ਆਸਾ ਮਹਲਾ ੩ ॥
ਸਤਿਗੁਰ ਤੇ ਗੁਣ ਊਪਜੈ ਜਾ ਪ੍ਰਭੁ ਮੇਲੈ ਸੋਇ ॥
ਸਹਜੇ ਨਾਮੁ ਧਿਆਈਐ ਗਿਆਨੁ ਪਰਗਟੁ ਹੋਇ ॥੧॥

ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ ॥
ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥

ਗੁਰਮੁਖਿ ਆਪੁ ਪਛਾਣਿਆ ਤਿਨ੍ਹੀ ਇਕ ਮਨਿ ਧਿਆਇਆ ॥
ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ ॥੨॥

ਏ ਮਨ ਤੇਰਾ ਕੋ ਨਹੀ ਕਰਿ ਵੇਖੁ ਸਬਦਿ ਵੀਚਾਰੁ ॥
ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ ॥੩॥

ਸਬਦਿ ਸੁਣੀਐ ਸਬਦਿ ਬੁਝੀਐ ਸਚਿ ਰਹੈ ਲਿਵ ਲਾਇ ॥
ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥੪॥

ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਦੀ ਬਿਲਮੁ ਨ ਹੋਇ ॥੫॥

ਜਿਨੀ ਨਾਮੁ ਵਿਸਾਰਿਆ ਸੇ ਮੁਏ ਮਰਿ ਜਾਹਿ ॥
ਹਰਿ ਰਸ ਸਾਦੁ ਨ ਆਇਓ ਬਿਸਟਾ ਮਾਹਿ ਸਮਾਹਿ ॥੬॥

ਇਕਿ ਆਪੇ ਬਖਸਿ ਮਿਲਾਇਅਨੁ ਅਨਦਿਨੁ ਨਾਮੇ ਲਾਇ ॥
ਸਚੁ ਕਮਾਵਹਿ ਸਚਿ ਰਹਹਿ ਸਚੇ ਸਚਿ ਸਮਾਹਿ ॥੭॥

ਬਿਨੁ ਸਬਦੈ ਸੁਣੀਐ ਨ ਦੇਖੀਐ ਜਗੁ ਬੋਲਾ ਅੰਨ੍ਹਾ ਭਰਮਾਇ ॥
ਬਿਨੁ ਨਾਵੈ ਦੁਖੁ ਪਾਇਸੀ ਨਾਮੁ ਮਿਲੈ ਤਿਸੈ ਰਜਾਇ ॥੮॥

ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ ॥
ਨਾਨਕ ਨਾਮੁ ਤਿਨ੍ਹਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ ॥੯॥੧੩॥੩੫॥

Sahib Singh
ਤੇ = ਤੋਂ, ਪਾਸੋਂ ।
ਸੋਇ = ਉਹ ਗੁਰੂ ।
ਸਹਜੇ = ਆਤਮਕ ਅਡੋਲਤਾ ਵਿਚ ।
ਗਿਆਨੁ = ਆਤਮਕ ਜੀਵਨ ਦੀ ਸੂਝ ।੧ ।
ਏ = ਹੇ !
ਹਦੂਰਿ = ਅੰਗ = ਸੰਗ ।
ਸਦ = ਸਦਾ ।
ਸਬਦਿ = ਸ਼ਬਦ ਦੀ ਰਾਹੀਂ ।੧।ਰਹਾਉ ।
ਆਪੁ = ਆਤਮਕ ਜੀਵਨ ।
ਇਕ ਮਨਿ = ਇਕ ਮਨ ਦੀ ਰਾਹੀਂ, ਸੁਰਤਿ ਜੋੜ ਕੇ ।
ਰਵਹਿ = ਮਾਣਦੀਆਂ ਹਨ ।੨ ।
ਕੋ = ਕੋਈ ।
ਮੋਖੁ ਦੁਆਰੁ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ।੩ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਲਿਵ = ਲਗਨ ।
ਮਹਲਿ = ਮਹਲ ਵਿਚ, ਪ੍ਰਭੂ ਚਰਨਾਂ ਵਿਚ ।੪ ।
ਜੁਗ ਮਹਿ = ਜਗਤ ਵਿਚ ।
ਸੋਭ = ਸੋਭਾ ।
ਬਿਲਮੁ = ਚਿਰ, ਦੇਰ ।੫ ।
ਮੁਏ = ਆਤਮਕ ਮੌਤੇ ਮਰੇ ਹੋਏ ।
ਸਾਦੁ = ਸੁਆਦ ।
ਸਮਾਹਿ = ਲੀਨ ਰਹਿੰਦੇ ਹਨ ।੬ ।
ਇਕਿ = {ਲਫ਼ਜ਼ ‘ਇਕ’ ਤੋਂ ਬਹੁ-ਵਚਨ} ।
ਮਿਲਾਇਅਨੁ = ਉਸ ਨੇ ਮਿਲਾਏ ਹਨ ।
ਅਨਦਿਨੁ = ਹਰ ਰੋਜ਼ ।੭ ।
ਭਰਮਾਇ = ਭਟਕਦਾ ਫਿਰਦਾ ਹੈ ।
ਪਾਇਸੀ = ਪਏਗਾ ।
ਤਿਸੈ ਰਜਾਇ = ਉਸ ਪ੍ਰਭੂ ਦੀ ਰਜ਼ਾ ਅਨੁਸਾਰ ।੮ ।
ਸਿਉ = ਨਾਲ ।
ਦਰਿ ਸਚੇ = ਸਦਾ = ਥਿਰ ਪ੍ਰਭੂ ਦੇ ਦਰ ਤੇ ।
ਜਾਣੂ = ਉੱਘੇ ।੯ ।
    
Sahib Singh
ਹੇ ਮੇਰੇ ਮਨ! ਕਿਤੇ ਇਹ ਨਾਹ ਸਮਝ ਲਈਂ ਕਿ ਪਰਮਾਤਮਾ (ਤੈਥੋਂ) ਦੂਰ ਵੱਸਦਾ ਹੈ, ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖ ।
(ਜੋ ਕੁਝ ਤੂੰ ਬੋਲਦਾ ਹੈਂ ਉਸ ਨੂੰ ਉਹ) ਸਦਾ ਸੁਣ ਰਿਹਾ ਹੈ, (ਤੇਰੇ ਕੰਮਾਂ ਨੂੰ ਉਹ) ਸਦਾ ਵੇਖ ਰਿਹਾ ਹੈ ।
ਗੁਰੂ ਦੇ ਸ਼ਬਦ ਵਿਚ (ਜੁੜ, ਤੈਨੂੰ ਹਰ ਥਾਂ) ਵਿਆਪਕ ਦਿੱਸ ਪਏਗਾ ।੧।ਰਹਾਉ ।
ਜਦੋਂ ਪ੍ਰਭੂ ਉਸ ਗੁਰੂ ਨਾਲ ਮਿਲਾ ਦੇਂਦਾ ਹੈ ਤਦੋਂ ਗੁਰੂ ਪਾਸੋਂ ਗੁਣਾਂ ਦੀ ਦਾਤਿ ਮਿਲਦੀ ਹੈ, ਜਿਸ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਹਰਿ-ਨਾਮ ਦਾ ਸਿਮਰਨ ਕੀਤਾ ਜਾ ਸਕਦਾ ਹੈ, ਤੇ, ਅੰਦਰ ਆਤਮਕ ਜੀਵਨ ਦੀ ਸੂਝ ਉੱਘੜ ਪੈਂਦੀ ਹੈ ।੧ ।
ਗੁਰੂ ਦੇ ਸਨਮੁਖ ਰਹਿਣ ਵਾਲੀਆਂ ਜੀਵ-ਇਸਤ੍ਰੀਆਂ ਆਪਣੇ ਆਤਮਕ ਜੀਵਨ ਨੂੰ ਪੜਤਾਲਦੀਆਂ ਰਹਿੰਦੀਆਂ ਹਨ, ਸੁਰਤਿ ਜੋੜ ਕੇ ਸਿਮਰਨ ਕਰਦੀਆਂ ਹਨ, ਸਦਾ ਆਪਣੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀਆਂ ਹਨ, ਤੇ ਸਦਾ-ਥਿਰ ਪ੍ਰਭੂ ਨਾਮ ਵਿਚ ਜੁੜ ਕੇ ਆਤਮਕ ਆਨੰਦ ਹਾਸਲ ਕਰਦੀਆਂ ਹਨ ।੨ ।
ਹੇ ਮਨ! ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਵੇਖ (ਪ੍ਰਭੂ ਤੋਂ ਬਿਨਾ) ਤੇਰਾ ਕੋਈ (ਸੱਚਾ) ਸਾਥੀ ਨਹੀਂ ਹੈ, ਦੌੜ ਕੇ ਪ੍ਰਭੂ ਦੀ ਸਰਨ ਆ ਪਉ, (ਇਸ ਤ੍ਰਹਾਂ ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭਲਏਂਗਾ ।੩ ।
ਹੇ ਮਨ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਨਾਮ ਸੁਣਿਆ ਜਾ ਸਕਦਾ ਹੈ ।
ਸ਼ਬਦ ਦੀ ਰਾਹੀਂ ਹੀ (ਸਹੀ ਜੀਵਨ-ਰਾਹ) ਸਮਝਿਆ ਜਾ ਸਕਦਾ ਹੈ ।
(ਜੇਹੜਾ ਮਨੁੱਖ ਗੁਰ-ਸ਼ਬਦ ਵਿਚ ਚਿੱਤ ਜੋੜਦਾ ਹੈ ਉਹ) ਸਦਾ-ਥਿਰ ਹਰੀ ਵਿਚ ਸੁਰਤਿ ਜੋੜੀ ਰੱਖਦਾ ਹੈ; ਸ਼ਬਦ ਦੀ ਬਰਕਤਿ ਨਾਲ ਹੀ (ਅੰਦਰੋਂ) ਹਉਮੈ ਮੁਕਾਈ ਜਾ ਸਕਦੀ ਹੈ (ਜੇਹੜਾ ਮਨੁੱਖ ਗੁਰ-ਸ਼ਬਦ ਦਾ ਆਸਰਾ ਲੈਂਦਾ ਹੈ ਉਹ) ਸਦਾ-ਥਿਰ ਰਹਿਣ ਵਾਲੇ ਹਰੀ ਦੇ ਚਰਨਾਂ ਵਿਚ ਆਨੰਦ ਮਾਣਦਾ ਹੈ ।੪ ।
ਹੇ ਮਨ! ਜਗਤ ਵਿਚ ਨਾਮ ਦੀ ਬਰਕਤਿ ਨਾਲ ਹੀ ਸੋਭਾ ਮਿਲਦੀ ਹੈ, ਹਰਿ-ਨਾਮ ਤੋਂ ਬਿਨਾ ਮਿਲੀ ਹੋਈ ਸੋਭਾ ਅਸਲ ਸੋਭਾ ਨਹੀਂ ।
ਮਾਇਆ ਦੇ ਪ੍ਰਤਾਪ ਨਾਲ ਮਿਲੀ ਹੋਈ ਸੋਭਾ ਚਾਰ ਦਿਨ ਹੀ ਰਹਿੰਦੀ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ।੫ ।
ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਭੁਲਾ ਦਿੱਤਾ ਉਹਨਾਂ ਆਤਮਕ ਮੌਤ ਸਹੇੜ ਲਈ ਉਹ ਆਤਮਕ ਮੌਤੇ ਮਰੇ ਰਹਿੰਦੇ ਹਨ, ਜਿਨ੍ਹਾਂ ਨੂੰ ਹਰਿ-ਨਾਮ ਦੇ ਰਸ ਦਾ ਸੁਆਦ ਨਾਹ ਆਇਆ ਉਹ ਵਿਕਾਰਾਂ ਦੇ ਗੰਦ ਵਿਚ ਮਸਤ ਹੁੰਦੇ ਹਨ ।
ਜਿਵੇਂ ਗੰਦ ਦੇ ਕੀੜੇ ਗੰਦ ਵਿਚ ।੬ ।
ਕਈ ਐਸੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਹਰ ਵੇਲੇ ਆਪਣੇ ਨਾਮ ਵਿਚ ਲਾ ਕੇ ਮੇਹਰ ਕਰ ਕੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ ।
ਉਹ ਸਦਾ-ਥਿਰ ਨਾਮ-ਸਿਮਰਨ ਦੀ ਕਮਾਈ ਕਰਦੇ ਹਨ, ਸਦਾ-ਥਿਰ ਨਾਮ ਵਿਚ ਟਿਕੇ ਰਹਿੰਦੇ ਹਨ, ਹਰ ਵੇਲੇ ਸਦਾ-ਥਿਰ ਹਰੀ ਵਿਚ ਹੀ ਲੀਨ ਰਹਿੰਦੇ ਹਨ ।੭ ।
ਹੇ ਭਾਈ! ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਤੇ ਬੋਲਾ ਹੋ ਰਿਹਾ ਹੈ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ ।
ਗੁਰੂ ਦੇ ਸ਼ਬਦ ਤੋਂ ਵਾਂਜਿਆਂ ਰਹਿ ਕੇ ਹਰਿ-ਨਾਮ ਸੁਣਿਆ ਨਹੀਂ ਜਾ ਸਕਦਾ, (ਸਰਬ-ਵਿਆਪਕ ਪ੍ਰਭੂ) ਵੇਖਿਆ ਨਹੀਂ ਜਾ ਸਕਦਾ ।
ਨਾਮ ਤੋਂ ਖੁੰਝ ਕੇ (ਮਾਇਆ ਵਿਚ ਅੰਨ੍ਹਾ ਬੋਲਾ ਹੋਇਆ) ਜਗਤ ਦੁੱਖ ਹੀ ਸਹਾਰਦਾ ਰਹਿੰਦਾ ਹੈ ।
(ਜਗਤ ਦੇ ਕੀਹ ਵੱਸ!) ਹਰਿ-ਨਾਮ ਉਸ ਹਰੀ ਦੀ ਰਜ਼ਾ ਨਾਲ ਹੀ ਮਿਲ ਸਕਦਾ ਹੈ ।੮ ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਬਾਣੀ ਨਾਲ ਆਪਣਾ ਚਿੱਤ ਜੋੜਿਆ ਹੈ ਉਹ ਮਨੁੱਖ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਂਦੇ ਹਨ ।
ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹ ਉੱਘੇ ਹਨ ।੯।੧੩।੩੫ ।
Follow us on Twitter Facebook Tumblr Reddit Instagram Youtube