ਆਸਾ ਮਹਲਾ ੩ ॥
ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥
ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥

ਏ ਮਨ ਰੂੜ੍ਹੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥
ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥

ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥
ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥

ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥
ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥

ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥
ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥

ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥
ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥

ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥
ਜਿਨ੍ਹਿ ਕੀਤੇ ਤਿਸੈ ਨ ਜਾਣਨ੍ਹੀ ਬਿਨੁ ਨਾਵੈ ਸਭਿ ਚੋਰ ॥੬॥

ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥
ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥

ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥
ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥

Sahib Singh
ਰਤੇ = ਰੰਗੇ ਹੋਏ ।
ਸਚੀ = ਸਦਾ ਕਾਇਮ ਰਹਿਣ ਵਾਲੀ ।
ਸੋਇ = ਸੋਭਾ ।
ਐਥੈ = ਇਸ ਜਗਤ ਵਿਚ ।
ਘਰਿ ਘਰਿ = ਹਰੇਕ ਘਰ ਵਿਚ ।
ਆਗੈ = ਪਰਲੋਕ ਵਿਚ ।
ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ ।
ਪਰਗਟੁ = ਮਸ਼ਹੂਰ ।੧ ।
ਏ = ਹੇ !
ਰੂੜ@ੇ = ਸੁੰਦਰ ।
ਰੰਗੁਲੇ = ਰੰਗੀਲੇ ।
ਸਦਾ = ਸਦਾ = ਥਿਰ ਰਹਿਣ ਵਾਲਾ ।
ਰਪੈ = ਰੰਗਿਆ ਜਾਏ ।੧।ਰਹਾਉ ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ ।
ਗੁਰਿ ਪਾਰਸਿ ਮਿਲਿਐ = ਜੇ ਪਾਰਸ-ਗੁਰੂ ਮਿਲ ਪਏ ।
ਕੰਚਨੁ = ਸੋਨਾ ।੨ ।
ਰੰਗੀਐ = ਰੰਗਿਆ ਜਾਂਦਾ ।
ਭੈ = ਡਰ = ਅਦਬ ਵਿਚ ।
ਭਾਇ = ਪ੍ਰੇਮ ਵਿਚ ।
ਸਚਿ = ਸਦਾ = ਥਿਰ ਹਰੀ ਵਿਚ ।
ਸਮਾਉ = ਲੀਨਤਾ ।੩ ।
ਲਾਗਿ = ਪਾਹ (ਕੱਪੜੇ ਨੂੰ ਪੱਕਾ ਰੰਗ ਚਾੜ੍ਹਨ ਤੋਂ ਪਹਿਲਾਂ ਲੂਣ ਜਾਂ ਸੋਡੇ ਵਿਚ ਰਿੰਨ੍ਹੀਦਾ ਹੈ, ਇਸ ਲਾਗ ਤੋਂ ਬਿਨਾ ਰੰਗ ਪੱਕਾ ਨਹੀਂ ਚੜ੍ਹਦਾ) ।
ਕਰਮ = (ਮਿਥੇ ਹੋਏ ਧਾਰਮਿਕ) ਕੰਮ ।
ਠਾਉ = ਥਾਂ, ਆਸਰਾ ।੪ ।
ਜਿਸ ਨੋ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ} ।
ਰਪਸੀ = ਰੰਗਿਆ ਜਾਇਗਾ ।
ਤੇ = ਪਾਸੋਂ ।੫ ।
ਸਭਿ = ਸਾਰੇ ।
ਢੋਰ = ਡੰਗਰ ।
ਜਿਨਿ@ = ਜਿਸ (ਪਰਮਾਤਮਾ) ਨੇ ।
ਤਿਸੈ = ਉਸ ਨੂੰ ।
ਜਾਣਨ@ੀ = ਜਾਣਨਿ@, ਜਾਣਦੇ ।੬ ।
ਇਕਿ = {ਲਫ਼ਜ਼ ‘ਇਕ’ ਤੋਂ ਬਹੁ-ਵਚਨ} ।
ਵਿਕਣਹਿ = ਵਿਕ ਜਾਂਦੇ ਹਨ ।
ਵੁਠਾ = ਆ ਵੱਸਿਆ ।੭ ।
ਸਿਰਿ = ਸਿਰਿ ਸਿਰਿ, ਹਰੇਕ ਦੇ ਸਿਰ ਦੀ ਰਾਹੀਂ, ਹਰੇਕ ਨੂੰ ।
ਸਵਾਰਿਅਨੁ = ਉਸ ਨੇ ਸੰਵਾਰ ਦਿੱਤੇ ਹਨ ।੮ ।
    
Sahib Singh
ਹੇ ਸੋਹਣੇ ਮਨ! ਹੇ ਰੰਗੀਲੇ ਮਨ! (ਤੂੰ ਆਪਣੇ ਉੱਤੇ) ਸਦਾ ਕਾਇਮ ਰਹਿਣ ਵਾਲਾ ਨਾਮ-ਰੰਗ ਚਾੜ੍ਹ ।
(ਹੇ ਭਾਈ!) ਜੇ (ਇਹ ਮਨ) ਸੋਹਣੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਏ, ਤਾਂ (ਇਸ ਦਾ) ਇਹ ਰੰਗ ਕਦੇ ਨਹੀਂ ਉਤਰਦਾ ਕਦੇ ਦੂਰ ਨਹੀਂ ਹੁੰਦਾ ।੧।ਰਹਾਉ ।
ਹੇ ਭਾਈ! ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ, ਇਸ ਦੁਨੀਆ ਵਿਚ ਉਹ ਹਰੇਕ ਘਰ ਵਿਚਉੱਘੇ ਹੋ ਜਾਂਦੇ ਹਨ, ਅਗਾਂਹ ਪਰਲੋਕ ਵਿਚ ਭੀ ਉਹਨਾਂ ਦੀ ਸੋਭਾ ਸਦਾ ਲਈ ਉਜਾਗਰ ਹੋ ਜਾਂਦੀ ਹੈ ।੧ ।
ਹੇ ਭਾਈ! ਮਾਇਆ ਦੇ ਪਿਆਰ ਵਿਚ ਵਿਕਾਰਾਂ ਵਿਚ ਫਸ ਕੇ ਅਸੀ ਜੀਵ ਨੀਵੇਂ ਗੰਦੇ ਆਚਰਨ ਵਾਲੇ ਤੇ ਅਹੰਕਾਰੀ ਬਣ ਜਾਂਦੇ ਹਾਂ ।
ਪਾਰਸ-ਗੁਰੂ ਦੇ ਮਿਲਿਆਂ ਅਸੀਂ ਸੋਨਾ ਬਣ ਜਾਂਦੇ ਹਾਂ, ਸਾਡੇ ਅੰਦਰ ਬੇਅੰਤ ਪ੍ਰਭੂ ਦੀ ਪਵਿਤ੍ਰ ਜੋਤਿ ਜਗ ਪੈਂਦੀ ਹੈ ।੨ ।
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਨਾਮ-ਰੰਗ ਨਾਲ) ਰੰਗਿਆ ਨਹੀਂ ਜਾ ਸਕਦਾ, ਜੇ ਗੁਰੂ ਮਿਲ ਪਏ ਤਾਂ ਹੀ ਨਾਮ-ਰੰਗ ਚੜ੍ਹਦਾ ਹੈ ।
ਜੇਹੜੇ ਮਨੁੱਖ ਗੁਰੂ ਦੇ ਡਰ-ਅਦਬ ਦੀ ਰਾਹੀਂ ਗੁਰੂ ਦੇ ਪ੍ਰੇਮ ਦੀ ਰਾਹੀਂ ਰੰਗੇ ਜਾਂਦੇ ਹਨ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ ।੩ ।
ਹੇ ਭਾਈ! ਡਰ-ਅਦਬ ਤੋਂ ਬਿਨਾ (ਮਨ-ਕੱਪੜੇ ਨੂੰ) ਪਾਹ ਨਹੀਂ ਲੱਗ ਸਕਦੀ (ਪਾਹ ਤੋਂ ਬਿਨਾ ਮਨ-ਕੱਪੜੇ ਨੂੰ ਪੱਕਾ ਪ੍ਰੇਮ-ਰੰਗ ਨਹੀਂ ਚੜ੍ਹਦਾ) ਮਨ ਸਾਫ਼-ਸੁਥਰਾ ਨਹੀਂ ਹੋ ਸਕਦਾ ।
ਇਸ ਡਰ-ਅਦਬ ਤੋਂ ਬਿਨਾ (ਮਿਥੇ ਹੋਏ ਧਾਰਮਿਕ) ਕੰਮ ਕੀਤੇ ਭੀ ਜਾਣ ਤਾਂ ਭੀ (ਮਨੁੱਖ ਝੂਠ ਦਾ ਪ੍ਰੇਮੀ ਹੀ ਰਹਿੰਦਾ ਹੈ, ਤੇ ਝੂਠੇ ਨੂੰ (ਪ੍ਰਭੂ ਦੀ ਹਜ਼ੂਰੀ ਵਿਚ) ਥਾਂ ਨਹੀਂ ਮਿਲਦੀ ।੪ ।
ਹੇ ਭਾਈ! ਸਾਧ ਸੰਧਤਿ ਵਿਚ ਲਿਆ ਕੇ ਜਿਸ ਮਨੁੱਖ (ਦੇ ਮਨ) ਨੂੰ ਪਰਮਾਤਮਾ ਆਪ ਹੀ ਨਾਮ-ਰੰਗ ਚਾੜ੍ਹਦਾ ਹੈ ਉਹੀ ਰੰਗਿਆ ਜਾਇਗਾ ।
ਸਾਧ ਸੰਗਤਿ ਪੂਰੇ ਗੁਰੂ ਦੀ ਰਾਹੀਂ ਮਿਲਦੀ ਹੈ (ਜਿਸ ਨੂੰ ਮਿਲਦੀ ਹੈ ਉਹ) ਆਤਮਕ ਅਡੋਲਤਾ ਵਿਚ, ਸਦਾ-ਥਿਰ ਪ੍ਰਭੂ ਵਿਚ, ਪ੍ਰਭੂ-ਪ੍ਰੇਮ ਵਿਚ (ਮਸਤ ਰਹਿੰਦਾ ਹੈ) ।੫ ।
ਸਾਧ ਸੰਗਤਿ ਤੋਂ ਬਿਨਾ ਸਾਰੇ ਮਨੁੱਖ ਪਸ਼ੂਆਂ ਵਾਂਗ ਤੁਰੇ ਫਿਰਦੇ ਹਨ, ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦੇ, ਉਸ ਦੇ ਨਾਮ ਤੋਂ ਬਿਨਾ ਸਾਰੇ ਉਸ ਦੇ ਚੋਰ ਹਨ ।੬ ।
(ਹੇ ਭਾਈ!) ਕਈ ਮਨੁੱਖ ਐਸੇ ਭੀ ਹਨ ਜੇਹੜੇ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕਦੇ ਹਨ, ਪ੍ਰਭੂ-ਪ੍ਰੇਮ ਵਿਚ ਜੁੜਦੇ ਹਨ, ਉਹ ਪਰਮਾਤਮਾ ਦੇ ਗੁਣ ਖ਼ਰੀਦਦੇ ਹਨ (ਗੁਣਾਂ ਦੇ ਵੱਟੇ) ਉਹਨਾਂ ਦੇ ਅੌਗੁਣ ਵਿਕ ਜਾਂਦੇ ਹਨ (ਦੂਰ ਹੋ ਜਾਂਦੇ ਹਨ) ।
ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਉਹ ਪ੍ਰਭੂ ਦਾ ਨਾਮ-ਸੌਦਾ ਪ੍ਰਾਪਤ ਕਰ ਲੈਂਦੇ ਹਨ, ਪਰਮਾਤਮਾ ਉਹਨਾਂ ਦੇ ਅੰਦਰ ਆ ਵੱਸਦਾ ਹੈ ।੭ ।
(ਪਰ, ਹੇ ਭਾਈ! ਕਿਸੇ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਸਭ ਕੁਝ ਦੇਣ ਵਾਲਾ ਹੈ, ਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿਚ ਲਾਂਦਾ ਹੈ ।
ਹੇ ਨਾਨਕ! ਉਸ ਨੇ ਆਪ ਹੀ ਆਪਣੇ ਨਾਮ ਵਿਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬਣਾਏ ਹਨ ਉਸ ਨੇ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ ।੮।੯।੩੧ ।
Follow us on Twitter Facebook Tumblr Reddit Instagram Youtube