ਆਸਾ ਮਹਲਾ ੧ ॥
ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ ॥
ਸਚਿ ਟਿਕੈ ਘਰਿ ਆਇ ਸਬਦਿ ਉਤਾਵਲਾ ॥੧॥

ਜਹ ਦੇਖਾ ਤਹ ਸੋਇ ਅਵਰੁ ਨ ਜਾਣੀਐ ॥
ਗੁਰ ਕੀ ਕਾਰ ਕਮਾਇ ਮਹਲੁ ਪਛਾਣੀਐ ॥੧॥ ਰਹਾਉ ॥

ਆਪਿ ਮਿਲਾਵੈ ਸਚੁ ਤਾ ਮਨਿ ਭਾਵਈ ॥
ਚਲੈ ਸਦਾ ਰਜਾਇ ਅੰਕਿ ਸਮਾਵਈ ॥੨॥

ਸਚਾ ਸਾਹਿਬੁ ਮਨਿ ਵਸੈ ਵਸਿਆ ਮਨਿ ਸੋਈ ॥
ਆਪੇ ਦੇ ਵਡਿਆਈਆ ਦੇ ਤੋਟਿ ਨ ਹੋਈ ॥੩॥

ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ ॥
ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥੪॥

ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ ॥
ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੇ ॥੫॥

ਜੰਮਣ ਮਰਣਾ ਆਖੀਐ ਤਿਨਿ ਕਰਤੈ ਕੀਆ ॥
ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ ॥੬॥

ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ॥
ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ ॥੭॥

ਰਤਨਾ ਪਾਰਖੁ ਸੋ ਧਣੀ ਤਿਨਿ ਕੀਮਤਿ ਪਾਈ ॥
ਨਾਨਕ ਸਾਹਿਬੁ ਮਨਿ ਵਸੈ ਸਚੀ ਵਡਿਆਈ ॥੮॥੧੭॥

Sahib Singh
ਢੂਢੀ = ਮੈਂ ਢੂੰਢਾਂ ।
ਜਾਇ = ਜਾ ਕੇ ।
ਘਰਿ = ਘਰ ਵਿਚ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਘਰਿ = ਹਿਰਦੇ ਵਿਚ ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।
ਉਤਾਵਲਾ = ਛੇਤੀ ।੧ ।
ਦੇਖਾ = ਮੈਂ ਵੇਖਦਾ ਹਾਂ ।
ਸੋਇ = ਉਹ (ਪਰਮਾਤਮਾ) ਹੀ ।
ਕਮਾਇ = ਕਮਾ ਕੇ ।੧।ਰਹਾਉ ।
ਸਚੁ = ਸਦਾ = ਥਿਰ ਪ੍ਰਭੂ ।
ਮਨਿ = ਮਨ ਵਿਚ ।
ਤਾ = ਤਦੋਂ ।
ਅੰਕਿ = ਅੰਕ ਵਿਚ, ਗੋਦ ਵਿਚ ।੨ ।
ਸੋਈ = ਉਹ ਪ੍ਰਭੂ ।
ਦੇ = ਦੇਂਦਾ ਹੈ ।
ਦੇ = ਦੇ ਕੇ ।
ਤੋਟਿ = ਘਾਟਾ ।੩ ।
ਅਬੇ ਤਬੇ ਕੀ = ਧਿਰ ਧਿਰ ਦੀ ।
ਚਾਕਰੀ = ਖ਼ੁਸ਼ਾਮਦ ।
ਭਰਨਾਲਿ = ਸਮੁੰਦਰ ਵਿਚ ।੪ ।
ਨਾਲੇ = ਨਾਲ ਹੀ ।
ਵਸਤੁ = ਨਾਮ = ਪਦਾਰਥ ।
ਘਰੁ = ਹਿਰਦਾ ।
ਭਾਲੇ = ਭਾਲਿ, ਭਾਲ ਕੇ ।੫ ।
ਤਿਨਿ ਕਰਤੈ = ਉਸ ਕਰਤਾਰ ਨੇ ।
ਆਪੁ = ਆਪਾ = ਭਾਵ ।
ਮਰਣੁ = ਜਨਮ ਮਰਨ ਦਾ ਗੇੜ ।੬ ।
ਸਤਿਗੁਰ ਦੇ = ਗੁਰੂ ਨੂੰ ਦੇ ਕੇ ।
ਕਿਨਿ = ਕਿਸ ਨੇ ?
    ।੧ ।
ਪਾਰਖੁ = ਪਰਖ ਕਰਨ ਵਾਲਾ, ਜੌਹਰੀ ।
ਧਣੀ = ਮਾਲਕ = ਪ੍ਰਭੂ ।
ਤਿਨਿ = ਉਸ (ਪ੍ਰਭੂ) ਨੇ ।੮ ।
    
Sahib Singh
ਮੈਂ ਜਿਧਰ ਵੇਖਦਾ ਹਾਂ, ਮੈਨੂੰ ਉਧਰ ਉਹ (ਪਰਮਾਤਮਾ) ਹੀ ਦਿੱਸਦਾ ਹੈ ।
(ਇਹ ਕਦੇ) ਨਹੀਂ ਸਮਝਣਾ ਚਾਹੀਦਾ (ਕਿ ਉਸ ਪ੍ਰਭੂ ਤੋਂ ਬਿਨਾ) ਕੋਈ ਹੋਰ (ਭੀ ਉਸ ਵਰਗਾ ਜਗਤ ਵਿਚ ਮੌਜੂਦ) ਹੈ ।
ਗੁਰੂ ਦੀ ਦੱਸੀ ਕਾਰ ਕਮਾ ਕੇ (ਹਰ ਥਾਂ ਪਰਮਾਤਮਾ ਦਾ) ਟਿਕਾਣਾ (ਨਿਵਾਸ) ਪਛਾਣ ਲਈਦਾ ਹੈ ।੧।ਰਹਾਉ ।
(ਜਦੋਂ ਗੁਰੂ ਦੀ ਕਾਰ ਕਮਾ ਕੇ ਹਰ ਥਾਂ ਪ੍ਰਭੂ ਦਾ ਨਿਵਾਸ ਪਛਾਣ ਸਕੀਦਾ ਹੈ ਤਾਂ) ਮੈਂ ਜਾ ਕੇ ਜੰਗਲ ਨੂੰ ਕਿਉਂ (ਪਰਮਾਤਮਾ ਨੂੰ ਮਿਲਣ ਵਾਸਤੇ) ਢੂੰਢਾਂ ?
ਜਿਸ ਮਨੁੱਖ ਨੂੰ ਪਰਮਾਤਮਾ ਹਰ ਥਾਂ ਦਿੱਸ ਪਏ ਉਸ ਨੂੰ ਘਰ ਵਿਚ ਹੀ ਹਰੀਆਵਲਾ ਜੰਗਲ (ਦਿੱਸਦਾ ਹੈ, ਭਾਵ, ਉਸ ਨੂੰ ਘਰ ਵਿਚ ਜੰਗਲ ਵਿਚ ਤੇ ਹਰ ਥਾਂ ਪ੍ਰਭੂ ਨਜ਼ਰੀਂ ਆਉਂਦਾ ਹੈ) ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕਦਾ ਹੈ, ਪਰਮਾਤਮਾ ਤੁਰਤ ਉਸ ਦੇ ਹਿਰਦੇ-ਘਰ ਆ ਵੱਸਦਾ ਹੈ ।੧ ।
ਜਦੋਂ ਸਦਾ-ਥਿਰ ਪ੍ਰਭੂ ਆਪ (ਕਿਸੇ ਜੀਵ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ਤਦੋਂ ਉਹ ਉਸ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ।
ਉਹ ਜੀਵ ਸਦਾ ਉਸ ਦੀ ਰਜ਼ਾ ਵਿਚ ਤੁਰਦਾ ਹੈ, ਤੇ ਉਸ ਦੀ ਗੋਦਵਿਚ ਲੀਨ ਹੋ ਜਾਂਦਾ ਹੈ ।੨ ।
ਸਦਾ-ਥਿਰ ਮਾਲਕ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਮਨੁੱਖ ਨੂੰ ਆਪਣੇ ਮਨ ਵਿਚ ਵੱਸਿਆ ਹੋਇਆ ਉਹੀ ਪ੍ਰਭੂ (ਹਰ ਥਾਂ ਦਿੱਸਦਾ ਹੈ) ।
(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪ੍ਰਭੂ ਆਪ ਹੀ ਵਡਿਆਈਆਂ ਦੇਂਦਾ ਹੈ (ਤੇ ਉਸ ਦੇ ਖ਼ਜ਼ਾਨੇ ਵਿਚ ਇਤਨੀਆਂ ਵਡਿਆਈਆਂ ਹਨ ਕਿ) ਦੇਂਦਿਆਂ ਉਹ ਘਟਦੀਆਂ ਨਹੀਂ ।੩ ।
(ਗੁਰੂ ਦੀ ਦੱਸੀ ਕਾਰ ਕਮਾਣੀ ਛੱਡ ਕੇ) ਧਿਰ ਧਿਰ ਦੀ ਖ਼ੁਸ਼ਾਮਦ ਕੀਤਿਆਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਹੋ ਸਕਦੀ ।
(ਧਿਰ ਧਿਰ ਦੀ ਖ਼ੁਸ਼ਾਮਦ ਕਰਨਾ ਇਉਂ ਹੈ, ਜਿਵੇਂ ਪੱਥਰ ਦੀ ਬੇੜੀ ਵਿਚ ਸਵਾਰ ਹੋਣਾ, ਤੇ ਜੋ ਮਨੁੱਖ ਇਸ) ਪੱਥਰ ਦੀ ਬੇੜੀ ਵਿਚ ਸਵਾਰ ਹੁੰਦਾ ਹੈ, ਉਹ (ਸੰਸਾਰ-) ਸਮੁੰਦਰ ਵਿਚ ਡੁੱਬ ਜਾਂਦਾ ਹੈ ।੪ ।
(ਪਰਮਾਤਮਾ ਦੇ ਨਾਮ ਦਾ ਸੌਦਾ ਕਰਨ ਵਾਸਤੇ) ਜੇ ਆਪਣਾ ਮਨ (ਗੁਰੂ ਅੱਗੇ) ਵੇਚ ਦੇਈਏ, ਤੇ ਆਪਣਾ ਸਿਰ ਭੀ ਦੇਈਏ (ਭਾਵ, ਆਪਣੇ ਮਨ ਦੇ ਪਿਛੇ ਤੁਰਨ ਦੇ ਥਾਂ ਗੁਰੂ ਦੀ ਮਤਿ ਤੇ ਤੁਰੀਏ ਅਤੇ ਆਪਣੀ ਅਕਲ ਦਾ ਮਾਣ ਭੀ ਛੱਡ ਦੇਈਏ) ਤਾਂ ਗੁਰੂ ਦੀ ਰਾਹੀਂ ਆਪਣਾ ਹਿਰਦਾ-ਘਰ ਭਾਲ ਕੇ (ਆਪਣੇ ਅੰਦਰ ਹੀ) ਨਾਮ-ਪਦਾਰਥ ਪਛਾਣ ਲਈਦਾ ਹੈ ।੫ ।
ਹਰ ਕੋਈ ਜਨਮ ਮਰਨ ਦੇ ਗੇੜ ਦਾ ਜ਼ਿਕਰ ਕਰਦਾ ਹੈ (ਤੇ ਇਸ ਤੋਂ ਡਰਦਾ ਭੀ ਹੈ ਇਹ ਜਨਮ ਮਰਨ ਦਾ ਚੱਕਰ) ਕਰਤਾਰ ਨੇ ਆਪ ਹੀ ਬਣਾਇਆ ਹੈ ।
ਜੇਹੜੇ ਜੀਵ ਆਪਾ-ਭਾਵ ਗਵਾ ਕੇ (ਮਾਇਆ ਦੇ ਮੋਹ ਵਲੋਂ) ਮਰ ਜਾਂਦੇ ਹਨ, ਉਹਨਾਂ ਨੂੰ ਇਹ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ।੬ ।
(ਪਰ, ਜੀਵ ਦੇ ਕੀਹ ਵੱਸ ?
ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਧੁਰੋਂ ਹੀ ਜੀਵ ਨੂੰ ਜੇਹੜੀ ਕਾਰ ਕਰਨ ਦਾ ਹੁਕਮ ਹੁੰਦਾ ਹੈ ਜੀਵ ਉਹੀ ਕਾਰ ਕਰਦਾ ਹੈ, ਪਰ ਜੇ ਜੀਵ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਪ੍ਰਭੂ-ਚਰਨਾਂ ਵਿਚ ਟਿਕ ਜਾਏ (ਤਾਂ ਇਸ ਦਾ ਇਤਨਾ ਉੱਚਾ ਆਤਮਕ ਜੀਵਨ ਬਣ ਜਾਂਦਾ ਹੈ ਕਿ) ਕੋਈ ਭੀ ਉਸ ਦਾ ਮੁੱਲ ਨਹੀਂ ਪਾ ਸਕਦਾ ।੭ ।
(ਇਹ ਸਾਰੇ ਜੀਵ ਉਸ ਜੌਹਰੀ ਪਰਮਾਤਮਾ ਦੇ ਆਪਣੇ ਹੀ ਬਣਾਏ ਹੋਏ ਰਤਨ ਹਨ) ਉਹ ਮਾਲਕ ਆਪ ਹੀ ਇਹਨਾਂ ਰਤਨਾਂ ਦੀ ਪਰਖ ਕਰਦਾ ਹੈ ਤੇ (ਪਰਖ ਪਰਖ ਕੇ) ਆਪ ਹੀ ਇਹਨਾਂ ਦਾ ਮੁੱਲ ਪਾਂਦਾ ਹੈ ।
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਮਾਲਕ-ਪ੍ਰਭੂ ਵੱਸ ਪੈਂਦਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲੀ ਇਜ਼ਤ ਬਖ਼ਸ਼ਦਾ ਹੈ ।੮।੧੭ ।
Follow us on Twitter Facebook Tumblr Reddit Instagram Youtube