ਆਸਾ ਮਹਲਾ ੩ ॥
ਆਪੈ ਆਪੁ ਪਛਾਣਿਆ ਸਾਦੁ ਮੀਠਾ ਭਾਈ ॥
ਹਰਿ ਰਸਿ ਚਾਖਿਐ ਮੁਕਤੁ ਭਏ ਜਿਨ੍ਹਾ ਸਾਚੋ ਭਾਈ ॥੧॥

ਹਰਿ ਜੀਉ ਨਿਰਮਲ ਨਿਰਮਲਾ ਨਿਰਮਲ ਮਨਿ ਵਾਸਾ ॥
ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ ॥੧॥ ਰਹਾਉ ॥

ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ ॥
ਗੁਰਮਤੀ ਘਟਿ ਚਾਨਣਾ ਨਾਮੁ ਅੰਤਿ ਸਖਾਈ ॥੨॥

ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ ॥
ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ ਸਬਦਿ ਵੀਚਾਰਾ ॥੩॥

ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ ॥
ਨਾਮੁ ਸਲਾਹੇ ਸਦਾ ਸਦਾ ਨਾਮੇ ਮਹਲੁ ਪਾਈ ॥੪॥

ਨਾਮੇ ਹੀ ਘਟਿ ਚਾਨਣਾ ਨਾਮੇ ਸੋਭਾ ਪਾਈ ॥
ਨਾਮੇ ਹੀ ਸੁਖੁ ਊਪਜੈ ਨਾਮੇ ਸਰਣਾਈ ॥੫॥

ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ ॥
ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥੬॥

ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ ॥
ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ ॥੭॥

ਜਿਸ ਨੋ ਦੇਵੈ ਤਿਸੁ ਮਿਲੈ ਗੁਰਮਤੀ ਨਾਮੁ ਬੁਝਾਈ ॥
ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ॥੮॥੭॥੨੯॥

Sahib Singh
ਆਪੈ ਆਪੁ = ਆਪਣੇ ਹੀ ਆਪ ਨੂੰ, ਆਪਣੇ ਹੀ ਆਤਮਕ ਜੀਵਨ ਨੂੰ ।
ਪਛਾਣਿਆ = ਪੜਤਾਲ ਕੀਤੀ ।
ਸਾਦੁ = ਸੁਆਦ ।
ਭਾਈ = ਹੇ ਭਾਈ !
ਰਸਿ ਚਾਖਿਐ = ਰਸ ਚੱਖਣ ਨਾਲ ।
ਸਾਚੋ = ਸਾਚੁ ਹੀ, ਸਦਾ = ਥਿਰ ਪ੍ਰਭੂ ਹੀ ।
ਭਾਈ = ਪਿਆਰਾ ਲੱਗਦਾ ਹੈ ।੧ ।
ਨਿਰਮਲੁ = ਪਵਿਤ੍ਰ ।
ਮਨਿ = ਮਨ ਵਿਚ ।
ਬਿਖਿਆ = ਮਾਇਆ ।
ਉਦਾਸਾ = ਨਿਰਲੇਪ ।੧।ਰਹਾਉ ।
ਆਪੁ = ਆਪਣਾ ਆਤਮਕ ਜੀਵਨ ।
ਸਭ = ਸਾਰੀ ਲੁਕਾਈ ।
ਘਟਿ = ਹਿਰਦੇ ਵਿਚ ।
ਸਖਾਈ = ਸਾਥੀ ।੨ ।
ਵਰਤਦੇ = ਟਿਕੇ ਰਹਿੰਦੇ ਹਨ ।
ਵਰਤਾਰਾ = ਵਰਤਣ = ਵਿਹਾਰ ।
ਮੁਖਿ = ਮੂੰਹ ਵਿਚ ।
ਸਬਦਿ = ਸ਼ਬਦ ਦੀ ਰਾਹੀਂ ।੩ ।
ਮੰਨੀਐ = ਮੰਨਣਾ ਚਾਹੀਦਾ ਹੈ, ਮਨ ਨੂੰ ਗਿਝਾਣਾ ਚਾਹੀਦਾ ਹੈ ।
ਮਹਲੁ = ਪਰਮਾਤਮਾ ਦੇ ਚਰਨਾਂ ਵਿਚ ਨਿਵਾਸ ।
    ੪ ।
ਨਾਮੇ = ਨਾਮ ਦੀ ਰਾਹੀਂ ।੫ ।
ਬਿਨੁ ਨਾਵੈ = ਨਾਮ ਤੋਂ ਬਿਨਾ ।
ਮੰਨੀਐ = ਆਦਰ ਪਾਂਦਾ ।
ਮਨਮੁਖਿ = ਮਨ ਦੇ ਪਿੱਛੇ ਤੁਰਨ ਵਾਲੇ ਨੇ ।
ਬਿਰਥਾ = ਵਿਅਰਥ ।੬ ।
ਗੁਰਮੁਖਿ = ਗੁਰੂ ਦੀ ਰਾਹੀਂ ।੭।ਜਿਸ ਨੋ—{ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ} ।
ਕੋ = ਕੋਈ ਵਿਰਲਾ ।੮ ।
    
Sahib Singh
ਹੇ ਭਾਈ! ਪਰਮਾਤਮਾ ਨਿਰੋਲ ਪਵਿਤ੍ਰ ਹੈ, ਉਸ ਦਾ ਨਿਵਾਸ ਪਵਿਤ੍ਰ ਮਨ ਵਿਚ ਹੀ ਹੋ ਸਕਦਾ ਹੈ ।
ਜੇ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੀਏ ਤਾਂ ਮਾਇਆ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਹੋ ਸਕੀਦਾ ਹੈ ।੧।ਰਹਾਉ ।
ਹੇ ਭਾਈ! ਪਰਮਾਤਮਾ ਦਾ ਨਾਮ-ਰਸ ਚੱਖਣ ਨਾਲ ਮਨੁੱਖ ਆਪਣੇ ਹੀ ਆਤਮਕ ਜੀਵਨ ਨੂੰ ਪੜਤਾਲਣ ਲੱਗ ਪੈਂਦਾ ਹੈ ਤੇ ਇਸ ਤ੍ਰਹਾਂ ਨਾਮ-ਰਸ ਦਾ ਸੁਆਦ ਮਿੱਠਾ ਆਉਣ ਲੱਗ ਪੈਂਦਾ ਹੈ ।
(ਨਾਮ-ਰਸ ਦੀ ਬਰਕਤਿ ਨਾਲ) ਜਿਨ੍ਹਾਂ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ ।੧ ।
ਹੇ ਭਾਈ! ਗੁਰੂ ਦੇ ਸ਼ਬਦ ਤੋਂ ਬਿਨਾ ਆਪਣੇ ਆਤਮਕ ਜੀਵਨ ਨੂੰ ਪਰਖਿਆ ਨਹੀਂ ਜਾ ਸਕਦਾ (ਸ਼ਬਦ ਤੋਂ ਬਿਨਾ) ਸਾਰੀ ਲੁਕਾਈ (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਰਹਿੰਦੀ ਹੈ ।
ਗੁਰੂ ਦੀ ਮਤਿ ਦੀ ਰਾਹੀਂ ਹਿਰਦੇ ਵਿਚ (ਵਸਾਇਆ ਹੋਇਆ ਨਾਮ ਆਤਮਕ ਜੀਵਨ ਲਈ) ਚਾਨਣ ਦੇਂਦਾ ਹੈ, ਅੰਤ ਵੇਲੇ ਭੀ ਹਰਿ-ਨਾਮ ਹੀ ਸਾਥੀ ਬਣਦਾ ਹੈ ।੨ ।
(ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਮਤਿ ਉਤੇ ਤੁਰਦੇ ਹਨ ਉਹ) ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦੇ ਹਨ, ਨਾਮ ਵਿਚ ਲੀਨ ਹੀ ਉਹ ਦੁਨੀਆ ਦੀ ਕਿਰਤਕਾਰ ਕਰਦੇ ਹਨ, ਉਹਨਾਂ ਦੇ ਹਿਰਦੇ ਵਿਚ ਨਾਮ ਟਿਕਿਆ ਰਹਿੰਦਾ ਹੈ, ਉਹਨਾਂ ਦੇ ਮੂੰਹ ਵਿਚ ਨਾਮ ਵੱਸਦਾ ਹੈ, ਉਹ ਗੁਰ-ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਹੀ ਵਿਚਾਰ ਕਰਦੇ ਰਹਿੰਦੇ ਹਨ ।੩ ।
ਹੇ ਭਾਈ! ਹਰ ਵੇਲੇ ਹਰਿ-ਨਾਮ ਸੁਣਨਾ ਚਾਹੀਦਾ ਹੈ, ਹਰਿ-ਨਾਮ ਵਿਚ ਮਨ ਗਿਝਾਣਾ ਚਾਹੀਦਾ ਹੈ, ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ।
ਜੇਹੜਾ ਮਨੁੱਖ ਸਦਾ ਹਰ ਵੇਲੇ ਹਰੀ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ ਹਰਿ-ਨਾਮ ਦੀ ਰਾਹੀਂ ਹਰਿ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ ।੪ ।
ਹੇ ਭਾਈ! ਹਰਿ-ਨਾਮ ਦੀ ਰਾਹੀਂ ਹਿਰਦੇ ਵਿਚ (ਆਤਮਕ ਜੀਵਨ ਲਈ) ਚਾਨਣ ਪੈਦਾ ਹੁੰਦਾ ਹੈ, (ਹਰ ਥਾਂ) ਸੋਭਾ ਮਿਲਦੀ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੀ ਦੀ ਹੀ ਸਰਨ ਪਏ ਰਹੀਦਾ ਹੈ ।੫ ।
ਹੇ ਭਾਈ! ਨਾਮ ਸਿਮਰਨ ਤੋਂ ਬਿਨਾ ਕਿਸੇ ਭੀ ਮਨੁੱਖ ਨੂੰ ਦਰਗਾਹ ਵਿਚ ਆਦਰ ਨਹੀਂ ਮਿਲਦਾ, ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ (ਦਰਗਾਹ ਵਿਚ) ਇੱਜ਼ਤ ਗਵਾ ਬੈਠਦਾ ਹੈ ।
ਇਹੋ ਜਿਹੇ ਮਨੁੱਖ ਜਮ ਦੀ ਪੁਰੀ ਵਿਚ ਬੱਝੇ ਮਾਰ ਖਾਂਦੇ ਹਨ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ ।੬ ।
ਹੇ ਭਾਈ! ਸਾਰੀ ਲੁਕਾਈ ਹਰਿ-ਨਾਮ (ਜਪਣ ਵਾਲੇ) ਦੀ ਸੇਵਾ ਕਰਦੀ ਹੈ, ਨਾਮ ਜਪਣ ਦੀ ਸੂਝ ਗੁਰੂ ਬਖ਼ਸ਼ਦਾ ਹੈ ।
(ਹੇ ਭਾਈ! ਹਰ ਥਾਂ) ਨਾਮ (ਜਪਣ ਵਾਲੇ) ਨੂੰ ਹੀ ਆਦਰ ਮਿਲਦਾ ਹੈ, ਨਾਮ ਦੀ ਬਰਕਤਿ ਨਾਲ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ।੭ ।
ਪਰ, ਹੇ ਭਾਈ! ਹਰਿ-ਨਾਮ ਸਿਰਫ਼ ਉਸੇ ਨੂੰ ਮਿਲਦਾ ਹੈ ਜਿਸ ਨੂੰ ਹਰੀ ਆਪ ਦੇਂਦਾ ਹੈ, ਜਿਸ ਨੂੰ ਗੁਰੂ ਦੀ ਮਤਿ ਉਤੇ ਤੋਰ ਕੇ ਨਾਮ (ਸਿਮਰਨ ਦੀ) ਸੂਝ ਬਖ਼ਸ਼ਦਾ ਹੈ ।
ਹੇ ਨਾਨਕ! ਹਰੇਕ (ਆਦਰ-ਮਾਣ) ਹਰਿ-ਨਾਮ ਦੇ ਵੱਸ ਵਿਚ ਹੈ ।
ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਹਰਿ-ਨਾਮ ਪ੍ਰਾਪਤ ਕਰਦਾ ਹੈ ।੮।੭।੨੯ ।
Follow us on Twitter Facebook Tumblr Reddit Instagram Youtube