ਆਸਾ ਮਹਲਾ ੧ ॥
ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥
ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ ॥੧॥

ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ ॥
ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨ ਭਾਈ ॥੧॥ ਰਹਾਉ ॥

ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ ॥
ਰਾਮ ਨਾਮੁ ਧਨੁ ਰਾਸਿ ਦੇਇ ਬਿਨਸੈ ਭ੍ਰਮੁ ਕੂਰਾ ॥੨॥

ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ ॥
ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ ॥੩॥

ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ ॥
ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ ॥੪॥

ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ ॥
ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ ॥੫॥

ਜਿਉ ਅੰਧੁਲੈ ਹਥਿ ਟੋਹਣੀ ਹਰਿ ਨਾਮੁ ਹਮਾਰੈ ॥
ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥੬॥

ਜਿਉ ਤੂੰ ਰਾਖਹਿ ਤਿਉ ਰਹਾ ਹਰਿ ਨਾਮ ਅਧਾਰਾ ॥
ਅੰਤਿ ਸਖਾਈ ਪਾਇਆ ਜਨ ਮੁਕਤਿ ਦੁਆਰਾ ॥੭॥

ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ ॥
ਨਾਨਕ ਨਾਮੁ ਨ ਵੀਸਰੈ ਪੂਰਾ ਗੁਰੁ ਤਾਰੇ ॥੮॥੨੨॥

Sahib Singh
ਆਵਣ ਜਾਣਾ = ਆਉਣਾ ਜਾਣਾ, ਜੰਮਣ ਮਰਨਾ, ਜਨਮ ਮਰਨ ਦਾ ਚੱਕਰ ।
ਕਿਉ ਰਿਹੈ = ਨਹੀਂ ਮੁਕ ਸਕਦਾ ।
ਮੇਲਾ = ਪ੍ਰਭੂ ਨਾਲ ਮਿਲਾਪ ।
ਕਿਉ ਹੋਈ = ਨਹੀਂ ਹੋ ਸਕਦਾ ।
ਘਣੋ = ਬਹੁਤ ।
ਸਹਸਾ = ਸਹਮ ।
ਦੋਈ = ਦ੍ਵੈਤ ਵਿਚ, (ਪਰਮਾਤਮਾ ਨੂੰ ਛੱਡ ਕੇ) ਦੂਜੇ (ਦੇ ਮੋਹ) ਵਿਚ, ਮਾਇਆ ਦੇ ਮੋਹ ਵਿਚ ।੧ ।
ਕਿਆ ਜੀਵਨਾ = ਅਸਲ ਜੀਵਨ ਨਹੀਂ ।
ਫਿਟੁ ਧਿ੍ਰਗੁ = ਫਿਟਕਾਰ = ਜੋਗ ।
ਚਤੁਰਾਈ = ਸਿਆਣਪ ।
ਸਾਧੁ = ਜਿਸ ਨੇ ਆਪਣੇ ਇੰਦਿ੍ਰਆਂ ਨੂੰ ਸਾਧ ਲਿਆ ਹੈ ।
ਨ ਭਾਈ = ਚੰਗੀ ਨਾਹ ਲੱਗੀ ।੧।ਰਹਾਉ ।
ਤਉ = ਤਦੋਂ ।
ਰਹੈ = ਮੁੱਕਦਾ ਹੈ ।
ਰਾਸਿ = ਸਰਮਾਇਆ, ਪੂੰਜੀ ।
ਦੇਇ = ਦੇਂਦਾ ਹੈ ।
ਕੂਰਾ = ਝੂਠਾ ।੨ ।
ਕਉ = ਨੂੰ ।
ਮਿਲਿ ਰਹੈ = ਮਿਲਿਆ ਰਹੇ ।
ਧਨੁ ਧਨੁ = ‘ਧਨ ਧਨ’ ਆਖ ਕੇ, ਸ਼ੁਕਰ ਸ਼ੁਕਰ ਕਰ ਕੇ ।
ਅਪਰੰਪਰਾ = ਜੋ ਪਰੇ ਤੋਂ ਪਰੇ ਹੈ ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ।੩ ।
ਨਟੂਐ = ਨਟ ਨੇ, ਮਦਾਰੀ ਨੇ ।
ਬਾਜੀ = ਖੇਡ ।
ਦੇਖੀਐ = ਦੇਖੀਦਾ ਹੈ ।
ਉਝਰਤ = ਉਜੜਦਿਆਂ ।
ਬਾਰਾ = ਚਿਰ, ਦੇਰ ।੪ ।
ਹਉਮੈ ਚਉਪੜਿ = ਹਉਮੈ ਦਾ ਚਉਪੜ ।
ਝੂਠੇ ਅਹੰਕਾਰਾ = ਝੂਠ ਤੇ ਅਹੰਕਾਰ (ਦੀਆਂ ਨਰਦਾਂ) ਨਾਲ ।
ਜਿਣੈ = ਜਿੱਤਦਾ ਹੈ ।੫ ।
ਅੰਧੁਲੈ ਹਥਿ = ਅੰਨ੍ਹੇ ਮਨੁੱਖ ਦੇ ਹੱਥ ਵਿਚ ।
ਟੋਹਣੀ = ਡੰਗੋਰੀ, ਸੋਟੀ ।
ਟੇਕ = ਸਹਾਰਾ ।
ਨਿਸਿ = ਰਾਤ ।
ਦਉਤ = {ªੋਤ} ਚਾਨਣ ।
ਸਵਾਰੈ = ਸਵੇਰੇ ।
ਦਉਤ ਸਵਾਰੈ = ਸਵੇਰ ਦੇ ਚਾਨਣ ਵੇਲੇ, ਦਿਨੇ ।੬ ।
ਨਾਮ ਆਧਾਰਾ = ਨਾਮ ਦਾ ਆਸਰਾ ।
ਅੰਤਿ = ਅੰਤ ਤਕ (ਨਿਭਣ ਵਾਲਾ) ।
ਸਖਾਈ = ਮਿੱਤਰ, ਸਾਥੀ ।
ਜਨ = ਦਾਸ ਨੂੰ ।
ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ ।
ਦੁਆਰਾ = ਰਸਤਾ, ਦਰਵਾਜ਼ਾ ।੭ ।
ਜਪਿ = ਜਪ ਕੇ ।
ਮੁਰਾਰੇ ਨਾਮੁ = ਪਰਮਾਤਮਾ ਦਾ ਨਾਮ ।੮ ।
    
Sahib Singh
ਜਿਸ ਮਨੁੱਖ ਨੇ ਸਾਧੂ ਗੁਰੂ ਦੀ (ਦੱਸੀ) ਸੇਵਾ ਨਹੀਂ ਕੀਤੀ, ਜਿਸ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗੀ, ਜੋ (ਸਾਰੀ ਉਮਰ) ਪਰਮਾਤਮਾ ਦੇ ਨਾਮ ਤੋਂ ਵਾਂਜਿਆ ਰਿਹਾ, ਉਸ ਦਾ ਜੀਊਣਾ ਅਸਲ ਜੀਊਣ ਨਹੀਂ ਹੈ ।
(ਜੇ ਉਹ ਮਨੁੱਖ ਦੁਨੀਆਦਾਰੀ ਵਾਲੀ ਕੋਈ ਸਿਆਣਪ ਵਿਖਾ ਰਿਹਾ ਹੈ ਤਾਂ ਉਸ ਦੀ ਉਹ) ਸਿਆਣਪ ਫਿਟਕਾਰਜੋਗ ਹੈ ।੧।ਰਹਾਉ ।
(ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ, ਜਨਮ ਮਰਨ ਦਾ ਭਾਰਾ ਕਲੇਸ਼ ਬਣਿਆ ਰਹਿੰਦਾ ਹੈ ਤੇ ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ (ਜਿੰਦ ਨੂੰ) ਨਿੱਤ ਸਹਮ (ਖਾਂਦਾ ਰਹਿੰਦਾ) ਹੈ ।੧ ।
ਜਨਮ ਮਰਨ ਦਾ ਚੱਕਰ ਤਦੋਂ ਹੀ ਮੁੱਕਦਾ ਹੈ ਜਦੋਂ ਪੂਰਾ ਸਤਿਗੁਰੂ ਮਿਲਦਾ ਹੈ ।
ਗੁਰੂ ਪਰਮਾਤਮਾ ਦਾ ਨਾਮ-ਧਨ (ਰੂਪ) ਸਰਮਾਇਆ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਝੂਠੀ ਮਾਇਆ ਦੀ ਖ਼ਾਤਰ ਭਟਕਣਾ ਮੁੱਕ ਜਾਂਦੀ ਹੈ ।੨ ।
ਗੁਰੂ ਦੀ ਸਰਨ ਪੈ ਕੇ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹਿੰਦਾ ਹੈ, ਪਰਮਾਤਮਾ ਦਾ ਸ਼ੁਕਰ ਸ਼ੁਕਰ ਕਰ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਤੇ ਇਸ ਤ੍ਰਹਾਂ ਜਗਤ ਦੇ ਮੂਲ ਸਰਬ ਵਿਆਪਕ ਬੇਅੰਤ, ਪਰਮਾਤਮਾ ਨੂੰ ਲੱਭ ਲੈਂਦਾ ਹੈ ।੩ ।
(ਜਿਵੇਂ ਕਿਸੇ) ਮਦਾਰੀ ਨੇ (ਕੋਈ) ਤਮਾਸ਼ਾ ਰਚਾਇਆ ਹੁੰਦਾ ਹੈ (ਤੇ ਲੋਕ ਉਸ ਤਮਾਸ਼ੇ ਨੂੰ ਵੇਖ ਵੇਖ ਕੇ ਖ਼ੁਸ਼ ਹੁੰਦੇ ਹਨ, ਘੜੀਆਂ ਪਲਾਂ ਪਿਛੋਂ ਉਹ ਤਮਾਸ਼ਾ ਖ਼ਤਮ ਹੋ ਜਾਂਦਾ ਹੈ, ਇਸੇ ਤ੍ਰਹਾਂ ਇਹ) ਸੰਸਾਰ (ਇਕ) ਖੇਡ (ਹੀ) ਹੈ ।
ਘੜੀ ਪਲ ਇਹ ਖੇਡ ਵੇਖੀਦੀ ਹੈ ।
ਇਸ ਦੇ ਉਜੜਦਿਆਂ ਚਿਰ ਨਹੀਂ ਲੱਗਦਾ ।੪ ।
(ਮੈਂ ਵੱਡਾ, ਮੈਂ ਵੱਡਾ ਬਣ ਜਾਵਾਂ—ਇਸ) ਹਉਮੈ ਦੀ ਚਉਪੜ ਦੀ (ਜਗਤ) ਝੂਠ ਤੇ ਅਹੰਕਾਰ (ਦੀਆਂ ਨਰਦਾਂ) ਨਾਲ ਖੇਡ ਰਿਹਾ ਹੈ, (ਇਸ ਖੇਡ ਵਿਚ ਲੱਗ ਕੇ) ਸਾਰਾ ਸੰਸਾਰ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਰਿਹਾ ਹੈ ।
ਸਿਰਫ਼ ਉਹ ਮਨੁੱਖ ਜਿੱਤਦਾ ਹੈ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾਂਦਾ ਹੈ ।੫ ।
ਜਿਵੇਂ ਕਿਸੇ ਅੰਨ੍ਹੇ ਮਨੁੱਖ ਦੇ ਹੱਥ ਵਿਚ ਡੰਗੋਰੀ ਹੁੰਦੀ ਹੈ, (ਜਿਸ ਨਾਲ ਟੋਹ ਟੋਹ ਕੇ ਉਹ ਰਾਹ-ਖਹਿੜਾ ਲੱਭਦਾ ਹੈ, ਇਸ ਤ੍ਰਹਾਂ) ਅਸਾਂ ਜੀਵਾਂ ਪਾਸ ਪਰਮਾਤਮਾ ਦਾ ਨਾਮ (ਹੀ ਹੈ ਜੋ ਸਾਨੂੰ ਸਹੀ ਜੀਵਨ ਰਾਹ ਵਿਖਾਂਦਾ ਹੈ) ।
ਪਰਮਾਤਮਾ ਦਾ ਨਾਮ (ਇਕ ਐਸਾ) ਸਹਾਰਾ ਹੈ (ਜੋ) ਰਾਤ ਦਿਨੇ (ਹਰ ਵੇਲੇ ਸਾਡੀ ਸਹਾਇਤਾ ਕਰਦਾ ਹੈ) ।੬ ।
ਹੇ ਪ੍ਰਭੂ! ਜਿਸ ਹਾਲਤ ਵਿਚ ਤੂੰ ਮੈਨੂੰ ਰੱਖੇਂ, ਮੈਂ ਉਸੇ ਹਾਲਤ ਵਿਚ ਹੀ ਰਹਿ ਸਕਦਾ ਹਾਂ ।
(ਤੇਰੀ ਮੇਹਰ ਨਾਲ ਹੀ) ਹੇ ਹਰੀ! (ਸਾਨੂੰ ਜੀਵਾਂ ਨੂੰ) ਤੇਰੇ ਨਾਮ ਦਾ ਆਸਰਾ ਮਿਲ ਸਕਦਾ ਹੈ ।
ਜਿਨ੍ਹਾਂ ਨੇ ਅੰਤ ਵੇਲੇ ਤਕ ਨਾਲ ਨਿਭਣ ਵਾਲਾ ਇਹ ਸਾਥੀ ਲੱਭ ਲਿਆ, ਉਹਨਾਂ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਦਾ ਰਾਹ ਮਿਲ ਜਾਂਦਾ ਹੈ ।੭ ।
ਪਰਮਾਤਮਾ ਦਾ ਨਾਮ ਜਪ ਕੇ ਜਨਮ ਮਰਨ ਦੇ ਗੇੜ ਦਾ ਕਲੇਸ਼ ਮਿਟਾਇਆ ਜਾ ਸਕਦਾ ਹੈ ।
ਹੇ ਨਾਨਕ! ਜਿਨ੍ਹਾਂ ਨੂੰ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਹਨਾਂ ਨੂੰ ਪੂਰਾ ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ।੮।੨੨ ।
Follow us on Twitter Facebook Tumblr Reddit Instagram Youtube