ਆਸਾ ਮਹਲਾ ੩ ॥
ਸਤਿਗੁਰ ਹਮਰਾ ਭਰਮੁ ਗਵਾਇਆ ॥
ਹਰਿ ਨਾਮੁ ਨਿਰੰਜਨੁ ਮੰਨਿ ਵਸਾਇਆ ॥
ਸਬਦੁ ਚੀਨਿ ਸਦਾ ਸੁਖੁ ਪਾਇਆ ॥੧॥

ਸੁਣਿ ਮਨ ਮੇਰੇ ਤਤੁ ਗਿਆਨੁ ॥
ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥੧॥ ਰਹਾਉ ॥

ਸਤਿਗੁਰ ਭੇਟੇ ਕੀ ਵਡਿਆਈ ॥
ਜਿਨਿ ਮਮਤਾ ਅਗਨਿ ਤ੍ਰਿਸਨਾ ਬੁਝਾਈ ॥
ਸਹਜੇ ਮਾਤਾ ਹਰਿ ਗੁਣ ਗਾਈ ॥੨॥

ਵਿਣੁ ਗੁਰ ਪੂਰੇ ਕੋਇ ਨ ਜਾਣੀ ॥
ਮਾਇਆ ਮੋਹਿ ਦੂਜੈ ਲੋਭਾਣੀ ॥
ਗੁਰਮੁਖਿ ਨਾਮੁ ਮਿਲੈ ਹਰਿ ਬਾਣੀ ॥੩॥

ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥
ਹਰਿ ਜੀਉ ਮਨਿ ਵਸੈ ਸਭ ਦੂਖ ਵਿਸਾਰਣਹਾਰੁ ॥
ਦਰਿ ਸਾਚੈ ਦੀਸੈ ਸਚਿਆਰੁ ॥੪॥

ਗੁਰ ਸੇਵਾ ਤੇ ਤ੍ਰਿਭਵਣ ਸੋਝੀ ਹੋਇ ॥
ਆਪੁ ਪਛਾਣਿ ਹਰਿ ਪਾਵੈ ਸੋਇ ॥
ਸਾਚੀ ਬਾਣੀ ਮਹਲੁ ਪਰਾਪਤਿ ਹੋਇ ॥੫॥

ਗੁਰ ਸੇਵਾ ਤੇ ਸਭ ਕੁਲ ਉਧਾਰੇ ॥
ਨਿਰਮਲ ਨਾਮੁ ਰਖੈ ਉਰਿ ਧਾਰੇ ॥
ਸਾਚੀ ਸੋਭਾ ਸਾਚਿ ਦੁਆਰੇ ॥੬॥

ਸੇ ਵਡਭਾਗੀ ਜਿ ਗੁਰਿ ਸੇਵਾ ਲਾਏ ॥
ਅਨਦਿਨੁ ਭਗਤਿ ਸਚੁ ਨਾਮੁ ਦ੍ਰਿੜਾਏ ॥
ਨਾਮੇ ਉਧਰੇ ਕੁਲ ਸਬਾਏ ॥੭॥

ਨਾਨਕੁ ਸਾਚੁ ਕਹੈ ਵੀਚਾਰੁ ॥
ਹਰਿ ਕਾ ਨਾਮੁ ਰਖਹੁ ਉਰਿ ਧਾਰਿ ॥
ਹਰਿ ਭਗਤੀ ਰਾਤੇ ਮੋਖ ਦੁਆਰੁ ॥੮॥੨॥੨੪॥

Sahib Singh
ਭਰਮੁ = ਭਟਕਣਾ ।
ਨਿਰੰਜਨੁ = {ਨਿਰ = ਅੰਜਨੁ} ਮਾਇਆ ਦੀ ਕਾਲਖ ਤੋਂ ਰਹਿਤ ।
ਮੰਨਿ = ਮਨਿ ਵਿਚ ।
ਚੀਨਿ@ = ਪਰਖ ਕੇ ।੧ ।
ਮਨ = ਹੇ ਮਨ !
ਤਤੁ = ਅਸਲੀਅਤ ।
ਬਿਧਿ = ਹਾਲਤ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਨਿਧਾਨੁ = ਖ਼ਜ਼ਾਨਾ ।੧।ਰਹਾਉ ।
ਭੇਟੇ = ਮਿਲੇ ।
ਜਿਨਿ = ਜਿਸ (ਗੁਰੂ) ਨੇ ।
ਮਮਤਾ = ਅਪਣੱਤ ।
ਸਹਜੇ = ਆਤਮਕ ਅਡੋਲਤਾ ਵਿਚ ।੨ ।
ਜਾਣੀ = ਜਾਣਦਾ ।
ਮੋਹਿ = ਮੋਹ ਵਿਚ ।੩ ।
ਤਪਾਂ ਸਿਰਿ = ਸਾਰੇ ਤਪਾਂ ਦੇ ਸਿਰ ਉਤੇ ।
ਸਾਰੁ = ਸ੍ਰੇਸ਼ਟ ।
ਮਨਿ = ਮਨ ਵਿਚ ।
ਦਰਿ = ਦਰ ਤੇ ।
ਸਚਿਆਰੁ = ਸੁਰਖ਼ = ਰੂ ।੪ ।
ਆਪੁ = ਆਪਣੇ ਆਤਮਕ ਜੀਵਨ ਨੂੰ ।
ਮਹਲੁ = ਪ੍ਰਭੂ = ਚਰਨਾਂ ਵਿਚ ਨਿਵਾਸ ।੫ ।
ਤੇ = ਨਾਲ ।
ਉਧਾਰੇ = ਵਿਕਾਰਾਂ ਤੋਂ ਬਚਾ ਲੈਂਦਾ ਹੈ ।
ਉਰਿ = ਹਿਰਦੇ ਵਿਚ ।
ਸਾਚਿ ਦੁਆਰੇ = ਸਦਾ = ਥਿਰੁ ਦਰ ਤੇ ।੬ ।
ਜਿ = ਜੇਹੜੇ ।
ਗੁਰਿ = ਗੁਰੂ ਨੇ ।
ਅਨਦਿਨੁ = ਹਰ ਰੋਜ਼ ।
ਕੁਲ = ਖ਼ਾਨਦਾਨ ।
ਸਬਾਏ = ਸਾਰੇ ।੭ ।
ਨਾਨਕੁ ਕਹੈ = ਨਾਨਕ ਆਖਦਾ ਹੈ ।
ਸਾਚੁ = ਅਟੱਲ ।
ਧਾਰਿ = ਟਿਕਾ ਕੇ ।
ਮੋਖ ਦੁਆਰ = ਮੁਕਤੀ ਦਾ ਦਰਵਾਜ਼ਾ ।੮ ।
    
Sahib Singh
ਹੇ ਮੇਰੇ ਮਨ! (ਪਰਮਾਤਮਾ ਬਾਰੇ ਇਹ) ਅਸਲੀਅਤ ਸੁਣ (ਇਹ) ਜਾਣ-ਪਛਾਣ ਦੀ ਗੱਲ ਸੁਣ—ਉਹ ਸਾਰੇ ਪਦਾਰਥ ਦੇਣ ਦੀ ਸਮਰੱਥਾ ਵਾਲਾ ਪਰਮਾਤਮਾ ਹਰੇਕ ਢੰਗ ਜਾਣਦਾ ਹੈ ।
(ਸਾਰੇ ਸੁਖਾਂ ਦਾ) ਖ਼ਜ਼ਾਨਾ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ ਮਿਲਦਾ ਹੈ ।੧।ਰਹਾਉ ।
(ਹੇ ਭਾਈ!) ਗੁਰੂ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ, ਨਿਰਲੇਪ ਪ੍ਰਭੂ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ, ਹੁਣ ਮੈਂ ਗੁਰੂ ਦੇ ਸ਼ਬਦ ਨੂੰ ਪਛਾਣ ਕੇ (ਸ਼ਬਦ ਦੀ ਕਦਰ ਸਮਝ ਕੇ) ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣ ਰਿਹਾ ਹਾਂ ।੧ ।
(ਹੇ ਮੇਰੇ ਮਨ!) ਗੁਰੂ ਨੂੰ ਮਿਲਣ (ਤੋਂ ਪੈਦਾ ਹੋਈ) ਆਤਮਕ ਉੱਚਤਾ (ਦੀ ਗੱਲ ਸੁਣ) ਕਿ ਉਸ ਗੁਰੂ ਨੇ (ਜਿਸ ਮਨੁੱਖ ਦੀ) ਅਪਣੱਤ ਦੂਰ ਕਰ ਦਿੱਤੀ, ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ, ਉਹ ਮਨੁੱਖ ਆਤਮਕ ਅਡੋਲਤਾ ਵਿਚ ਮਸਤ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ।੨ ।
(ਹੇ ਮੇਰੇ ਮਨ!) ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਬਾਰੇ ਤੱਤ-ਗਿਆਨ) ਨਹੀਂ ਜਾਣ ਸਕਦਾ (ਕਿਉਂਕਿ ਗੁਰੂ ਦੀ ਸਰਨ ਤੋਂ ਬਿਨਾਂ) ਮਨੁੱਖ ਮਾਇਆ ਦੇ ਮੋਹ ਵਿਚ ਹੋਰ ਹੋਰ ਲੋਭ ਵਿਚ ਫਸਿਆ ਰਹਿੰਦਾ ਹੈ ।ਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਦੀ ਕਦਰ) ਪੈਂਦੀ ਹੈ ।੩ ।
(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਸਭ ਤੋਂ ਸ੍ਰੇਸ਼ਟ ਤਪ ਹੈ ।
ਸਾਰੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ (ਗੁਰੂ ਦੀ ਕਿਰਪਾ ਨਾਲ ਹੀ) ਮਨ ਵਿਚ ਆ ਵੱਸਦਾ ਹੈ, ਤੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੁਰਖ਼-ਰੂ ਦਿੱਸਦਾ ਹੈ ।੪ ।
(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਤਿੰਨਾਂ ਭਵਨਾਂ ਵਿਚ ਵਿਆਪਕ ਪਰਮਾਤਮਾ ਦੀ ਸੂਝ ਪ੍ਰਾਪਤ ਹੁੰਦੀ ਹੈ, ਤੇ ਉਹ ਮਨੁੱਖ ਆਪਣਾ ਆਤਮਕ ਜੀਵਨ ਪੜਤਾਲ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ ।
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲ ਜਾਂਦੀ ਹੈ ।੫ ।
(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦਾ ਸਦਕਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਵਿਕਾਰਾਂ ਤੋਂ ਬਚਾ ਲੈਂਦਾ ਹੈ, ਮਨੁੱਖ ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸਦਾ-ਟਿਕਵੀਂ ਵਡਿਆਈ ਮਿਲ ਜਾਂਦੀ ਹੈ ।੬ ।
(ਹੇ ਮੇਰੇ ਮਨ!) ਉਹ ਮਨੁੱਖ ਵੱਡੇ ਭਾਗਾਂ ਵਾਲੇ (ਸਮਝ) ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੀ ਸੇਵਾ ਭਗਤੀ ਵਿਚ ਜੋੜ ਦਿੱਤਾ ।
ਗੁਰੂ ਉਹਨਾਂ ਦੇ ਹਿਰਦੇ ਵਿਚ ਹਰ ਵੇਲੇ ਪਰਮਾਤਮਾ ਦੀ ਭਗਤੀ ਤੇ ਸਦਾ-ਥਿਰ ਨਾਮ ਦਾ ਸਿਮਰਨ ਪੱਕਾ ਕਰ ਦੇਂਦਾ ਹੈ ।
(ਹੇ ਮਨ!) ਹਰਿ-ਨਾਮ ਦੀ ਬਰਕਤਿ ਨਾਲ, ਉਹਨਾਂ ਦੇ ਸਾਰੇ ਕੁਲ ਭੀ ਵਿਕਾਰਾਂ ਤੋਂ ਬਚ ਜਾਂਦੇ ਹਨ ।੭ ।
(ਹੇ ਭਾਈ!) ਨਾਨਕ (ਤੈਨੂੰ) ਅਟੱਲ (ਨਿਯਮ ਦੀ) ਵਿਚਾਰ ਦੱਸਦਾ ਹੈ (ਉਹ ਵਿਚਾਰ ਇਹ ਹੈ ਕਿ) ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਟਿਕਾਈ ਰੱਖ ।
ਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਪੈਂਦਾ ਹੈ ।੮।੨।੨੪ ।
Follow us on Twitter Facebook Tumblr Reddit Instagram Youtube