ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥

Sahib Singh
ਹੁਕਮੀ = ਹੁਕਮ ਵਿਚ, ਅਕਾਲ ਪੁਰਖ ਦੇ ਹੁਕਮ ਅਨੁਸਾਰ ।
ਹੋਵਨਿ = ਹੁੰਦੇ ਹਨ, ਹੋਂਦ ਵਿਚ ਆਉਂਦੇ ਹਨ, ਬਣ ਜਾਂਦੇ ਹਨ ।
ਆਕਾਰ = ਸਰੂਪ, ਸ਼ਕਲਾਂ, ਸਰੀਰ ।
ਨ ਕਹਿਆ ਜਾਈ = ਕਹਿਆ ਨ ਜਾਈ, ਕਥਨ ਨਹੀਂ ਕੀਤਾ ਜਾ ਸਕਦਾ ।
ਜੀਅ = ਜੀਅ ਜੰਤ ।
ਹੁਕਮਿ = ਹੁਕਮ ਅਨੁਸਾਰ ।
ਵਡਿਆਈ = ਆਦਰ, ਸ਼ੋਭਾ ।
ਉਤਮੁ = ਸ੍ਰੇਸ਼ਟ, ਚੰਗਾ ।
ਲਿਖਿ = ਲਿਖ ਕੇ, ਲਿਖੇ ਅਨੁਸਾਰ ।
ਪਾਈਅਹਿ = ਪਾਈਦੇ ਹਨ, ਭੋਗੀਦੇ ਹਨ ।
ਇਕਨਾ = ਕਈ ਮਨੁੱਖਾਂ ਨੂੰ ।
ਬਖਸੀਸ = ਦਾਤ, ਬਖ਼ਸ਼ਸ਼ ।
ਇਕਿ = ਕਈ ਮਨੁੱਖ ।
ਭਵਾਈਅਹਿ = ਭਵਾਈਦੇ ਹਨ, ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ ।
ਅੰਦਰਿ = ਰੱਬ ਦੇ ਹੁਕਮ ਵਿਚ ਹੀ ।
ਸਭੁ ਕੋ = ਹਰੇਕ ਜੀਵ ।
ਬਾਹਰਿ ਹੁਕਮ = ਹੁਕਮ ਤੋਂ ਬਾਹਰ ।
ਹੁਕਮੈ = ਹੁਕਮ ਨੂੰ ।
ਬੁਝੈ = ਸਮਝ ਲਏ ।
ਹਉਮੈ ਕਹੈ ਨ = ਹਉਮੈ ਦੇ ਬਚਨ ਨਹੀਂ ਆਖਦਾ, ਮੈਂ ਮੈਂ ਨਹੀਂ ਆਖਦਾ,ਸੁਆਰਥੀ ਨਹੀਂ ਬਣਦਾ ।
    
Sahib Singh
ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ ।
ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ ’ਤੇ) ਸ਼ੋਭਾ ਮਿਲਦੀ ਹੈ ।
ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ ।
ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ ।
ਹੁਕਮ ਵਿਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਭਵਾਈਦੇ ਹਨ ।
ਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ ।
ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ) ।੨ ।

ਭਾਵ:- ਪ੍ਰਭੂ ਦੇ ਹੁਕਮ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਉਹ ਥੋੜ੍ਹ-ਵਿਤਾ ਨਹੀਂ ਰਹਿੰਦਾ ।
Follow us on Twitter Facebook Tumblr Reddit Instagram Youtube