॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

Sahib Singh
ਆਦਿ = ਮੁੱਢ ਤੋਂ ।
ਸਚੁ = ਹੋਂਦ ਵਾਲਾ ।
    ਸ਼ਬਦ 'ਸਚੁ' ਸੰਸਕ੍ਰਿਤ ਦੇ 'ਸਤਯ' ਦਾ ਪ੍ਰਾਕਿ੍ਰਤ ਹੈ, ਜਿਸ ਦਾ ਧਾਤੂ 'ਅਸ' ਹੈ ।
    'ਅਸ' ਦਾ ਅਰਥ ਹੈ 'ਹੋਣਾ' ।
ਜੁਗਾਦਿ = ਜੁਗਾਂ ਦੇ ਮੁੱਢ ਤੋਂ ।
ਹੈ = ਭਾਵ, ਇਸ ਵੇਲੇ ਭੀ ਹੈ ।
ਨਾਨਕ = ਹੇ ਨਾਨਕ !
ਹੋਸੀ = ਹੋਵੇਗਾ, ਰਹੇਗਾ ।੧ ।
    
Sahib Singh
ਹੇ ਨਾਨਕ! ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ ।
ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ ।੧ ।

ਨੋਟ: ਇਹ ਸ਼ਲੋਕ ਮੰਗਲਾਚਰਨ ਵਜੋਂ ਹੈ ।
ਇਸ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ਼ਟ ਦਾ ਸਰੂਪ ਬਿਆਨ ਕੀਤਾ ਹੈ, ਜਿਸ ਦਾ ਜਪ ਸਿਮਰਨ ਕਰਨ ਦਾ ਉਪਦੇਸ਼ ਇਸ ਸਾਰੀ ਬਾਣੀ 'ਜਪੁ' ਵਿਚ ਕੀਤਾ ਗਿਆ ਹੈ ।
ਇਸ ਤੋਂ ਅਗਾਂਹ ਬਾਣੀ 'ਜਪੁ' ਦਾ ਮਜ਼ਮੂਨ ਸ਼ੁਰੂ ਹੁੰਦਾ ਹੈ ।
Follow us on Twitter Facebook Tumblr Reddit Instagram Youtube