ਆਸਾ ਮਹਲਾ ੩ ॥
ਸਚਿ ਰਤੀਆ ਸੋਹਾਗਣੀ ਜਿਨਾ ਗੁਰ ਕੈ ਸਬਦਿ ਸੀਗਾਰਿ ॥
ਘਰ ਹੀ ਸੋ ਪਿਰੁ ਪਾਇਆ ਸਚੈ ਸਬਦਿ ਵੀਚਾਰਿ ॥੧॥

ਅਵਗਣ ਗੁਣੀ ਬਖਸਾਇਆ ਹਰਿ ਸਿਉ ਲਿਵ ਲਾਈ ॥
ਹਰਿ ਵਰੁ ਪਾਇਆ ਕਾਮਣੀ ਗੁਰਿ ਮੇਲਿ ਮਿਲਾਈ ॥੧॥ ਰਹਾਉ ॥

ਇਕਿ ਪਿਰੁ ਹਦੂਰਿ ਨ ਜਾਣਨ੍ਹੀ ਦੂਜੈ ਭਰਮਿ ਭੁਲਾਇ ॥
ਕਿਉ ਪਾਇਨ੍ਹਿ ਡੋਹਾਗਣੀ ਦੁਖੀ ਰੈਣਿ ਵਿਹਾਇ ॥੨॥

ਜਿਨ ਕੈ ਮਨਿ ਸਚੁ ਵਸਿਆ ਸਚੀ ਕਾਰ ਕਮਾਇ ॥
ਅਨਦਿਨੁ ਸੇਵਹਿ ਸਹਜ ਸਿਉ ਸਚੇ ਮਾਹਿ ਸਮਾਇ ॥੩॥

ਦੋਹਾਗਣੀ ਭਰਮਿ ਭੁਲਾਈਆ ਕੂੜੁ ਬੋਲਿ ਬਿਖੁ ਖਾਹਿ ॥
ਪਿਰੁ ਨ ਜਾਣਨਿ ਆਪਣਾ ਸੁੰਞੀ ਸੇਜ ਦੁਖੁ ਪਾਹਿ ॥੪॥

ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ ॥
ਗੁਰ ਪੂਛਿ ਸੇਵਾ ਕਰਹਿ ਸਚੁ ਨਿਰਮਲੁ ਮੰਨਿ ਵਸਾਹਿ ॥੫॥

ਸੋਹਾਗਣੀ ਸਦਾ ਪਿਰੁ ਪਾਇਆ ਹਉਮੈ ਆਪੁ ਗਵਾਇ ॥
ਪਿਰ ਸੇਤੀ ਅਨਦਿਨੁ ਗਹਿ ਰਹੀ ਸਚੀ ਸੇਜ ਸੁਖੁ ਪਾਇ ॥੬॥

ਮੇਰੀ ਮੇਰੀ ਕਰਿ ਗਏ ਪਲੈ ਕਿਛੁ ਨ ਪਾਇ ॥
ਮਹਲੁ ਨਾਹੀ ਡੋਹਾਗਣੀ ਅੰਤਿ ਗਈ ਪਛੁਤਾਇ ॥੭॥

ਸੋ ਪਿਰੁ ਮੇਰਾ ਏਕੁ ਹੈ ਏਕਸੁ ਸਿਉ ਲਿਵ ਲਾਇ ॥
ਨਾਨਕ ਜੇ ਸੁਖੁ ਲੋੜਹਿ ਕਾਮਣੀ ਹਰਿ ਕਾ ਨਾਮੁ ਮੰਨਿ ਵਸਾਇ ॥੮॥੧੧॥੩੩॥

Sahib Singh
ਸਚਿ = ਸਦਾ = ਥਿਰ ਹਰਿ-ਨਾਮ ਵਿਚ ।
ਕੈ ਸਬਦਿ = ਦੇ ਸ਼ਬਦ ਦੀ ਰਾਹੀਂ ।
ਘਰ ਹੀ = ਘਰਿ ਹੀ, ਘਰ ਵਿਚ ਹੀ {ਲਫ਼ਜ਼ ‘ਘਰਿ’ ਦੀ ਕਿ੍ਰਆ ‘’ਿ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ, ਵੇਖੋ ‘ਗੁਰਬਾਣੀ ਵਿਆਕਰਣ’} ।
ਸਚੈ ਸਬਦਿ = ਸਦਾ = ਥਿਰ ਹਰੀ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ ।੧ ।
ਗੁਣੀ = ਗੁਣਾਂ ਦੀ ਰਾਹੀਂ ।
ਲਿਵ = ਲਗਨ ।
ਵਰੁ = ਖਸਮ ।
ਕਾਮਣੀ = ਜੀਵ = ਇਸਤ੍ਰੀ ।
ਗੁਰਿ = ਗੁਰੂ ਨੇ ।
ਮੇਲਿ = ਮੇਲ ਵਿਚ ।੧।ਰਹਾਉ ।
ਇਕਿ = {ਲਫ਼ਜ਼ ‘ਇਕ’ ਤੋਂ ਬਹੁ-ਵਚਨ} ।
ਹਦੂਰਿ = ਅੰਗ = ਸੰਗ ।
ਭੁਲਾਇ = ਕੁਰਾਹੇ ਪੈ ਕੇ ।
ਰੈਣਿ = ਰਾਤ ।੨ ।
ਮਨਿ = ਮਨ ਵਿਚ ।
ਸਚੀ ਕਾਰ = ਸਦਾ = ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੀ ਕਾਰ ।
ਅਨਦਿਨੁ = ਹਰ ਰੋਜ਼ ।
ਸਹਜ = ਆਤਮਕ ਅਡੋਲਤਾ ।੩ ।
ਦੋਹਾਗਣੀ = ਮੰਦ = ਭਾਗਣਾਂ ।
ਬਿਖੁ = ਜ਼ਹਰ ।
ਖਾਹਿ = ਖਾਂਦੀਆਂ ਹਨ ।
ਸੇਜ = ਹਿਰਦਾ = ਸੇਜ ।
ਪਾਹਿ = ਪਾਂਦੀਆਂ ਹਨ ।੪ ।
ਸਦਾ = ਸਦਾ = ਥਿਰ ਰਹਿਣ ਵਾਲਾ ।
ਮਤੁ = ਮਤਾਂ ।
ਮਤੁ ਭੁਲਾਹਿ = ਕਿਤੇ ਭੁੱਲ ਨ ਜਾਈਂ ।
ਮੰਨਿ = ਮਨਿ, ਮਨ ਵਿਚ ।੫ ।
ਆਪੁ = ਆਪਾ = ਭਾਵ ।
ਸੇਤੀ = ਨਾਲ ।
ਗਹਿ ਰਹੀ = ਜੁੜ ਰਹੀ ।
ਪਾਇ = ਪਾਂਦੀ ਹੈ, ਮਾਣਦੀ ਹੈ ।੬ ।
ਪਲੈ ਕਿਛੁ ਨ ਪਾਇ = ਕੁਝ ਭੀ ਪ੍ਰਾਪਤ ਨਾਹ ਕਰ ਕੇ ।
ਮਹਲੁ = ਪ੍ਰਭੂ ਦੇ ਨਿਵਾਸ ਦਾ ਥਾਂ ।
ਅੰਤਿ = ਆਖ਼ਰ ।੭ ।
ਲਿਵ ਲਾਏ = ਸੁਰਤਿ ਜੋੜ ।
ਸਿਉ = ਨਾਲ ।
ਕਾਮਣੀ = ਹੇ ਜੀਵ = ਇਸਤ੍ਰੀ ।
ਮੰਨਿ = ਮਨਿ, ਮਨ ਵਿਚ ।੮ ।
    
Sahib Singh
ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਲਈ ਉਸ ਨੇ ਆਪਣੇ (ਪਹਿਲੇ ਕੀਤੇ) ਅੌਗੁਣ ਗੁਣਾਂ ਦੀ ਬਰਕਤਿ ਨਾਲ ਬਖ਼ਸ਼ਵਾ ਲਏ, ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ, ਗੁਰੂ ਨੇ ਉਸ ਨੂੰ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ।੧।ਰਹਾਉ ।
ਜਿਨ੍ਹਾਂ ਸੁਹਾਗਣ ਜੀਵ-ਇਸਤ੍ਰੀਆਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੋਹਣਾ ਬਣਾ ਲਿਆ, ਉਹ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀਆਂ ਗਈਆਂ; ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਨੂੰ) ਵਿਚਾਰ ਕੇ ਉਹਨਾਂ ਨੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ।੧।ਜੇਹੜੀਆਂ ਜੀਵ-ਇਸਤ੍ਰੀਆਂ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪੈ ਕੇ ਪ੍ਰਭੂ-ਪਤੀ ਨੂੰ ਅੰਗ-ਸੰਗ ਵੱਸਦਾ ਨਹੀਂ ਸਮਝਦੀਆਂ, ਉਹ ਮੰਦ-ਭਾਗਣਾਂ ਪ੍ਰਭੂ-ਪਤੀ ਨੂੰ ਨਹੀਂ ਮਿਲ ਸਕਦੀਆਂ, ਉਹਨਾਂ ਦੀ (ਜ਼ਿੰਦਗੀ ਦੀ ਸਾਰੀ) ਰਾਤ ਦੁੱਖਾਂ ਵਿਚ ਹੀ ਬੀਤ ਜਾਂਦੀ ਹੈ ।੨ ।
ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੀ ਕਾਰ ਕਮਾ ਕੇ ਜਿਨ੍ਹਾਂ ਦੇ ਮਨ ਵਿਚ ਸਦਾ-ਥਿਰ ਹਰੀ ਆ ਵੱਸਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਕੇ ਆਤਮਕ ਅਡੋਲਤਾ ਨਾਲ ਹਰ ਵੇਲੇ ਉਸ ਪ੍ਰਭੂ ਦੀ ਸੇਵਾ-ਭਗਤੀ ਕਰਦੀਆਂ ਰਹਿੰਦੀਆਂ ਹਨ ।੩ ।
ਮੰਦ-ਭਾਗਣ ਜੀਵ-ਇਸਤ੍ਰੀਆਂ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪੈ ਜਾਂਦੀਆਂ ਹਨ ਉਹ (ਮਾਇਆ ਦੇ ਮੋਹ ਵਾਲਾ ਹੀ) ਵਿਅਰਥ-ਬੋਲ ਬੋਲ ਕੇ (ਮਾਇਆ ਦੇ ਮੋਹ ਦਾ) ਜ਼ਹਰ ਖਾਂਦੀਆਂ ਰਹਿੰਦੀਆਂ ਹਨ (ਜੋ ਉਹਨਾਂ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) ।
ਉਹ ਕਦੇ ਆਪਣੇ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਂਦੀਆਂ, ਉਹਨਾਂ ਦੇ ਹਿਰਦੇ ਦੀ ਸੇਜ ਸਦਾ ਖ਼ਾਲੀ ਪਈ ਰਹਿੰਦੀ ਹੈ, ਇਸ ਵਾਸਤੇ ਉਹ ਦੁੱਖ ਹੀ ਪਾਂਦੀਆਂ ਰਹਿੰਦੀਆਂ ਹਨ ।੪ ।
ਹੇ ਮੇਰੇ ਮਨ! ਮਤਾਂ ਕਿਤੇ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਏਂ (ਚੇਤਾ ਰੱਖ) ਸਦਾ ਕਾਇਮ ਰਹਿਣ ਵਾਲਾ ਸਿਰਫ਼ ਮਾਲਕ-ਪ੍ਰਭੂ ਹੀ ਹੈ ।
ਜੇ ਤੂੰ ਗੁਰੂ ਦੀ ਸਿੱਖਿਆ ਲੈ ਕੇ ਉਸ ਦੀ ਸੇਵਾ-ਭਗਤੀ ਕਰੇਂਗਾ, ਤਾਂ ਉਸ ਸਦਾ-ਥਿਰ ਪਵਿਤ੍ਰ ਪ੍ਰਭੂ ਨੂੰ ਆਪਣੇ ਅੰਦਰ ਵਸਾ ਲਏਂਗਾ ।੫ ।
ਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਗਵਾ ਕੇ ਸਦਾ-ਥਿਰ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ, ਉਸ (ਦੇ ਹਿਰਦੇ) ਦੀ ਸੇਜ ਅਡੋਲ ਹੋ ਜਾਂਦੀ ਹੈ ਉਹ ਸਦਾ ਆਤਮਕ ਆਨੰਦ ਮਾਣਦੀ ਹੈ ।੬ ।
ਹੇ ਭਾਈ! ਜੇਹੜੇ ਬੰਦੇ ਇਹੀ ਆਖਦੇ ਆਖਦੇ ਜਗਤ ਤੋਂ ਚਲੇ ਗਏ ਕਿ ਇਹ ਮੇਰੀ ਮਾਇਆ ਹੈ ਇਹ ਮੇਰੀ ਮਲਕੀਅਤ ਹੈ ਉਹਨਾਂ ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ ।
ਮੰਦ-ਭਾਗਣ ਜੀਵ-ਇਸਤ੍ਰੀ ਨੂੰ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਨਹੀਂ ਮਿਲਦਾ, ਉਹ ਦੁਨੀਆ ਤੋਂ ਆਖ਼ਰ ਹੱਥ ਮਲਦੀ ਹੀ ਜਾਂਦੀ ਹੈ ।੭ ।
ਹੇ ਜੀਵ-ਇਸਤ੍ਰੀ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਸਿਰਫ਼ ਇੱਕ ਹੀ ਹੈ, ਉਸ ਇੱਕ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖ ।
ਹੇ ਨਾਨਕ! (ਆਖ—) ਹੇ ਜੀਵ-ਇਸਤ੍ਰੀ! ਜੇ ਤੂੰ ਸੁਖ ਹਾਸਲ ਕਰਨਾ ਚਾਹੁੰਦੀ ਹੈਂ ਤਾਂ ਉਸ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖ ।੮।੧੧।੩੩ ।
Follow us on Twitter Facebook Tumblr Reddit Instagram Youtube