ਆਸਾ ਮਹਲਾ ੩ ॥
ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥
ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥੧॥

ਸਤਿਗੁਰ ਤੇ ਹਰਿ ਪਾਈਐ ਭਾਈ ॥
ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥

ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥
ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥੨॥

ਅੰਦਰਿ ਮਹਲ ਅਨੇਕ ਹਹਿ ਜੀਉ ਕਰੇ ਵਸੇਰਾ ॥
ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥

ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥
ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ ॥੪॥

ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥
ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥

ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥
ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥

ਜਿਨ੍ਹੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥
ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥

ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥
ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੬॥੨੮॥

Sahib Singh
ਵਥੁ = ਵਸਤੁ, ਚੀਜ਼ {ਵÔਤੁ} ।
ਬਾਹਰਿ = ਜੰਗਲ ਆਦਿਕ ਵਿਚ ।
ਪਰਸਾਦੀ = ਕਿਰਪਾ ਨਾਲ ।
ਕਪਟ = ਕਪਾਟ, ਕਿਵਾੜ ।
ਖੁਲਾਹੀ = ਖੁਲਹਿ ।੧ ।
ਤੇ = ਪਾਸੋਂ ।
ਨਿਧਾਨੁ = ਖ਼ਜ਼ਾਨਾ ।
ਸਤਿਗੁਰਿ = ਗੁਰੂ ਨੇ ।੧।ਰਹਾਉ ।
ਰਤਨੁ = ਕੀਮਤੀ ਪਦਾਰਥ ।
ਅੰਦਰੁ = ਅੰਦਰਲਾ ਹਿਰਦਾ {ਲਫ਼ਜ਼ ‘ਅੰਦਰਿ’ ਅਤੇ ‘ਅੰਦਰੁ’ ਦਾ ਫ਼ਰਕ ਧਿਆਨ ਨਾਲ ਵੇਖੋ} ।
ਦਿਬ ਦਿਸਟਿ = ਦੈਵੀ ਨਜ਼ਰ ਨਾਲ, ਆਤਮਾ-ਦਿ੍ਰਸ਼ਟੀ ਨਾਲ ।
ਮੁਕਤਿ = ਵਿਕਾਰਾਂ ਤੋਂਖ਼ਲਾਸੀ ।੨ ।
ਅੰਦਰਿ ਮਹਲ = ਸਰੀਰ ਦੇ ਅੰਦਰ ।
ਅਨੇਕ ਹਹਿ = ਅਨੇਕਾਂ ਰਤਨ ਹਨ ।
ਜੀਉ = ਜੀਵਾਤਮਾ ।
ਮਨ ਚਿੰਦਿਆ = ਮਨ = ਇੱਛਤ ।੩ ।
ਗੁਰ ਸੋਝੀ = ਗੁਰੂ ਦੀ ਦਿੱਤੀ ਸਮਝ ।
ਸਾ = ਸੀ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।੪ ।
ਬਾਹਰੁ = ਜੰਗਲ ਆਦਿਕ {ਲਫ਼ਜ਼ ‘ਬਾਹਰਿ’ ਅਤੇ ‘ਬਾਹਰੁ’ ਦਾ ਫ਼ਰਕ ਧਿਆਨ ਨਾਲ ਵੇਖੋ} ।
ਪਤਿ = ਇਜ਼ਤ ।੫ ।
ਘਰਿ = ਘਰ ।
ਚੋਟਾ = ਸਜ਼ਾ, ਚੋਟਾਂ ।੬ ।
ਜਾਤਾ = ਪਛਾਣਿਆ ।
ਭਾਈ = ਹੇ ਭਾਈ !
ਵਡਿਆਈ = ਬਖ਼ਸ਼ਸ਼, ਬਰਕਤਿ ।੭ ।
ਕਿਸੁ = ਹੋਰ ਕਿਸ ਨੂੰ ?
ਬੁਝਾਈ = ਸਮਝ ।
ਦਰਿ ਸਚੈ = ਸਦਾ = ਥਿਰ ਪ੍ਰਭੂ ਦੇ ਦਰ ਤੇ ।੮ ।
    
Sahib Singh
ਹੇ ਭਾਈ! ਗੁਰੂ ਪਾਸੋਂ ਹੀ ਪਰਮਾਤਮਾ ਲੱਭਦਾ ਹੈ (ਉਂਝ ਤਾਂ ਹਰੇਕ ਮਨੁੱਖ ਦੇ) ਅੰਦਰ (ਪਰਮਾਤਮਾ ਦਾ) ਨਾਮ-ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਨੇ ਹੀ (ਇਹ ਖ਼ਜ਼ਾਨਾ) ਵਿਖਾਇਆ ਹੈ ।੧।ਰਹਾਉ ।
(ਹੇ ਭਾਈ! ਪਰਮਾਤਮਾ ਦਾ ਨਾਮ-) ਖ਼ਜ਼ਾਨਾ ਸਾਰਾ (ਮਨੁੱਖ ਦੇ) ਹਿਰਦੇ ਦੇ ਅੰਦਰ ਹੀ ਹੈ, ਬਾਹਰ ਜੰਗਲ ਆਦਿਕ ਵਿਚ (ਢੂੰਢਿਆਂ) ਕੁਝ ਨਹੀਂ ਮਿਲਦਾ ।
(ਪਰ, ਹਾਂ) ਇਹ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ।
(ਜਿਸ ਨੂੰ ਗੁਰੂ ਮਿਲ ਪਏ ਉਸ ਦੇ) ਅੰਦਰਲੇ ਕਿਵਾੜ (ਜੋ ਪਹਿਲਾਂ ਮਾਇਆ ਦੇ ਮੋਹ ਦੇ ਕਾਰਨ ਬੰਦ ਸਨ) ਖੁਲ੍ਹ ਜਾਂਦੇ ਹਨ ।੧ ।
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਧਨ ਦਾ ਗਾਹਕ ਬਣਦਾ ਹੈ ਉਹ (ਗੁਰੂ ਦੀ ਰਾਹੀਂ) ਹਾਸਲ ਕਰ ਲੈਂਦਾ ਹੈ ਉਹ ਆਤਮਕ ਜੀਵਨ ਦਾ ਕੀਮਤੀ ਵਿਚਾਰ ਪ੍ਰਾਪਤ ਕਰ ਲੈਂਦਾ ਹੈ, (ਮਾਇਆ ਦੇ ਮੋਹ ਦੇ ਜੰਦ੍ਰੇ ਨਾਲ ਬੰਦ ਹੋਇਆ ਹੋਇਆ ਆਪਣਾ) ਹਿਰਦਾ ਉਹ (ਗੁਰੂ ਦੀ ਕਿਰਪਾ ਨਾਲ) ਖੋਲ੍ਹ ਲੈਂਦਾ ਹੈ, ਆਤਮ ਦਿ੍ਰਸ਼ਟੀ ਨਾਲ ਵੇਖਦਾ ਹੈ ਕਿ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾਣ ਵਾਲੇ ਨਾਮ-ਧਨ ਦੇ ਖ਼ਜ਼ਾਨੇ ਭਰੇ ਪਏ ਹਨ ।੨ ।
ਹੇ ਭਾਈ! ਮਨੁੱਖ ਦੇ ਹਿਰਦੇ ਵਿਚ ਨਾਮ-ਧਨ ਦੇ ਅਨੇਕਾਂ ਖ਼ਜ਼ਾਨੇ ਮੌਜੂਦ ਹਨ, ਜੀਵਾਤਮਾ ਭੀ ਅੰਦਰ ਹੀ ਵੱਸਦਾ ਹੈ (ਜਦੋਂ ਗੁਰੂ ਦੀ ਮੇਹਰ ਨਾਲ ਸਮਝ ਪੈਂਦੀ ਹੈ, ਤਦੋਂ) ਮਨ-ਇੱਛਤ ਫਲ ਹਾਸਲ ਕਰਦਾ ਹੈ, ਤੇ ਮੁੜ ਇਸ ਨੂੰ ਜਨਮ-ਮਰਨ ਦਾ ਗੇੜ ਨਹੀਂ ਰਹਿੰਦਾ ।੩ ।
ਹੇ ਭਾਈ! ਜਿਨ੍ਹਾਂ ਨੂੰ ਗੁਰੂ ਦੀ ਦਿੱਤੀ ਹੋਈ ਸੂਝ ਮਿਲ ਗਈ ਉਹਨਾਂ ਆਤਮਕ ਜੀਵਨ ਦੀ ਪਰਖ ਕਰਨ ਵਾਲਿਆਂ ਨੇ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ ਸਾਂਭ ਲਿਆ ।
ਪ੍ਰਭੂ ਦਾ ਨਾਮ-ਖ਼ਜ਼ਾਨਾ ਕਿਸੇ ਦੁਨੀਆਵੀ ਕੀਮਤਿ ਤੋਂ ਨਹੀਂ ਮਿਲ ਸਕਦਾ ।
ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਲੱਭ ਸਕਦਾ ਹੈ ।੪ ।
ਹੇ ਭਾਈ! ਨਾਮ-ਖ਼ਜ਼ਾਨਾ ਹਿਰਦੇ ਦੇ ਅੰਦਰ ਹੀ ਹੈ, ਜੇਹੜਾ ਮਨੁੱਖ ਜੰਗਲ ਆਦਿਕ ਢੂੰਢਦਾ ਫਿਰਦਾ ਹੈ ਉਸ ਨੂੰ ਕੁਝ ਨਹੀਂ ਲੱਭਦਾ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਆਪਣੀ ਸਮਝ ਦੇ) ਭੁਲੇਖੇ ਵਿਚ ਕੁਰਾਹੇ ਪਿਆ ਹੋਇਆ ਸਾਰਾ ਜਗਤ ਭਾਲਦਾ ਫਿਰਦਾ ਹੈ ਤੇ ਇੱਜ਼ਤ ਗਵਾ ਲੈਂਦਾ ਹੈ ।੫ ।
(ਹੇ ਭਾਈ! ਜਿਵੇਂ ਕੋਈ) ਝੂਠਾ (ਠੱਗ) ਮਨੁੱਖ ਆਪਣਾ ਘਰ-ਘਾਟ ਛੱਡ ਦੇਂਦਾ ਹੈ (ਤੇ ਧਨ ਆਦਿਕ ਦੀ ਖ਼ਾਤਰ) ਪਰਾਏ ਘਰ ਵਿਚ ਜਾਂਦਾ ਹੈ ਉਹ ਚੋਰ ਵਾਂਗ ਫੜਿਆ ਜਾਂਦਾ ਹੈ (ਇਸੇ ਤ੍ਰਹ੍ਰਾਂ) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ (ਲੋਕ ਪਰਲੋਕ ਵਿਚ) ਸੱਟਾਂ ਖਾਂਦਾ ਹੈ ।੬।ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣਾ (ਹਿਰਦਾ-) ਘਰ ਚੰਗੀ ਤ੍ਰਹਾਂ ਸਮਝ ਲਿਆ ਹੈ (ਭਾਵ, ਜਿਨ੍ਹਾਂ ਨੇ) ਇਹ ਪਛਾਣ ਲਿਆ ਹੈ ਕਿ ਪਰਮਾਤਮਾ (ਸਾਡੇ) ਅੰਦਰ ਹੀ ਵੱਸਦਾ ਹੈ, ਉਹ ਸੁਖੀ ਜੀਵਨ ਬਿਤਾਂਦੇ ਹਨ ।
(ਪਰ, ਹੇ ਭਾਈ!) ਇਹ ਸਤਿਗੁਰੂ ਦੀ ਹੀ ਮੇਹਰ ਹੈ (ਗੁਰੂ ਕਿਰਪਾ ਕਰੇ ਤਦੋਂ ਹੀ ਇਹ ਸਮਝ ਪੈਂਦੀ ਹੈ) ।੭ ।
ਹੇ ਭਾਈ! ਪਰਮਾਤਮਾ ਆਪ ਹੀ ਨਾਮ ਦੀ ਦਾਤਿ ਕਰਦਾ ਹੈ, ਹੋਰ ਕਿਸੇ ਨੂੰ ਕਿਹਾ ਨਹੀਂ ਜਾ ਸਕਦਾ, ਉਹ ਪ੍ਰਭੂ ਆਪ ਹੀ ਨਾਮ ਦੀ ਸਮਝ ਬਖ਼ਸ਼ਦਾ ਹੈ ।
ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ ।
(ਜੇਹੜਾ ਮਨੁੱਖ ਨਾਮ ਸਿਮਰਦਾ ਹੈ ਉਹ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੋਭਾ ਹਾਸਲ ਕਰਦਾ ਹੈ ।੮।੬।੨੮ ।
Follow us on Twitter Facebook Tumblr Reddit Instagram Youtube