ਆਸਾ ਮਹਲਾ ੧ ॥
ਮਨੁ ਰਾਤਉ ਹਰਿ ਨਾਇ ਸਚੁ ਵਖਾਣਿਆ ॥
ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ ॥੧॥

ਜਉ ਲਗੁ ਜੀਉ ਪਰਾਣ ਸਚੁ ਧਿਆਈਐ ॥
ਲਾਹਾ ਹਰਿ ਗੁਣ ਗਾਇ ਮਿਲੈ ਸੁਖੁ ਪਾਈਐ ॥੧॥ ਰਹਾਉ ॥

ਸਚੀ ਤੇਰੀ ਕਾਰ ਦੇਹਿ ਦਇਆਲ ਤੂੰ ॥
ਹਉ ਜੀਵਾ ਤੁਧੁ ਸਾਲਾਹਿ ਮੈ ਟੇਕ ਅਧਾਰੁ ਤੂੰ ॥੨॥

ਦਰਿ ਸੇਵਕੁ ਦਰਵਾਨੁ ਦਰਦੁ ਤੂੰ ਜਾਣਹੀ ॥
ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ ॥੩॥

ਦਰਗਹ ਨਾਮੁ ਹਦੂਰਿ ਗੁਰਮੁਖਿ ਜਾਣਸੀ ॥
ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ ॥੪॥

ਸਤੁ ਸੰਤੋਖੁ ਕਰਿ ਭਾਉ ਤੋਸਾ ਹਰਿ ਨਾਮੁ ਸੇਇ ॥
ਮਨਹੁ ਛੋਡਿ ਵਿਕਾਰ ਸਚਾ ਸਚੁ ਦੇਇ ॥੫॥

ਸਚੇ ਸਚਾ ਨੇਹੁ ਸਚੈ ਲਾਇਆ ॥
ਆਪੇ ਕਰੇ ਨਿਆਉ ਜੋ ਤਿਸੁ ਭਾਇਆ ॥੬॥

ਸਚੇ ਸਚੀ ਦਾਤਿ ਦੇਹਿ ਦਇਆਲੁ ਹੈ ॥
ਤਿਸੁ ਸੇਵੀ ਦਿਨੁ ਰਾਤਿ ਨਾਮੁ ਅਮੋਲੁ ਹੈ ॥੭॥

ਤੂੰ ਉਤਮੁ ਹਉ ਨੀਚੁ ਸੇਵਕੁ ਕਾਂਢੀਆ ॥
ਨਾਨਕ ਨਦਰਿ ਕਰੇਹੁ ਮਿਲੈ ਸਚੁ ਵਾਂਢੀਆ ॥੮॥੨੧॥

Sahib Singh
ਰਾਤਉ = ਰੱਤਾ ਹੋਇਆ, ਰੰਗਿਆ ਹੋਇਆ ।
ਨਾਇ = ਨਾਮ ਵਿਚ ।
ਕਿਆ ਜਾਇ = ਕੁਝ ਨਹੀਂ ਵਿਗੜਦਾ ।
ਤੁਧੁ = ਤੈਨੂੰ ।੧ ।
ਜਉ ਲਗੁ = ਜਦ ਤਕ ।
ਜੀਉ = ਜਿੰਦ ।
ਪਰਾਣ = ਸੁਆਸ ।
ਲਾਹਾ = ਲਾਭ ।
ਗਾਇ = ਗਾ ਕੇ ।੧।ਰਹਾਉ ।
ਸਚੀ = ਸਦਾ = ਥਿਰ, ਉਕਾਈ-ਰਹਿਤ ।
ਦੇਹਿ = ਤੂੰ ਦੇਹ ।
ਦਇਆਲ = ਹੇ ਦਇਆਲ !
ਹਉ = ਮੈਂ ।
ਜੀਵਾ = ਮੈਂ ਜੀਊਂਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ ।
ਅਧਾਰੁ = ਆਸਰਾ ।੨ ।
ਦਰਿ = ਦਰ ਤੇ ।
ਦਰਵਾਨੁ = ਦਰ ਮੱਲ ਕੇ ਬੈਠਣ ਵਾਲਾ ।
ਹੈਰਾਨੁ = ਅਚਰਜ ।੩ ।
ਦਰਗਹ = ਦਰਗਾਹ ਵਿਚ ।
ਹਦੂਰਿ = ਹਜ਼ੂਰੀ ਵਿਚ ।
ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ ।
ਵੇਲਾ = ਜੀਵਨ = ਸਮਾ ।੪ ।
ਕਰਿ = ਕਰੇ, ਕਰਦਾ ਹੈ, ਬਣਾਂਦਾ ਹੈ ।
ਤੋਸਾ = (ਜੀਵਨ = ਸਫ਼ਰ ਵਿਚ) ਰਸਤੇ ਦਾ ਖ਼ਰਚ ।
ਮਨਹੁ = ਮਨ ਤੋਂ ।
ਸਚੁ = ਸਦਾ = ਥਿਰ ਪ੍ਰਭੂ-ਨਾਮ ।
ਦੇਇ = ਦੇਂਦਾ ਹੈ ।੫ ।
ਸਚੇ ਨੇਹੁ = ਸਦਾ = ਥਿਰ ਰਹਿਣ ਵਾਲੇ ਪ੍ਰਭੂ ਨਾਲ ਪਿਆਰ ।
ਸਚੈ = ਸਦਾ = ਥਿਰ ਪ੍ਰਭੂ ਨੇ ਆਪ ।੬ ।
ਸਚੇ = ਹੇ ਸਦਾ = ਥਿਰ ਪ੍ਰਭੂ !
ਸੇਵੀ = ਮੈਂ ਸੇਂਵਦਾ ਹਾਂ, ਸਿਮਰਦਾ ਹਾਂ ।੭ ।
ਹਉ = ਮੈਂ ।
ਕਾਂਢੀਆ = ਅਖਵਾਂਦਾ ਹਾਂ ।
ਕਰੇਹੁ = ਕਰੋ ।
ਵਾਂਢੀਆ = ਮੈਨੂੰ ਵਿਛੁੜੇ ਨੂੰ ।੮ ।
    
Sahib Singh
ਜਦੋਂ ਤਕ (ਸਰੀਰ ਵਿਚ) ਜਿੰਦ ਹੈ ਤੇ ਸੁਆਸ ਹਨ (ਤਦ ਤਕ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ।
ਜਿਹੜਾ ਸਿਮਰਦਾ ਹੈ ਉਸ ਨੂੰ) ਪ੍ਰਭੂ ਦੇ ਗੁਣ ਗਾ ਕੇ (ਸਿਫ਼ਤਿ-ਸਾਲਾਹ ਕਰ ਕੇ) ਆਤਮਕ ਆਨੰਦ-ਰੂਪ ਲਾਭ ਮਿਲਦਾ ਹੈ ।੧।ਰਹਾਉ।ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗਿਆ ਜਾਏ, ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰੇ (ਉਹ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ) ।
(ਤੇ, ਹੇ ਪ੍ਰਭੂ!) ਜਦੋਂ (ਤੇਰੀ ਸੇਵਾ-ਭਗਤੀ ਦੇ ਕਾਰਨ ਕੋਈ ਵਡਭਾਗੀ ਜੀਵ) ਤੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਇਸ ਵਿਚ ਲੋਕਾਂ ਦਾ ਕੁਝ ਨਹੀਂ ਵਿਗੜਦਾ ਕਿਉਂਕਿ ਤੇਰੀ ਸਿਫ਼ਤਿ-ਸਾਲਾਹ ਕਰਨ ਵਾਲਾ ਤੇਰੇ ਪੈਦਾ ਕੀਤੇ ਬੰਦਿਆਂ ਦਾ ਦੋਖੀ ਹੋ ਹੀ ਨਹੀਂ ਸਕਦਾ) ।੧ ।
ਹੇ ਦਇਆਲ ਪ੍ਰਭੂ! ਤੂੰ ਮੈਨੂੰ ਆਪਣੀ (ਭਗਤੀ ਦੀ) ਕਾਰ ਬਖ਼ਸ਼ (ਇਹ ਕਾਰ ਐਸੀ ਹੈ ਕਿ) ਇਸ ਵਿਚ ਕੋਈ ਉਕਾਈ ਨਹੀਂ ਹੈ ।
ਜਿਉਂ ਜਿਉਂ ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ ।
ਹੇ ਪ੍ਰਭੂ! ਤੂੰ ਮੇਰੇ ਜੀਵਨ ਦੀ ਟੇਕ ਹੈਂ, ਤੂੰ ਮੇਰਾ ਆਸਰਾ ਹੈਂ ।੨ ।
ਹੇ ਪ੍ਰਭੂ! ਜੋ ਮਨੁੱਖ ਤੇਰੇ ਦਰ ਤੇ ਸੇਵਕ ਬਣਦਾ ਹੈ ਜੋ ਤੇਰਾ ਦਰ ਮੱਲਦਾ ਹੈ, ਤੂੰ ਉਸ (ਦੇ ਦਿਲ) ਦਾ ਦੁਖ-ਦਰਦ ਜਾਣਦਾ ਹੈਂ ।
ਜਗਤ ਵੇਖ ਕੇ ਹੈਰਾਨ ਹੁੰਦਾ ਹੈ ਕਿ ਜੇਹੜਾ ਤੇਰੀ ਭਗਤੀ ਕਰਦਾ ਹੈ ਤੂੰ ਉਸ ਦਾ ਦੁਖ-ਦਰਦ ਦੂਰ ਕਰ ਦੇਂਦਾ ਹੈਂ ।੩ ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਦਰਗਾਹ ਵਿਚ ਹਜ਼ੂਰੀ ਵਿਚ ਉਸ ਦਾ ਨਾਮ (-ਸਿਮਰਨ ਹੀ) ਪਰਵਾਨ ਹੁੰਦਾ ਹੈ ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ (ਸ਼ਬਦ ਨਾਲ ਸਾਂਝ ਪਾਂਦਾ ਹੈ) ਉਸ ਦਾ ਜੀਵਨ-ਸਮਾ ਸਫਲ ਹੈ, ਕਬੂਲ ਹੈ ।੪ ।
ਜਿਨ੍ਹਾਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਆਪਣਾ ਸਦਾ-ਥਿਰ ਨਾਮ ਦੇਂਦਾ ਹੈ, ਉਹ ਆਪਣੇ ਮਨ ਵਿਚੋਂ ਵਿਕਾਰ ਛੱਡ ਕੇ ਸਤ ਸੰਤੋਖ ਪ੍ਰੇਮ ਅਤੇ ਹਰਿ-ਨਾਮ ਨੂੰ (ਜੀਵਨ-ਸਫ਼ਰ ਵਿਚ) ਰਸਤੇ ਦਾ ਖ਼ਰਚ ਬਣਾਂਦੇ ਹਨ (ਆਪਣੇ ਆਤਮਕ ਜੀਵਨ ਦਾ ਆਧਾਰ ਬਣਾਂਦੇ ਹਨ) ।੫ ।
(ਜੇ ਕਿਸੇ ਜੀਵ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਪ੍ਰੇਮ ਲੱਗਾ ਹੈ (ਤਾਂ ਇਹ ਪ੍ਰੇਮ) ਸਦਾ-ਥਿਰ ਪ੍ਰਭੂ ਨੇ ਆਪ ਹੀ ਲਾਇਆ ਹੈ ।
ਉਹ ਆਪ ਹੀ ਨਿਆਂ ਕਰਦਾ ਹੈ (ਕਿ ਕਿਸ ਨੂੰ ਪ੍ਰੇਮ ਦੀ ਦਾਤਿ ਦੇਣੀ ਹੈ), ਜੋ ਉਸ ਨੂੰ ਪਸੰਦ ਆਉਂਦਾ ਹੈ (ਉਹੀ ਨਿਆਂ ਹੈ) ।੬ ।
ਮੈਂ (ਭੀ) ਦਿਨ ਰਾਤ ਉਸ ਪ੍ਰਭੂ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਮ ਅਮੋਲਕ ਹੈ ਜੋ ਸਦਾ ਜੀਵਾਂ ਉਤੇ ਦਇਆ ਕਰਦਾ ਹੈ ।
(ਮੈਂ ਉਸ ਦੇ ਦਰ ਤੇ ਅਰਦਾਸ ਕਰਦਾ ਹਾਂ—) ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਮੈਨੂੰ ਆਪਣੇ ਨਾਮ ਦੀ ਦਾਤਿ ਦੇਹ, ਇਹ ਦਾਤਿ ਸਦਾ ਕਾਇਮ ਰਹਿਣ ਵਾਲੀ ਹੈ ।੭ ।
ਹੇ ਨਾਨਕ! (ਪ੍ਰਭੂ-ਦਰ ਤੇ ਸਦਾ ਇਉਂ ਅਰਦਾਸ ਕਰ—ਹੇ ਪ੍ਰਭੂ!) ਤੂੰ ਉੱਤਮ ਹੈਂ, ਮੈਂ ਨੀਚ ਹਾਂ (ਪਰ ਫਿਰ ਭੀ ਮੈਂ ਤੇਰਾ) ਸੇਵਕ ਅਖਵਾਂਦਾ ਹਾਂ ।
ਮੇਰੇ ਉੱਤੇ ਮੇਹਰ ਦੀ ਨਜ਼ਰ ਕਰ, (ਤਾ ਕਿ) ਮੈਨੂੰ (ਤੇਰੇ ਚਰਨਾਂ ਤੋਂ) ਵਿਛੁੜੇ ਹੋਏ ਨੂੰ ਤੇਰਾ ਸਦਾ-ਥਿਰ ਨਾਮ ਮਿਲ ਜਾਏ ।੮।੨੧ ।
Follow us on Twitter Facebook Tumblr Reddit Instagram Youtube