ਪਉੜੀ ॥
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥
ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥
ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥
ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥
ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥
ਜਿਨ੍ਹੀ ਪਛਾਤਾ ਹੁਕਮੁ ਤਿਨ੍ਹ ਕਦੇ ਨ ਰੋਵਣਾ ॥
ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥

Sahib Singh
ਤਿਵੈ = ਉਸੇ ਤ੍ਰਹਾਂ ।
ਰੰਗਿ = ਪਿਆਰ ਵਿਚ ।
ਦੁਰਮਤਿ = ਭੈੜੀ ਮੱਤ ।
ਨਿਰੰਕਾਰ = ਹੇ ਨਿਰੰਕਾਰ !
ਨ ਜੋਵਣਾ = ਜੋਏ ਨਹੀਂ ਜਾਂਦੇ, ਪਾਏ ਨਹੀਂ ਜਾਂਦੇ ।
ਨੈਣ = ਅੱਖਾਂ ਨਾਲ ।
ਅਲੋਵਣਾ = ਵੇਖਦੇ ਹਨ ।
ਨ ਰੋਵਣਾ = ਪਛੁਤਾਂਦੇ ਨਹੀਂ ।
    
Sahib Singh
(ਹੇ ਪ੍ਰਭੂ! ਜਗਤ ਵਿਚ) ਉਸੇ ਤ੍ਰਹਾਂ ਵਰਤਾਰਾ ਵਰਤਦਾ ਹੈ ਜਿਵੇਂ ਤੇਰਾ ਹੁਕਮ ਹੁੰਦਾ ਹੈ, ਜਿਥੇ ਜਿਥੇ ਤੂੰ ਆਪ (ਜੀਵਾਂ ਨੂੰ) ਰੱਖਦਾ ਹੈਂ, ਓਥੇ ਹੀ (ਜੀਵ) ਜਾ ਖਲੋਂਦੇ ਹਨ; ਜੋ ਜੀਵ ਤੇਰੇ ਨਾਮ ਦੇ ਪਿਆਰ ਵਿਚ (ਰਹਿੰਦੇ) ਹਨ ਉਹ ਭੈੜੀ ਮੱਤ ਧੋ ਲੈਂਦੇ ਹਨ, ਹੇ ਨਿਰੰਕਾਰ! ਤੈਨੂੰ ਸਿਮਰ ਸਿਮਰ ਕੇ ਭਟਕਣਾ ਤੇ ਡਰ ਦੂਰ ਕਰ ਲੈਂਦੇ ਹਨ ।
ਜੋ ਮਨੁੱਖ ਤੇਰੇ ਪਿਆਰ ਵਿਚ ਰੰਗੇ ਜਾਂਦੇ ਹਨ ਉਹ ਜੂਨਾਂ ਵਿਚ ਨਹੀਂ ਪਾਏ ਜਾਂਦੇ, ਅੰਦਰ ਬਾਹਰ (ਹਰ ਥਾਂ) ਉਹ ਇਕ (ਤੈਨੂੰ ਹੀ) ਅੱਖਾਂ ਨਾਲ ਵੇਖਦੇ ਹਨ ।
ਹੇ ਨਾਨਕ! ਜਿਨ੍ਹਾਂ ਨੇ ਪ੍ਰਭੂ ਦਾ ਹੁਕਮ ਪਛਾਣਿਆ ਹੈ ਉਹ ਕਦੇ ਪਛੁਤਾਂਦੇ ਨਹੀਂ (ਕਿਉਂਕਿ ਉਹ ਕਿਸੇ ਵਿਕਾਰ ਵਿਚ ਫਸਦੇ ਹੀ ਨਹੀਂ, ਸਗੋਂ) ਪ੍ਰਭੂ ਦਾ ਨਾਮ-ਰੂਪ ਬਖ਼ਸ਼ੀਸ਼ (ਸਦਾ ਆਪਣੇ) ਮਨ ਵਿਚ ਪਰੋਈ ਰੱਖਦੇ ਹਨ ।੧੮ ।
Follow us on Twitter Facebook Tumblr Reddit Instagram Youtube