ਆਸਾ ਮਹਲਾ ੩ ॥
ਆਸਾ ਆਸ ਕਰੇ ਸਭੁ ਕੋਈ ॥
ਹੁਕਮੈ ਬੂਝੈ ਨਿਰਾਸਾ ਹੋਈ ॥
ਆਸਾ ਵਿਚਿ ਸੁਤੇ ਕਈ ਲੋਈ ॥
ਸੋ ਜਾਗੈ ਜਾਗਾਵੈ ਸੋਈ ॥੧॥

ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥
ਨਾਮੇ ਤ੍ਰਿਸਨਾ ਅਗਨਿ ਬੁਝੈ ਨਾਮੁ ਮਿਲੈ ਤਿਸੈ ਰਜਾਈ ॥੧॥ ਰਹਾਉ ॥

ਕਲਿ ਕੀਰਤਿ ਸਬਦੁ ਪਛਾਨੁ ॥
ਏਹਾ ਭਗਤਿ ਚੂਕੈ ਅਭਿਮਾਨੁ ॥
ਸਤਿਗੁਰੁ ਸੇਵਿਐ ਹੋਵੈ ਪਰਵਾਨੁ ॥
ਜਿਨਿ ਆਸਾ ਕੀਤੀ ਤਿਸ ਨੋ ਜਾਨੁ ॥੨॥

ਤਿਸੁ ਕਿਆ ਦੀਜੈ ਜਿ ਸਬਦੁ ਸੁਣਾਏ ॥
ਕਰਿ ਕਿਰਪਾ ਨਾਮੁ ਮੰਨਿ ਵਸਾਏ ॥
ਇਹੁ ਸਿਰੁ ਦੀਜੈ ਆਪੁ ਗਵਾਏ ॥
ਹੁਕਮੈ ਬੂਝੇ ਸਦਾ ਸੁਖੁ ਪਾਏ ॥੩॥

ਆਪਿ ਕਰੇ ਤੈ ਆਪਿ ਕਰਾਏ ॥
ਆਪੇ ਗੁਰਮੁਖਿ ਨਾਮੁ ਵਸਾਏ ॥
ਆਪਿ ਭੁਲਾਵੈ ਆਪਿ ਮਾਰਗਿ ਪਾਏ ॥
ਸਚੈ ਸਬਦਿ ਸਚਿ ਸਮਾਏ ॥੪॥

ਸਚਾ ਸਬਦੁ ਸਚੀ ਹੈ ਬਾਣੀ ॥
ਗੁਰਮੁਖਿ ਜੁਗਿ ਜੁਗਿ ਆਖਿ ਵਖਾਣੀ ॥
ਮਨਮੁਖਿ ਮੋਹਿ ਭਰਮਿ ਭੋਲਾਣੀ ॥
ਬਿਨੁ ਨਾਵੈ ਸਭ ਫਿਰੈ ਬਉਰਾਣੀ ॥੫॥

ਤੀਨਿ ਭਵਨ ਮਹਿ ਏਕਾ ਮਾਇਆ ॥
ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ ॥
ਬਹੁ ਕਰਮ ਕਮਾਵੈ ਦੁਖੁ ਸਬਾਇਆ ॥
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥੬॥

ਅੰਮ੍ਰਿਤੁ ਮੀਠਾ ਸਬਦੁ ਵੀਚਾਰਿ ॥
ਅਨਦਿਨੁ ਭੋਗੇ ਹਉਮੈ ਮਾਰਿ ॥
ਸਹਜਿ ਅਨੰਦਿ ਕਿਰਪਾ ਧਾਰਿ ॥
ਨਾਮਿ ਰਤੇ ਸਦਾ ਸਚਿ ਪਿਆਰਿ ॥੭॥

ਹਰਿ ਜਪਿ ਪੜੀਐ ਗੁਰ ਸਬਦੁ ਵੀਚਾਰਿ ॥
ਹਰਿ ਜਪਿ ਪੜੀਐ ਹਉਮੈ ਮਾਰਿ ॥
ਹਰਿ ਜਪੀਐ ਭਇ ਸਚਿ ਪਿਆਰਿ ॥
ਨਾਨਕ ਨਾਮੁ ਗੁਰਮਤਿ ਉਰ ਧਾਰਿ ॥੮॥੩॥੨੫॥

Sahib Singh
ਆਸਾ ਆਸ ਕਰੇ = ਆਸਾਂ ਹੀ ਆਸਾਂ ਬਣਾਂਦਾ ਹੈ ।
ਸਭੁ ਕੋਈ = ਹਰੇਕ ਜੀਵ ।
ਨਿਰਾਸਾ = ਆਸਾਂ ਤੋਂ ਸੁਤੰਤਰ ।
ਲੋਈ = ਲੋਕ ।
ਸੋਈ = ਉਹ ਆਪ ਹੀ ।੧ ।
ਸਤਿਗੁਰਿ = ਗੁਰੂ ਨੇ ।
ਨਾਮੇ = ਨਾਮ ਦੀ ਰਾਹੀਂ ਹੀ ।
ਤਿਸੈ ਰਜਾਈ = ਉਸ ਪਰਮਾਤਮਾ ਦੀ ਰਜ਼ਾ ਨਾਲ ਹੀ ।੧।ਰਹਾਉ ।
ਕੀਰਤਿ = ਸਿਫ਼ਤਿ = ਸਾਲਾਹ ।
ਕਲਿ = ਇਸ ਜਗਤ ਵਿਚ ।
ਚੂਕੈ = ਮੁੱਕਦਾ ਹੈ ।
ਸੇਵਿਐ = ਸੇਵਾ ਕੀਤਿਆਂ ।
ਜਿਨਿ = ਜਿਸ ਪਰਮਾਤਮਾ ਨੇ ।੨ ।
ਤਿਸੁ = ਉਸ (ਗੁਰੂ) ਨੂੰ ।
ਦੀਜੈ = ਦੇਈਏ ।
ਜਿ = ਜੇਹੜਾ ।
ਮੰਨਿ = ਮਨਿ, ਮਨ ਵਿਚ ।
ਆਪੁ = ਆਪਾ = ਭਾਵ, ਹਉਮੈ ।
ਗਵਾਇ = ਗਵਾ ਕੇ ।੩ ।
ਤੈ = ਅਤੇ ।
ਗੁਰਮੁਖਿ = ਗੁਰੂ ਦੀ ਰਾਹੀਂ ।
ਮਾਰਗਿ = ਰਸਤੇ ਉਤੇ ।
ਸਬਦਿ = ਸ਼ਬਦ ਦੀ ਰਾਹੀਂ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੪ ।
ਜੁਗਿ ਜੁਗਿ = ਹਰੇਕ ਜੁਗ ਵਿਚ ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ।
ਮੋਹਿ = ਮੋਹ ਵਿਚ ।
ਭਰਮਿ = ਭਟਕਣਾ ਵਿਚ ।
ਬਉਰਾਣੀ = ਕਮਲੀ, ਪਾਗਲ ।੫ ।
ਮੂਰਖਿ = ਮੂਰਖ ਨੇ ।
ਕਰਮ = (ਮਿਥੇ ਹੋਏ ਧਾਰਮਿਕ) ਕੰਮ ।
ਸਬਾਇਆ = ਸਾਰਾ ਹੀ ।੬ ।
ਅੰਮਿ੍ਰਤ ਸਬਦੁ = ਆਤਮਕ ਜੀਵਨ ਦੇਣ ਵਾਲਾ ਸ਼ਬਦ ।
ਅਨਦਿਨੁ = ਹਰ ਰੋਜ਼ ।
ਮਾਰਿ = ਮਾਰ ਕੇ ।
ਸਹਜਿ = ਆਤਮਕ ਅਡੋਲਤਾ ਵਿਚ ।
ਅਨੰਦਿ = ਆਨੰਦ ਵਿਚ ।
ਨਾਮਿ = ਨਾਮ ਵਿਚ ।
ਰਤੇ = ਰੰਗੇ ਹੋਏ ।
ਸਚਿ = ਸਦਾ = ਥਿਰ ਵਿਚ ।
ਪਿਆਰਿ = ਪਿਆਰ ਵਿਚ ।੭ ।
ਜਪਿ = ਜਪ ਕੇ, ਜਪੀਏ ।
ਵੀਚਾਰਿ = ਵਿਚਾਰ ਕੇ ।
ਭਇ = ਭਉ ਵਿਚ ।੮ ।
    
Sahib Singh
(ਹੇ ਭਾਈ! ਦੁਨੀਆ ਵਿਚ) ਹਰੇਕ ਜੀਵ ਆਸਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ ।
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਆਸਾਂ ਦੇ ਜਾਲ ਵਿਚੋਂ ਨਿਕਲ ਜਾਂਦਾ ਹੈ ।
(ਹੇ ਭਾਈ!) ਬੇਅੰਤ ਲੁਕਾਈ ਆਸਾਂ (ਦੇ ਜਾਲ) ਵਿਚ (ਫਸ ਕੇ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਪਈ ਹੈ ।
ਉਹੀ ਮਨੁੱਖ (ਇਸ ਨੀਂਦ ਵਿਚੋਂ) ਜਾਗਦਾ ਹੈ ਜਿਸ ਨੂੰ (ਗੁਰੂ ਦੀ ਸਰਨ ਪਾ ਕੇ) ਪਰਮਾਤਮਾ ਆਪ ਜਗਾਂਦਾ ਹੈ ।੧ ।
(ਹੇ ਭਾਈ! ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਬੁੱਝਦੀ ਹੈ, ਇਹ ਨਾਮ ਉਸ ਮਾਲਕ ਦੀ ਰਜ਼ਾ ਅਨੁਸਾਰ ਮਿਲਦਾ ਹੈ (ਗੁਰੂ ਦੀ ਰਾਹੀਂ) ।
ਗੁਰੂ ਨੇ (ਜਿਸ ਨੂੰ) ਹਰਿ-ਨਾਮ (ਸਿਮਰਨਾ) ਸਿਖਾ ਦਿੱਤਾ (ਉਸ ਦੀ ਮਾਇਆ ਵਾਲੀ ਭੁੱਖ ਮਿਟ ਗਈ) ।
(ਹੇ ਭਾਈ!) ਹਰਿ-ਨਾਮ ਤੋਂ ਬਿਨਾ (ਮਾਇਆ ਵਾਲੀ) ਭੁੱਖ ਦੂਰ ਨਹੀਂ ਹੁੰਦੀ ।੧।ਰਹਾਉ ।
(ਹੇ ਭਾਈ! ਇਸ ਵਿਕਾਰਾਂ-ਵੇੜ੍ਹੇ) ਜਗਤ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਗੁਰੂ ਦੇ ਸ਼ਬਦ ਨਾਲ ਜਾਣ-ਪਛਾਣ ਪਾਈ ਰੱਖ ।
ਪਰਮਾਤਮਾ ਦੀ ਭਗਤੀ ਹੀ ਹੈ (ਜਿਸ ਦੀ ਬਰਕਤਿ ਨਾਲ ਮਨ ਵਿਚੋਂ) ਅਹੰਕਾਰ ਦੂਰ ਹੁੰਦਾ ਹੈ, ਤੇ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾਹੈ ।
(ਹੇ ਭਾਈ! ਇਹਨਾਂ ਆਸਾਂ ਦੇ ਜਾਲ ਵਿਚੋਂ ਨਿਕਲਣ ਲਈ) ਉਸ ਪਰਮਾਤਮਾ ਨਾਲ ਡੂੰਘੀ ਸਾਂਝ ਬਣਾ ਜਿਸ ਨੇ ਆਸਾ (ਮਨੁੱਖ ਦੇ ਮਨ ਵਿਚ) ਪੈਦਾ ਕੀਤੀ ਹੈ ।੨ ।
(ਹੇ ਭਾਈ!) ਜੇਹੜਾ (ਗੁਰੂ ਆਪਣਾ) ਸ਼ਬਦ ਸੁਣਾਂਦਾ ਹੈ ਤੇ ਮੇਹਰ ਕਰ ਕੇ ਪਰਮਾਤਮਾ ਦਾ ਨਾਮ (ਸਾਡੇ) ਮਨ ਵਿਚ ਵਸਾਂਦਾ ਹੈ ਉਸ ਨੂੰ ਕੇਹੜੀ ਭੇਟਾ ਦੇਣੀ ਚਾਹੀਦੀ ਹੈ ?
(ਹੇ ਭਾਈ!) ਆਪਾ-ਭਾਵ ਦੂਰ ਕਰ ਕੇ ਆਪਣਾ ਇਹ ਸਿਰ (ਗੁਰੂ ਅੱਗੇ) ਭੇਟਾ ਕਰਨਾ ਚਾਹੀਦਾ ਹੈ (ਜੇਹੜਾ ਮਨੁੱਖ ਆਪਣਾ-ਆਪ ਗੁਰੂ ਦੇ ਹਵਾਲੇ ਕਰਦਾ ਹੈ ਉਹ) ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਸਦਾ ਆਤਮਕ ਆਨੰਦ ਮਾਣਦਾ ਹੈ ।੩ ।
(ਹੇ ਭਾਈ! ਸਭ ਜੀਵਾਂ ਵਿਚ ਵਿਆਪਕ ਹੋ ਕੇ) ਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ, ਅਤੇ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ ।
ਉਹ ਆਪ ਹੀ ਗੁਰੂ ਦੀ ਰਾਹੀਂ (ਮਨੁੱਖ ਦੇ ਮਨ ਵਿਚ ਆਪਣਾ) ਨਾਮ ਵਸਾਂਦਾ ਹੈ ।
ਪਰਮਾਤਮਾ ਆਪ ਹੀ ਕੁਰਾਹੇ ਪਾਂਦਾ ਹੈ ਆਪ ਹੀ ਸਹੀ ਰਸਤੇ ਪਾਂਦਾ ਹੈ (ਜਿਸ ਮਨੁੱਖ ਨੂੰ ਸਹੀ ਰਸਤੇ ਪਾਂਦਾ ਹੈ ਉਹ ਮਨੁੱਖ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ।੪ ।
(ਹੇ ਭਾਈ!) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਹੀ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਹੀ ਹਰੇਕ ਜੁਗ ਵਿਚ ਲੁਕਾਈ ਗੁਰੂ ਦੀ ਰਾਹੀਂ ਉਚਾਰਦੀ ਆਈ ਹੈ (ਤੇ ਮਾਇਆ ਦੇ ਮੋਹ ਭਰਮ ਤੋਂ ਬਚਦੀ ਆਈ ਹੈ) ।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਹਰੇਕ ਜੁਗ ਵਿਚ ਹੀ) ਮਾਇਆ ਦੇ ਮੋਹ ਵਿਚ ਫਸਿਆ ਰਿਹਾ, ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਿਹਾ ।
(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ (ਹਰੇਕ ਜੁਗ ਵਿਚ ਹੀ) ਝੱਲੀ ਹੋ ਕੇ ਲੁਕਾਈ ਭਟਕਦੀ ਰਹੀ ਹੈ ।੫ ।
(ਹੇ ਭਾਈ!) ਤਿੰਨਾਂ ਹੀ ਭਵਨਾਂ ਵਿਚ ਇਕ ਮਾਇਆ ਦਾ ਹੀ ਪ੍ਰਭਾਵ ਚਲਿਆ ਆ ਰਿਹਾ ਹੈ ।
ਮੂਰਖ ਮਨੁੱਖ ਨੇ (ਗੁਰੂ ਤੋਂ ਖੁੰਝ ਕੇ ਸਿੰਮਿ੍ਰਤੀਆਂ ਸ਼ਾਸਤਰ ਆਦਿਕ) ਪੜ੍ਹ ਪੜ੍ਹ ਕੇ (ਆਪਣੇ ਅੰਦਰ ਸਗੋਂ) ਮਾਇਆ ਦਾ ਪਿਆਰ ਹੀ ਪੱਕਾ ਕੀਤਾ ।
ਮੂਰਖ ਮਨੁੱਖ (ਗੁਰੂ ਤੋਂ ਖੁੰਝ ਕੇ ਸ਼ਾਸਤ੍ਰਾਂ ਅਨੁਸਾਰ ਮਿਥੇ) ਅਨੇਕਾਂ ਧਾਰਮਿਕ ਕੰਮ ਕਰਦਾ ਹੈ ਤੇ ਨਿਰਾ ਦੁੱਖ ਹੀ ਸਹੇੜਦਾ ਹੈ ।
ਗੁਰੂ ਦੀ ਦੱਸੀ ਸੇਵਾ ਕਰ ਕੇ ਹੀ ਮਨੁੱਖ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ।੬ ।
ਹੇ ਭਾਈ! ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਤੇ, ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਵਡ-ਭਾਗੀ ਮਨੁੱਖ) ਆਤਮਕ ਜੀਵਨ ਦੇਣ ਵਾਲਾ ਸੁਆਦਲਾ ਨਾਮ-ਰਸ ਹਰ ਵੇਲੇ ਮਾਣ ਸਕਦਾ ਹੈ ।
(ਗੁਰੂ) ਕਿਰਪਾ ਕਰ ਕੇ ਉਸ ਨੂੰ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਟਿਕਾਈ ਰੱਖਦਾ ਹੈ ।
(ਹੇ ਭਾਈ!) ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ ਪ੍ਰਭੂ-ਪਿਆਰ ਵਿਚ ਮਗਨ ਰਹਿੰਦੇ ਹਨ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ।੭ ।
ਹੇ ਭਾਈ! ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ (ਤੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ ਦੇ ਨਾਮ ਦਾ ਹੀ ਜਾਪ ਕਰਨਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਹੀ ਪੜ੍ਹਨਾ ਚਾਹੀਦਾ ਹੈ, ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਸਦਾ-ਥਿਰ ਹਰੀ ਦੇ ਪ੍ਰੇਮ ਵਿਚ ਮਸਤ ਹੋ ਕੇ ਹਰੀ-ਨਾਮ ਦਾ ਜਾਪ ਹੀ ਕਰਨਾ ਚਾਹੀਦਾ ਹੈ ।
ਹੇ ਨਾਨਕ! (ਆਖ—ਹੇ ਭਾਈ!) ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖ ।੮।੩।੨੫ ।
Follow us on Twitter Facebook Tumblr Reddit Instagram Youtube