ਪਉੜੀ ॥
ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥
ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥
ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ ॥
ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥
ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥

Sahib Singh
ਬਿਖਮ = ਅੌਖਾ ।
ਤਰੀਐ ਤਾਰੀ = ਤਾਰੀ ਤਰੀ ਜਾਏ, ਪਾਰ ਲੰਘਿਆ ਜਾਏ ।
ਅਨਦਿਨੁ = ਹਰ ਰੋਜ਼ ।
ਰਤਿਆ = ਜੇ ਰੰਗੇ ਜਾਈਏ ।
    
Sahib Singh
(ਪ੍ਰਭੂ ਦੀ ਰਚੀ ਹੋਈ) ਮਾਇਆ ਦਾ ਮੋਹ ਤੇ ਅਗਿਆਨ (ਰੂਪ ਸਮੁੰਦਰ) ਬੜਾ ਭਾਰਾ ਅੌਖਾ ਹੈ; ਜੇ ਬੜੇ ਪਾਪਾਂ (ਰੂਪ) ਪੱਥਰਾਂ ਨਾਲ ਲੱਦੇ ਹੋਵੀਏ (ਤਾਂ ਇਸ ਸਮੁੰਦਰ ਵਿਚੋਂ) ਕਿਵੇਂ ਤਰ ਕੇ ਲੰਘ ਸਕੀਦਾ ਹੈ ?
(ਭਾਵ, ਇਸ ਮੋਹ-ਸਮੁੰਦਰ ਵਿਚੋਂ ਸੁੱਕਾ ਬਚ ਕੇ ਲੰਘ ਨਹੀਂ ਸਕੀਦਾ) ।
ਪ੍ਰਭੂ ਉਹਨਾਂ ਮਨੁੱਖਾਂ ਨੂੰ ਪਾਰ ਲੰਘਾਂਦਾ ਹੈ ਜੋ ਹਰ ਰੋਜ਼ (ਭਾਵ, ਹਰ ਵੇਲੇ) ਉਸ ਦੀ ਭਗਤੀ ਵਿਚ ਰੰਗੇ ਹੋਏ ਹਨ, ਜਿਨ੍ਹਾਂ ਦਾ ਮਨ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਵਿਕਾਰ ਨੂੰ ਛੱਡ ਕੇ ਪਵਿੱਤ੍ਰ ਹੋ ਜਾਂਦਾ ਹੈ ।
(ਸੋ) ਪ੍ਰਭੂ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ (ਇਸ ‘ਮਾਇਆ-ਮੋਹ’ ਰੂਪ ਸਮੁੰਦਰ ਤੋਂ) ਪਾਰ ਲੰਘਾਂਦਾ ਹੈ ।੩ ।
Follow us on Twitter Facebook Tumblr Reddit Instagram Youtube