ਜੀਵਾਤਮਾ, ਜਿੰਦਾਂ ।
ਲੈ = ਲੈ ਕੇ ।
ਦੇਹ = ਦੇ ਦੇਂਦਾ ਹੈ।ਨੋਟ:- 'ਜੀਉ' ਤੋਂ 'ਜੀਅ' ਬਹੁ-ਵਚਨ ਹੈ ।
    ਇੱਥੇ ਸ਼ਬਦ 'ਦੇਹ' ਦਾ 'ਹ' ਪਹਿਲੀ ਤੁਕ ਦੇ 'ਖੇਹ' ਨਾਲ ਮਿਲਾਉਣ ਲਈ ਵਰਤਿਆ ਹੈ ।
    ਉਂਞ ਸ਼ਬਦ 'ਦੇਹ' ਨਾਂਵ ਦਾ ਅਰਥ ਹੈ 'ਸਰੀਰ', ਜਿਵੇਂ 'ਭਰੀਐ ਹਥੁ ਪੈਰੁ ਤਨੁ ਦੇਹ' ।
    ਸ਼ਬਦ 'ਦੇ', 'ਦੇਹਿ' ਅਤੇ 'ਦੇਹ' ਨੂੰ ਚੰਗੀ ਤ੍ਰਹਾਂ ਸਮਝਣ ਲਈ ਜਪੁਜੀ ਵਿਚੋਂ ਹੇਠ ਲਿਖੀਆਂ ਤੁਕਾਂ ਦਿੱਤੀਆਂ ਜਾਂਦੀਆਂ ਹਨ :-
    (੧) ਦੇਂਦਾ ਦੇ ਲੈਦੇ ਥਕਿ ਪਾਹਿ ।
    ਪਉੜੀ ੩ ।
    (੨) ਆਖਹਿ ਮੰਗਹਿ ਦੇਹਿ ਦੇਹਿ, ਦਾਤਿ ਕਰੇ ਦਾਤਾਰੁ ।੪ ।
    (੩) ਗੁਰਾ ਇਕ ਦੇਹਿ ਬੁਝਾਈ ।੫ ।
    (੪) ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣ ਦੇ ।੭ ।
    (੫) ਭਰੀਐ ਹਥੁ ਪੈਰੁ ਤਨੁ ਦੇਹ ।੨੦ ।
    (੬) ਦੇ ਸਾਬੂਣੁ ਲਈਐ ਓਹੁ ਧੋਇ ।੨੦ ।
    (੭) ਆਪੇ ਜਾਣੈ ਆਪੇ ਦੇਇ ।੨੫ ।
ਦੇ = ਦੇਂਦਾ ਹੈ ।
ਦੇ = ਦੇ ਕੇ ।
ਦੇਇ = ਦੇਂਦਾ ਹੈ ।
ਦੇਇ = ਦੇ ਕੇ ।
ਦੇਹ = ਸਰੀਰ ।
ਦੇਹਿ = ਦੇਹ(ਹੁਕਮੀ ਭਵਿਖਤ ਕਾਲ) ।
ਜਾਪੈ = ਜਾਪਦਾ ਹੈ, ਪਰਤੀਤ ਹੁੰਦਾ ਹੈ ।
ਹਾਦਰਾ ਹਦੂਰਿ = ਹਾਜ਼ਰ ਨਾਜ਼ਰ, ਸਭ ਥਾਈਂ ਹਾਜ਼ਰ ।
ਕਥਨਾ = ਕਹਿਣਾ, ਬਿਆਨ ਕਰਨਾ ।
ਕਥਨਾ ਤੋਟਿ = ਕਹਿਣ ਦੀ ਟੋਟ, ਗੁਣ ਵਰਣਨ ਕਰਨ ਦਾ ਅੰਤ ।
ਕਥਿ = ਆਖ ਕੇ ।
ਕਥਿ ਕਥਿ ਕਥੀ = ਆਖ ਆਖ ਕੇ ਆਖੀ ਹੈ, ਕਥਨਾ ਕਥ ਕਥ ਕੇ ਕਥੀ ਹੈ, ਬੇਅੰਤ ਵਾਰੀ ਪ੍ਰਭੂ ਦੇ ਹੁਕਮ ਦਾ ਵਰਣਨ ਕੀਤਾ ਹੈ ।
ਕੋਟਿ = ਕ੍ਰੋੜ, ਕ੍ਰੋੜਾਂ ਜੀਵਾਂ ਨੇ ।
    ਲਫ਼ਜ਼ ਕੋਟਿ, ਕੋਟੁ, ਕੋਟ ਦਾ ਨਿਰਣਾ-
(੧) ਕੋਟਿ = ਕ੍ਰੋੜ (ਵਿਸ਼ੇਸ਼ਣ) ।
    ਕੋਟਿ ਕਰਮ ਕਰੈ ਹਉ ਧਾਰੇ ।
    ਸ੍ਰਮੁ ਪਾਵੈ ਸਗਲੇ ਬਿਰਥਾਰੇ ।੩।੧੨ ।
    (ਸੁਖਮਨੀ ਕੋਟਿ ਖਤੇ ਖਿਨ ਬਖਸਨਹਾਰ ।੩।੩੦ ।
    (ਭੈਰਉ ਮ: ੫
(੨) ਕੋਟੁ = ਕਿਲ੍ਹਾ (ਨਾਂਵ ਇਕ-ਵਚਨ) ।
    ਲੰਕਾ ਸਾ ਕੋਟੁ ਸਮੁੰਦ ਸੀ ਖਾਈ ।
    (ਆਸਾ ਕਬੀਰ ਜੀ ਏਕੁ ਕੋਟਿ ਪੰਚ ਸਿਕਦਾਰਾ (ਸੂਹੀ ਕਬੀਰ ਜੀ
(੩) ਕੋਟ = ਕਿਲ੍ਹੇ (ਨਾਂਵ, ਬਹੁ ਵਚਨ) ।
    ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ।
(ਸਿਰੀ ਰਾਗ ਮ: ੧ ਦੇਦਾ = ਦੇਂਦਾ, ਦੇਣ ਵਾਲਾ, ਦਾਤਾਰ ਰੱਬ ।
ਦੇ = (ਸਦਾ) ਦੇਂਦਾ ਹੈ, ਦੇ ਰਿਹਾ ਹੈ ।
ਲੈਦੇ = ਲੈਂਦੇ, ਲੈਣ ਵਾਲੇ ਜੀਵ ।
ਥਕਿ ਪਾਹਿ = ਥਕ ਪੈੰਦੇ ਹਨ ।
ਜੁਗਾ ਜੁਗੰਤਰਿ = ਜੁਗ ਜੁਗ ਅੰਤਰਿ, ਸਾਰੇ ਜੁਗਾਂ ਵਿਚ ਹੀ, ਸਦਾ ਤੋਂ ਹੀ ।
ਖਾਹੀ ਖਾਹਿ = ਖਾਂਦੇ ਹੀ ਖਾਂਦੇ ਹਨ, ਵਰਤਦੇ ਚਲੇ ਆ ਰਹੇ ਹਨ ।
ਹੁਕਮੀ = ਹੁਕਮ ਦਾ ਮਾਲਕ ਅਕਾਲ ਪੁਰਖ ।
ਹੁਕਮੀ ਹੁਕਮੁ = ਹੁਕਮ ਵਾਲੇ ਹਰੀ ਦਾ ਹੁਕਮ ।
ਰਾਹੁ = ਰਸਤਾ, ਸੰਸਾਰ ਦੀ ਕਾਰ ।
ਨਾਨਕ = ਹੇ ਨਾਨਕ !
ਵਿਗਸੈ = ਖਿੜ ਰਿਹਾ ਹੈ, ਪਰਸੰਨ ਹੈ ।
ਵੇਪਰਵਾਹੁ = ਬੇਫਿਕਰ, ਚਿੰਤਾ ਤੋਂ ਰਹਿਤ ।੩ ।
    
Sahib Singh
ਜਿਸ ਕਿਸੇ ਮਨੁੱਖ ਨੂੰ ਸਮਰਥਾ ਹੁੰਦੀ ਹੈ, ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ, (ਭਾਵ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ, ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪਰਗਟ ਹੋਵੇ) ।
ਕੋਈ ਮਨੁੱਖ ਉਸ ਦੀਆਂ ਦਾਤਾਂ ਨੂੰ ਹੀ ਗਾਉਂਦਾ ਹੈ, (ਕਿਉਂਕਿ ਇਹਨਾਂ ਦਾਤਾਂ ਨੂੰ ਉਹ ਰੱਬ ਦੀ ਰਹਿਮਤ ਦਾ) ਨਿਸ਼ਾਨ ਸਮਝਦਾ ਹੈ ।
ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ ।
ਕੋਈ ਮਨੁੱਖਵਿੱਦਿਆ ਦੇ ਬਲ ਨਾਲ ਅਕਾਲ ਪੁਰਖ ਦੇ ਕਠਨ ਗਿਆਨ ਨੂੰ ਗਾਉਂਦਾ ਹੈ (ਭਾਵ, ਸ਼ਾਸਤਰ ਆਦਿਕ ਦੁਆਰਾ ਆਤਮਕ ਫ਼ਿਲਾਸਫ਼ੀ ਦੇ ਅੌਖੇ ਵਿਸ਼ਿਆਂ ’ਤੇ ਵਿਚਾਰ ਕਰਦਾ ਹੈ) ।
ਕੋਈ ਮਨੁੱਖ ਇਉਂ ਗਾਉਂਦਾ ਹੈ, ‘ਅਕਾਲ ਪੁਰਖ ਸਰੀਰ ਨੂੰ ਬਣਾ ਕੇ (ਫਿਰ) ਸੁਆਹ ਕਰ ਦੇਂਦਾ ਹੈ’ ।
ਕੋਈ ਇਉਂ ਗਾਉਂਦਾ ਹੈ, ‘ਹਰੀ (ਸਰੀਰਾਂ ਵਿਚੋਂ) ਜਿੰਦਾਂ ਕੱਢ ਕੇ ਫਿਰ (ਦੂਜੇ ਸਰੀਰਾਂ ਵਿਚ) ਪਾ ਦੇਂਦਾ ਹੈ’ ।
ਕੋਈ ਮਨੁੱਖ ਆਖਦਾ ਹੈ, ‘ਅਕਾਲ ਪੁਰਖ ਦੂਰ ਜਾਪਦਾ ਹੈ, ਦੂਰ ਦਿੱਸਦਾ ਹੈ’; ਪਰ ਕੋਈ ਆਖਦਾ ਹੈ, ‘(ਨਹੀਂ, ਨੇੜੇ ਹੈ), ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ’ ।
ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ, ਪਰ ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ) ।
ਦਾਤਾਰ ਅਕਾਲ ਪੁਰਖ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ ।
(ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ ।
ਹੁਕਮ ਵਾਲੇ ਰੱਬ ਦਾ ਹੁਕਮ ਹੀ (ਸੰਸਾਰ ਦੀ ਕਾਰ ਵਾਲਾ) ਰਸਤਾ ਚਲਾ ਰਿਹਾ ਹੈ ।
ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ ਹੈ ਤੇ ਪਰਸੰਨ ਹੈ ।
(ਭਾਵ, ਭਾਵੇਂ ਰੱਬ ਹਰ ਵੇਲੇ ਸੰਸਾਰ ਦੇ ਬੇਅੰਤ ਜੀਵਾਂ ਨੂੰ ਅਤੁੱਟ ਪਦਾਰਥ ਤੇ ਰਿਜ਼ਕ ਪਹੁੰਚਾ ਰਿਹਾ ਹੈ, ਪਰ ਏਡੀ ਵੱਡੀ ਕਾਰ ਨਾਲ ਉਸ ਨੂੰ ਕੋਈ ਘਬਰਾਹਟ ਨਹੀਂ ਹੈ ।
ਉਹ ਸਦਾ ਖਿੜਿਆ ਹੋਇਆ ਹੈ ।
ਉਸ ਨੂੰ ਏਡੇ ਵੱਡੇ ਪਸਾਰੇ ਵਿਚ ਖਚਿਤ ਨਹੀਂ ਹੋਣਾ ਪੈਂਦਾ ।
ਉਸ ਦੀ ਇਕਹੁਕਮ-ਰੂਪ ਸੱਤਾ ਹੀ ਸਾਰੇ ਵਿਹਾਰ ਨੂੰ ਨਿਬਾਹ ਰਹੀ ਹੈ) ।੩ ।

ਭਾਵ:- ਪ੍ਰਭੂ ਦੇ ਵੱਖੋ-ਵੱਖਰੇ ਕੰਮ ਵੇਖ ਕੇ ਮਨੁੱਖ ਆਪੋ ਆਪਣੀ ਸਮਝ ਅਨੁਸਾਰ ਪ੍ਰਭੂ ਦੀ ਹੁਕਮ-ਰੂਪ ਤਾਕਤ ਦਾ ਅੰਦਾਜ਼ਾ ਲਾਂਦੇ ਚਲੇ ਆ ਰਹੇ ਹਨ, ਪਰ ਕਿਸੇ ਪਾਸੋਂ ਮੁਕੰਮਲ ਅੰਦਾਜ਼ਾ ਲੱਗ ਨਹੀਂ ਸਕਿਆ ।
Follow us on Twitter Facebook Tumblr Reddit Instagram Youtube