ਗੂਜਰੀ ਮਹਲਾ ੪ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥
ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥

ਮਨ ਰੇ ਹਰਿ ਕੀਰਤਿ ਤਰੁ ਤਾਰੀ ॥
ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ ॥ ਰਹਾਉ ॥

ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ ॥
ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ ॥੨॥

ਅਲਖ ਨਿਰੰਜਨੁ ਏਕੋ ਵਰਤੈ ਏਕਾ ਜੋਤਿ ਮੁਰਾਰੀ ॥
ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥੩॥

ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ॥
ਸਫਲ ਜਨਮੁ ਭਇਆ ਤਿਨ ਕੇਰਾ ਆਪਿ ਤਰੇ ਕੁਲ ਤਾਰੀ ॥੪॥

ਮਨਮੁਖ ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ ॥
ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ ॥੫॥

ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥
ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥੬॥

ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ ॥
ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥੭॥

ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ ॥
ਨਾਨਕ ਹਰਿ ਬਿਨੁ ਅਵਰੁ ਨ ਮਾਗਉ ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥

Sahib Singh
ਜੀਅਰਾ = ਕਮਜ਼ੋਰ ਜਿੰਦ ।
ਖੀਰ = ਦੁੱਧ ।
ਅਧਾਰ = ਆਸਰਾ ।
ਖੀਰ ਅਧਾਰੀ = ਖੀਰ ਅਧਾਰਿ, ਦੁੱਧ ਦੇ ਸਹਾਰੇ ਤੇ ।
ਅਗਮ = ਅਪਹੁੰਚ ।
ਅਗੋਚਰ = {ਅ = ਗੋ-ਚ-ਰ} ਜਿਸ ਤਕ ਗਿਆਨ-ਇੰਦਿ੍ਰਆਂ ਦੀ ਪਹੁੰਚ ਨਹੀਂ ਹੋ ਸਕਦੀ ।
ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ, ਗੁਰੂ ਦੀ ਸਰਨ ਪਿਆਂ ।
ਕੈ = ਤੋਂ ।੧ ।
ਕੀਰਤਿ = ਸਿਫ਼ਤਿ = ਸਾਲਾਹ ।
ਤਰੁ ਤਾਰੀ = ਤਾਰੀ ਤਰ, ਪਾਰ ਲੰਘਣ ਦਾ ਉੱਦਮ ਕਰ ।
ਅੰਮਿ੍ਰਤ ਜਲੁ = ਆਤਮਕ ਜੀਵਨ ਦੇਣ ਵਾਲਾ ਜਲ ।ਰਹਾਉ ।
ਸੇਵਹਿ = ਸੇਵਾ = ਭਗਤੀ ਕਰਦੇ ਹਨ ।
ਅਨਦਿਨੁ = ਹਰ ਰੋਜ਼ ।
ਬਨਵਾਰੀ = ਜਗਤ ਦਾ ਮਾਲਕ ਪ੍ਰਭੂ ।
ਪੈਜ = ਇੱਜ਼ਤ ।
ਸਵਾਰੀ = ਬਣਾਈ ਰੱਖੀ ।੨ ।
ਅਲਖ = ਅਦਿ੍ਰਸ਼ਟ ।
ਨਿਰੰਜਨੁ = {ਨਿਰ = ਅੰਜਨ} ਮਾਇਆ-ਕਾਲਖ ਤੋਂ ਰਹਿਤ, ਨਿਰਲੇਪ ।
ਜਾਚਿਕ = ਮੰਗਤੇ ।
ਪਸਾਰੀ = ਪਸਾਰਿ, ਪਸਾਰ ਕੇ, ਖਿਲਾਰ ਕੇ ।੩।ਅਕਥ—ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ ।
ਨਿਆਰੀ = ਅਨੋਖੀ ।
ਕੇਰਾ = ਦਾ ।
ਤਾਰੀ = ਤਾਰ ਲਈ ।੪ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ।
ਦੁਬਿਧਾ = ਡਾਵਾਂਡੋਲ ਹਾਲਤ ।
ਬਿਆਪੇ = ਫਸੇ ਰਹਿੰਦੇ ਹਨ ।
ਗੁਬਾਰੀ = ਹਨੇਰਾ ।
ਨ ਭਾਵੈ = ਚੰਗੀ ਨਹੀਂ ਲੱਗਦੀ ।
ਓਇ = {ਲਫ਼ਜ਼ ‘ਓਹ’ ਤੋਂ ਬਹੁ-ਵਚਨ} ।
ਸਣੁ = ਸਮੇਤ ।੫ ।
ਕਰਿ = ਕਰ ਕੇ ।
ਧੋਵੈ = ਧੋਂਦਾ ਹੈ ।
ਮਲਭਖੁ = ਮੈਲ ਖਾਣ ਵਾਲਾ ।੬ ।
ਪਰਪੰਚ = ਜਗਤ = ਖਿਲਾਰਾ ।
ਕਰਤੈ = ਕਰਤਾਰ ਨੇ ।
ਕਲ = ਸੱਤਾ, ਤਾਕਤ ।
ਜੁਗ ਅੰਤਰਿ = ਜਗਤ ਵਿਚ ।
{ਨੋਟ: = ਪਾਠਕ ਧਿਆਨ ਰੱਖੇ ।
    ਲਫ਼ਜ਼ ‘ਜੁਗ’ ਕਲਿਜੁਗ ਆਦਿਕ ਕਿਸੇ ‘ਜੁਗ’ ਵਾਸਤੇ ਨਹੀਂ ਫਬ ਸਕਦਾ} ।
ਖਿੰਚੈ = ਖਿੱਚ ਲੈਂਦਾ ਹੈ ।੭ ।
ਰਸਨਿ ਰਸਨਿ ਰਸਿ = ਪ੍ਰੇਮ ਨਾਲ, ਪ੍ਰੇਮ ਨਾਲ, ਪ੍ਰੇਮ ਨਾਲ ।
ਰਸਨਾ = ਜੀਭ ।
ਮਾਗਉ = ਮਾਗਉਂ, ਮੈਂ ਮੰਗਦਾ ਹਾਂ ।੮ ।
    
Sahib Singh
ਹੇ (ਮੇਰੇ) ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਦਾ ਜਤਨ ਕਰਿਆ ਕਰ ।
ਹੇ ਮਨ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਗੁਰੂ ਦੀ ਸਰਨ ਪਿਆਂ ਮਿਲਦਾ ਹੈ ।
(ਪਰ, ਹੇ ਪ੍ਰਭੂ! ਤੇਰਾ ਨਾਮ-ਜਲ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੋਵੇ ।ਰਹਾਉ ।
ਹੇ ਭਾਈ! ਮੇਰੀ ਕਮਜ਼ੋਰ ਜਿੰਦ ਪਰਮਾਤਮਾ (ਦੇ ਮਿਲਾਪ) ਤੋਂ ਬਿਨਾ ਧੀਰਜ ਨਹੀਂ ਫੜ ਸਕਦੀ, ਜਿਵੇਂ ਛੋਟਾ ਬਾਲ ਦੁੱਧ ਦੇ ਸਹਾਰੇ ਹੀ ਰਹਿ ਸਕਦਾ ਹੈ ।
ਹੇ ਭਾਈ! ਉਹ ਪ੍ਰਭੂ, ਜੋ ਅਪਹੁੰਚ ਹੈ (ਜਿਸ ਤਕ ਜੀਵ ਆਪਣੀ ਸਿਆਣਪ ਦੇ ਬਲ ਨਾਲ ਨਹੀਂ ਪਹੰੁੰਚ ਸਕਦਾ), ਜਿਸ ਤਕ ਮਨੁੱਖ ਦੇ ਗਿਆਨ-ਇੰਦਿ੍ਰਆਂ ਦੀ ਪਹੁੰਚ ਨਹੀਂ ਹੋ ਸਕਦੀ, ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ, (ਇਸ ਵਾਸਤੇ) ਮੈਂ ਆਪਣੇ ਗੁਰੂ ਤੋਂ (ਸਦਾ) ਸਦਕੇ ਜਾਂਦਾ ਹਾਂ ।੧ ।
(ਹੇ ਭਾਈ! ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਸਨਕ ਸਨੰਦਨ (ਆਦਿਕ ਰਿਸ਼ੀ) ਨਾਰਦ (ਆਦਿਕ) ਮੁਨੀ ਜਗਤ ਦੇ ਮਾਲਕ-ਪ੍ਰਭੂ ਦੀ ਹੀ ਸੇਵਾ-ਭਗਤੀ ਕਰਦੇ (ਰਹੇ) ਹਨ, ਹਰ ਵੇਲੇ (ਪ੍ਰਭੂ ਦਾ ਨਾਮ ਹੀ) ਜਪਦੇ (ਰਹੇ) ਹਨ ।
ਪ੍ਰਹਲਾਦ (ਆਦਿਕ ਜੇਹੜੇ ਜੇਹੜੇ) ਭਗਤ ਪਰਮਾਤਮਾ ਦੀ ਸਰਨ ਆਏ, ਪਰਮਾਤਮਾ ਉਹਨਾਂ ਦੀ ਇੱਜ਼ਤ ਬਚਾਂਦਾ ਰਿਹਾ ।੨ ।
ਹੇ ਭਾਈ! ਸਾਰੇ ਜਗਤ ਵਿਚ ਇਕ ਅਦਿ੍ਰਸ਼ਟ ਤੇ ਨਿਰਲੇਪ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੇ ਸੰਸਾਰ ਵਿਚ ਪਰਮਾਤਮਾ ਦਾ ਹੀ ਨੂਰ ਪ੍ਰਕਾਸ਼ ਕਰ ਰਿਹਾ ਹੈ ।
ਹੇ ਪ੍ਰਭੂ! ਇਕ ਤੂੰ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ (ਤੇਰੇ ਦਰ ਤੇ) ਮੰਗਤੇ ਹਨ (ਤੇਰੇ ਅੱਗੇ) ਹੱਥ ਖਿਲਾਰ ਕੇ ਮੰਗ ਰਹੇ ਹਨ ।੩ ।
ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਬਚਨ ਅਮੋਲਕ ਹੋ ਜਾਂਦੇ ਹਨ, ਉਹ ਸਦਾ ਉਸ ਪਰਮਾਤਮਾ ਦੀ ਅਨੋਖੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ ਲੰਘਾ ਲੈਂਦੇ ਹਨ ।੪।ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਚਿੱਤਾ-ਪਨ ਵਿਚ ਤੇ ਭੈੜੀ ਮਤਿ (ਦੇ ਪ੍ਰਭਾਵ) ਵਿਚ ਫਸੇ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ ਵਿਚ (ਮਾਇਆ ਦੇ) ਮੋਹ ਦਾ ਹਨੇਰਾ ਪਿਆ ਰਹਿੰਦਾ ਹੈ ।
(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ) ਸੰਤ ਜਨਾਂ ਦੀ (ਕੀਤੀ ਹੋਈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ) ਗੱਲ ਨਹੀਂ ਸੁਖਾਂਦੀ (ਇਸ ਵਾਸਤੇ) ਉਹ ਆਪਣੇ ਪਰਵਾਰ ਸਮੇਤ (ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ ।੫ ।
ਹੇ ਭਾਈ! ਨਿੰਦਾ ਕਰਨ ਵਾਲਾ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ (ਉਹਨਾਂ ਦੇ ਕੀਤੇ ਮੰਦ-ਕਰਮਾਂ ਦੀ) ਮੈਲ ਤਾਂ ਧੋ ਦੇਂਦਾ ਹੈ, ਪਰ ਉਹ ਆਪ ਮਾਇਆ-ਵੇੜਿ੍ਹਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ ।
ਹੇ ਭਾਈ! ਜੇਹੜੇ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਨ ਵਿਚ ਫਸੇ ਰਹਿੰਦੇ ਹਨ ਉਹ (ਇਸ ਨਿੰਦਾ ਦੇ ਸਮੁੰਦਰ ਵਿਚੋਂ) ਨਾਹ ਉਰਲੇ ਪਾਸੇ ਆ ਸਕਦੇ ਹਨ, ਨਾਹ ਪਰਲੇ ਪਾਸੇ ਲੰਘ ਸਕਦੇ ਹਨ ।੬ ।
(ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ) ?
ਇਹ ਸਾਰਾ ਜਗਤ-ਤਮਾਸ਼ਾ ਕਰਤਾਰ ਨੇ ਆਪ ਬਣਾਇਆ ਹੈ, ਕਰਤਾਰ ਨੇ ਹੀ ਇਸ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ ।
ਸਾਰੇ ਜਗਤ ਵਿਚ ਸਿਰਫ਼ ਪਰਮਾਤਮਾ ਦੀ ਸੱਤਾ ਦਾ ਧਾਗਾ ਪਸਰਿਆ ਹੋਇਆ ਹੈ, ਜਦੋਂ ਉਹ ਇਸ ਧਾਗੇ ਨੂੰ ਖਿੱਚ ਲੈਂਦਾ ਹੈ (ਤਾਂ ਜਗਤ-ਤਮਾਸ਼ਾ ਅਲੋਪ ਹੋ ਜਾਂਦਾ ਹੈ, ਤੇ) ਪਰਮਾਤਮਾ ਆਪ ਹੀ ਆਪ ਰਹਿ ਜਾਂਦਾ ਹੈ ।੭ ।
(ਹੇ ਭਾਈ! ਜੇਹੜੇ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤਿ ਪਾਰ ਲੰਘਣਾ ਚਾਹੁੰਦੇ ਹਨ ਉਹ) ਸਦਾ ਹੀ ਬੜੇ ਪ੍ਰੇਮ ਪਿਆਰ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਨੂੰ ਚੱਖਦੀ ਰਹਿੰਦੀ ਹੈ ।
ਹੇ ਨਾਨਕ! (ਆਖ—) ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਮੰਗਦਾ (ਮੈਂ ਇਹੀ ਚਾਹੁੰਦਾ ਹਾਂ ਕਿ) ਪਰਮਾਤਮਾ ਦੇ ਨਾਮ ਰਸ ਦੀ ਪ੍ਰੀਤਿ ਪਿਆਰੀ ਲੱਗਦੀ ਰਹੇ ।੮।੧।੭ ।
Follow us on Twitter Facebook Tumblr Reddit Instagram Youtube