ਆਸਾ ਮਹਲਾ ੧ ॥
ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥
ਆਦਿ ਜੁਗਾਦਿ ਦਇਆਲੁ ਤੂ ਠਾਕੁਰ ਤੇਰੀ ਸਰਣਾ ॥੧॥

ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ ॥
ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥੧॥ ਰਹਾਉ ॥

ਕੂੜਾ ਲਾਲਚੁ ਛੋਡੀਐ ਤਉ ਸਾਚੁ ਪਛਾਣੈ ॥
ਗੁਰ ਕੈ ਸਬਦਿ ਸਮਾਈਐ ਪਰਮਾਰਥੁ ਜਾਣੈ ॥੨॥

ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ ॥
ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ ॥੩॥

ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ॥
ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ ॥੪॥

ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥
ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ ॥੫॥

ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥
ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ ॥੬॥

ਮਨਮੁਖ ਪਥਰੁ ਸੈਲੁ ਹੈ ਧ੍ਰਿਗੁ ਜੀਵਣੁ ਫੀਕਾ ॥
ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥੭॥

ਹਰਿ ਕਾ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੀਆ ॥
ਨਾਨਕ ਨਾਮੁ ਨ ਵੀਸਰੈ ਮਥਿ ਅੰਮ੍ਰਿਤੁ ਪੀਆ ॥੮॥੧੫॥

Sahib Singh
ਮਨਸਾ = ਮਨ ਦਾ ਫੁਰਨਾ, ਮਾਇਕ ਫੁਰਨਾ ।
ਮਨਹਿ = ਮਨਿ ਹੀ, ਮਨ ਵਿਚ ਹੀ ।
ਸਮਾਇਲੇ = ਲੀਨ ਕਰ ਦੇ ।
ਭਉਜਲੁ = ਸੰਸਾਰ = ਸਮੁੰਦਰ ।
ਸਚਿ = ਸਦਾ = ਥਿਰ ਪ੍ਰਭੂ ਵਿਚ (ਜੁੜ ਕੇ) ।
ਠਾਕੁਰ = ਹੇ ਠਾਕੁਰ !
    ।੧ ।
ਦਾਤੌ = ਦਾਤਾ ।
ਜਾਚਿਕ = ਮੰਗਤੇ ।
ਹਰਿ = ਹੇ ਹਰੀ !
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।੧।ਰਹਾਉ ।
ਛੋਡੀਐ = ਛੱਡ ਦੇਣਾ ਚਾਹੀਦਾ ਹੈ ।
ਤਉ = ਤਦੋਂ ।
ਸਬਦਿ = ਸ਼ਬਦ ਦੀ ਰਾਹੀਂ ।
ਸਮਾਈਐ = ਲੀਨ ਹੋ ਸਕੀਦਾ ਹੈ ।
ਪਰਮਾਰਥੁ = ਪਰਮ ਅਰਥ, ਸਭ ਤੋਂ ਉੱਚਾ ਧਨ ।੨ ।
ਰਾਜਾ = ਬਲੀ ।
ਲੁਭਤਉ = ਲੋਭ ਵਿਚ ਫਸਿਆ ਹੋਇਆ ।
ਲੋਭਾਈ = ਲੋਭ ਕਰ ਰਿਹਾ ਹੈ ।
ਨਿਵਾਰੀਐ = ਦੂਰ ਕੀਤਾ ਜਾ ਸਕਦਾ ਹੈ ।੩ ।
ਕਲਰਿ = ਕੱਲਰ ਵਿਚ ।
ਲਾਹਾ = ਲਾਭ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਕੂੜਿ = ਕੂੜ ਵਿਚ ।
ਗਡਾਵੈ = ਰਲ ਜਾਂਦਾ ਹੈ ।੪ ।
ਅੰਧਿਹੋ = ਹੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਜੀਵੋ !
ਲਾਲਚਿ = ਲਾਲਚ ਵਿਚ (ਫਸਿਆ) ।
ਮਨਿ = ਮਨ ਵਿਚ ।
ਬਿਖੁ = ਜ਼ਹਰ ।੫ ।
ਕੁਵਾਟੜੀ = ਭੈੜੀ ਵਾਟ, ਮਾੜਾ ਰਸਤਾ ।
ਮੂਸਹੁਗੇ = ਲੁੱਟੇ ਜਾਵੋਗੇ ।
ਅਹਿ = ਦਿਨ ।
ਨਿਸਿ = ਰਾਤ ।੬।ਸੈਲੁ—ਚਟਾਨ ।
ਧਿ੍ਰਗੁ = ਫਿਟਕਾਰ = ਜੋਗ ।
ਫੀਕਾ = ਬੇ = ਰਸਾ ।
ਅਭ ਅੰਤਰਿ = ਅੰਦਰੋਂ ।੭ ।
ਨਿਧਾਨੁ = ਖ਼ਜ਼ਾਨਾ ।
ਗੁਰਿ = ਗੁਰੂ ਨੇ ।
ਮਥਿ = ਰਿੜਕ ਕੇ ।੮ ।
    
Sahib Singh
(ਹੇ ਭਾਈ! ਆਪਣੇ ਮਨ ਵਿਚੋਂ ਉਠਦਾ) ਮਾਇਕ ਫੁਰਨਾ ਮਨ ਵਿਚ ਹੀ ਲੀਨ ਕਰ ਦੇਹ (ਮਨ ਦੇ ਪਿੱਛੇ ਲੱਗਿਆਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ) ।
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ।
ਹੇ ਸਿ੍ਰਸ਼ਟੀ ਦੇ ਮੁੱਢ ਪ੍ਰਭੂ! ਹੇ ਜੁਗਾਂ ਤੋਂ ਭੀ ਪਹਿਲਾਂ ਦੇ ਪ੍ਰਭੂ! ਹੇ ਸਭ ਦੇ ਪਾਲਣ ਵਾਲੇ ਪ੍ਰਭੂ! ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ ।
ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਮਨ ਦੀ ਪ੍ਰੇਰਨਾ ਤੋਂ ਬਚਾ) ।੧ ।
ਹੇ ਹਰੀ! ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਅਸੀ ਜੀਵ (ਤੇਰੇ ਦਰ ਦੇ) ਮੰਗਤੇ ਹਾਂ, (ਸਾਨੂੰ) ਦਰਸਨ ਦੇਹ ।
ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, (ਜੋ ਸਿਮਰਦਾ ਹੈ, ਉਸ ਦੇ) ਮਨ ਦਾ ਮੰਦਰ (ਹਰਿ-ਨਾਮ ਨਾਲ) ਭਿੱਜ ਜਾਂਦਾ ਹੈ ।੧।ਰਹਾਉ ।
(ਹੇ ਭਾਈ! ਮਾਇਆ ਦਾ) ਭੈੜਾ ਲਾਲਚ ਛੱਡ ਦੇਣਾ ਚਾਹੀਦਾ ਹੈ (ਮਨੁੱਖ ਜਦੋਂ ਲਾਲਚ ਛੱਡ ਦੇਂਦਾ ਹੈ) ਤਦੋਂ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਸਕੀਦਾ ਹੈ (ਜੇਹੜਾ ਲੀਨ ਹੁੰਦਾ ਹੈ) ਉਹ ਜੀਵਨ ਦੇ ਸਭ ਤੋਂ ਉੱਚੇ ਮਨੋਰਥ ਨੂੰ ਸਮਝ ਲੈਂਦਾ ਹੈ ।੨ ।
ਇਹ (ਮਾਇਆ ਦਾ) ਲੋਭੀ ਮਨ (ਸਰੀਰ-ਨਗਰ ਦਾ) ਰਾਜਾ (ਬਣ ਬੈਠਦਾ ਹੈ) ਲੋਭ ਵਿਚ ਫਸਿਆ ਹੋਇਆ (ਸਦਾ) ਮਾਇਆ ਦਾ ਲੋਭ ਕਰਦਾ ਰਹਿੰਦਾ ਹੈ ।
ਗੁਰੂ ਦੀ ਸਰਨ ਪੈ ਕੇ ਹੀ ਇਹ ਲੋਭ ਦੂਰ ਕੀਤਾ ਜਾ ਸਕਦਾ ਹੈ (ਜੇਹੜਾ ਮਨੁੱਖ ਲੋਭ ਦੂਰ ਕਰ ਲੈਂਦਾ ਹੈ, ਉਸ ਦੀ) ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ ।੩ ।
ਜੇ ਕੱਲਰ ਵਿਚ ਖੇਤੀ ਬੀਜੀ ਜਾਏ, ਤਾਂ (ਬੀਜਣ ਵਾਲਾ) ਉਸ ਵਿਚੋਂ ਲਾਭ ਨਹੀਂ ਖੱਟ ਸਕਦਾ ।
ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਵਿਚ ਰਚ-ਮਿਚ ਨਹੀਂ ਸਕਦਾ ।
ਝੂਠ ਝੂਠ ਵਿਚ ਹੀ ਰਲਦਾ ਹੈ ।੪ ।
ਹੇ ਮਾਇਆ-ਮੋਹ ਵਿਚ ਅੰਨ੍ਹੇ ਹੋਏ ਜੀਵੋ! ਮਾਇਆ ਦਾ ਲਾਲਚ ਛੱਡ ਦੇਵਹੁ ।
ਲਾਲਚ ਵਿਚ (ਫਸਿਆਂ) ਭਾਰੀ ਦੁੱਖ ਸਹਿਣਾ ਪੈਂਦਾ ਹੈ ।
ਜਿਸ ਮਨੁੱਖ ਦੇ ਮਨ ਵਿਚ (ਲਾਲਚ ਦੇ ਥਾਂ) ਸਦਾ-ਥਿਰ ਮਾਲਕ ਵੱਸ ਪੈਂਦਾ ਹੈ, ਉਹ ਹਉਮੈ ਦੀ ਜ਼ਹਰ ਨੂੰ ਮਾਰ ਲੈਂਦਾ ਹੈ (ਉਸ ਹਉਮੈ ਨੂੰ ਮਾਰ ਮੁਕਾਂਦਾ ਹੈ ਜੋ ਆਤਮਕ ਮੌਤ ਦਾ ਕਾਰਨ ਬਣਦੀ ਹੈ) ।੫ ।
ਹੇ ਭਾਈ! ਦੁਬਿਧਾ ਛੱਡ ਦੇਵਹੁ ।
ਇਹ ਗ਼ਲਤ ਰਸਤਾ ਹੈ (ਇਸ ਰਸਤੇ ਪੈ ਕੇ) ਲੁੱਟੇ ਜਾਵੋਗੇ ।
(ਮਾਇਆ-ਮੋਹ ਦੇ ਰਸਤੇ ਦੇ ਥਾਂ) ਸਤਿਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ।੬ ।
ਮਨ ਦੇ ਮੁਰੀਦ ਮਨੁੱਖ (ਦਾ ਹਿਰਦਾ) ਪੱਥਰ ਹੈ ਚਟਾਨ ਹੈ (ਪੱਥਰ ਵਾਂਗ ਚਟਾਨ ਵਾਂਗ ਕੁਰਖ਼ਤ ਹੈ), ਉਸ ਦਾ ਜੀਵਨ ਬੇ-ਸੁਆਦ ਰਹਿੰਦਾ ਹੈ ਫਿਟਕਾਰ-ਜੋਗ ਹੈ ।
ਪੱਥਰ ਨੂੰ ਕਿਤਨਾ ਹੀ ਸਮਾ ਪਾਣੀ ਵਿਚ ਰੱਖਿਆ ਜਾਏ, ਤਾਂ ਵੀ ਉਹ ਅੰਦਰੋਂ ਸੁੱਕਾ ਹੀ ਰਹਿੰਦਾ ਹੈ (ਮਨਮੁਖ ਦਾ ਹਿਰਦਾ ਸਤਸੰਗ ਵਿਚ ਆ ਕੇ ਭੀ ਨਹੀਂ ਦ੍ਰਵਦਾ) ।੭ ।
ਪਰਮਾਤਮਾ ਦਾ ਨਾਮ (ਸਾਰੇ ਆਤਮਕ ਗੁਣਾਂ ਦਾ) ਖ਼ਜ਼ਾਨਾ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਨਾਮ ਦੇ ਦਿੱਤਾ, ਉਹ ਹੇ ਨਾਨਕ! ਸਦਾ ਜਪ ਜਪ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ ।੮।੧੫ ।
Follow us on Twitter Facebook Tumblr Reddit Instagram Youtube