ਆਸਾ ਮਹਲਾ ੧ ॥
ਤਨੁ ਬਿਨਸੈ ਧਨੁ ਕਾ ਕੋ ਕਹੀਐ ॥
ਬਿਨੁ ਗੁਰ ਰਾਮ ਨਾਮੁ ਕਤ ਲਹੀਐ ॥
ਰਾਮ ਨਾਮ ਧਨੁ ਸੰਗਿ ਸਖਾਈ ॥
ਅਹਿਨਿਸਿ ਨਿਰਮਲੁ ਹਰਿ ਲਿਵ ਲਾਈ ॥੧॥

ਰਾਮ ਨਾਮ ਬਿਨੁ ਕਵਨੁ ਹਮਾਰਾ ॥
ਸੁਖ ਦੁਖ ਸਮ ਕਰਿ ਨਾਮੁ ਨ ਛੋਡਉ ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥

ਕਨਿਕ ਕਾਮਨੀ ਹੇਤੁ ਗਵਾਰਾ ॥
ਦੁਬਿਧਾ ਲਾਗੇ ਨਾਮੁ ਵਿਸਾਰਾ ॥
ਜਿਸੁ ਤੂੰ ਬਖਸਹਿ ਨਾਮੁ ਜਪਾਇ ॥
ਦੂਤੁ ਨ ਲਾਗਿ ਸਕੈ ਗੁਨ ਗਾਇ ॥੨॥

ਹਰਿ ਗੁਰੁ ਦਾਤਾ ਰਾਮ ਗੁਪਾਲਾ ॥
ਜਿਉ ਭਾਵੈ ਤਿਉ ਰਾਖੁ ਦਇਆਲਾ ॥
ਗੁਰਮੁਖਿ ਰਾਮੁ ਮੇਰੈ ਮਨਿ ਭਾਇਆ ॥
ਰੋਗ ਮਿਟੇ ਦੁਖੁ ਠਾਕਿ ਰਹਾਇਆ ॥੩॥

ਅਵਰੁ ਨ ਅਉਖਧੁ ਤੰਤ ਨ ਮੰਤਾ ॥
ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥
ਤੂੰ ਆਪਿ ਭੁਲਾਵਹਿ ਨਾਮੁ ਵਿਸਾਰਿ ॥
ਤੂੰ ਆਪੇ ਰਾਖਹਿ ਕਿਰਪਾ ਧਾਰਿ ॥੪॥

ਰੋਗੁ ਭਰਮੁ ਭੇਦੁ ਮਨਿ ਦੂਜਾ ॥
ਗੁਰ ਬਿਨੁ ਭਰਮਿ ਜਪਹਿ ਜਪੁ ਦੂਜਾ ॥
ਆਦਿ ਪੁਰਖ ਗੁਰ ਦਰਸ ਨ ਦੇਖਹਿ ॥
ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ ॥੫॥

ਦੇਖਿ ਅਚਰਜੁ ਰਹੇ ਬਿਸਮਾਦਿ ॥
ਘਟਿ ਘਟਿ ਸੁਰ ਨਰ ਸਹਜ ਸਮਾਧਿ ॥
ਭਰਿਪੁਰਿ ਧਾਰਿ ਰਹੇ ਮਨ ਮਾਹੀ ॥
ਤੁਮ ਸਮਸਰਿ ਅਵਰੁ ਕੋ ਨਾਹੀ ॥੬॥

ਜਾ ਕੀ ਭਗਤਿ ਹੇਤੁ ਮੁਖਿ ਨਾਮੁ ॥
ਸੰਤ ਭਗਤ ਕੀ ਸੰਗਤਿ ਰਾਮੁ ॥
ਬੰਧਨ ਤੋਰੇ ਸਹਜਿ ਧਿਆਨੁ ॥
ਛੂਟੈ ਗੁਰਮੁਖਿ ਹਰਿ ਗੁਰ ਗਿਆਨੁ ॥੭॥

ਨਾ ਜਮਦੂਤ ਦੂਖੁ ਤਿਸੁ ਲਾਗੈ ॥
ਜੋ ਜਨੁ ਰਾਮ ਨਾਮਿ ਲਿਵ ਜਾਗੈ ॥
ਭਗਤਿ ਵਛਲੁ ਭਗਤਾ ਹਰਿ ਸੰਗਿ ॥
ਨਾਨਕ ਮੁਕਤਿ ਭਏ ਹਰਿ ਰੰਗਿ ॥੮॥੯॥

Sahib Singh
ਕਾ ਕੋ = ਕਿਸ ਦਾ ?
ਕਤ = ਕਿਥੋਂ ?
ਸੰਗਿ = (ਜੀਵ ਦੇ) ਨਾਲ ।
ਸਖਾਈ = ਸਾਥੀ, ਮਿੱਤਰ ।
ਅਹਿ = ਦਿਨ ।
ਨਿਸਿ = ਰਾਤ ।੧।ਹਮਾਰਾ—ਸਾਡਾ, ਜੀਵਾਂ ਦਾ ।
ਸਮ = ਬਰਾਬਰ, ਇਕੋ ਜਿਹੇ ।
ਕਰਿ = ਕਰ ਕੇ, ਸਮਝ ਕੇ ।
ਨ ਛੋਡਉ = ਮੈਂ ਨਹੀਂ ਛੱਡਦਾ ।
ਬਖਸਿ = ਬਖ਼ਸ਼ ਕੇ, ਮੇਹਰ ਕਰ ਕੇ ।੧।ਰਹਾਉ ।
ਕਨਿਕ = ਸੋਨਾ ।
ਕਾਮਨੀ = ਇਸਤ੍ਰੀ ।
ਹੇਤੁ = ਹਿਤ, ਮੋਹ ।
ਦੁਬਿਧਾ = ਭਟਕਣਾ, ਦੁਚਿੱਤਾ-ਪਨ ।
ਜਪਾਇ = ਜਪਾ ਕੇ ।
ਗਾਇ = ਗਾਂਦਾ ਹੈ ।੨ ।
ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲਗੇ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਮਨਿ = ਮਨ ਵਿਚ ।੩ ।
ਅਵਰੁ = ਕੋਈ ਹੋਰ ।
ਅਉਖਧੁ = ਦਾਰੂ ।
ਕਿਲਵਿਖ = ਪਾਪ ।
ਹੰਤਾ = ਨਾਸ ਕਰਨ ਵਾਲਾ ।੪ ।
ਭਰਮਿ = ਭਟਕ ਕੇ ।
ਜਪਹਿ = ਜਪਦੇ ਹਨ ।
ਗੁਰ ਦਰਸ = ਗੁਰੂ ਦੇ ਦੀਦਾਰ ।
ਕਿ ਲੇਖਹਿ = ਕਿਸ ਲੇਖ ਵਿਚ ?
    ਕਿਸੇ ਲੇਖੇ ਨਹੀਂ ।੫ ।
ਦੇਖਿ = ਵੇਖ ਕੇ ।
ਬਿਸਮਾਦਿ = ਹੈਰਾਨ ।
ਘਟਿ ਘਟਿ = ਹਰੇਕ ਘਟ ਵਿਚ ।
ਮਨ ਮਾਹੀ = ਹਰੇਕ ਹਿਰਦੇ ਵਿਚ ।
ਸਮਸਰਿ = ਬਰਾਬਰ ।੬ ।
ਜਾ ਕੀ = ਜਿਸ ਪਰਮਾਤਮਾ ਦੀ ।
ਹੇਤੁ = ਹਿਤ, ਪ੍ਰੇਮ ।
ਸਹਜਿ = ਅਡੋਲ ਅਵਸਥਾ ਵਿਚ ।੭ ।
ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ ।
ਹਰਿ ਰੰਗਿ = ਹਰੀ ਦੇ ਪਿਆਰ ਵਿਚ ।੮ ।
    
Sahib Singh
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਡਾ (ਜੀਵਾਂ ਦਾ) ਹੋਰ ਕੇਹੜਾ (ਸਦੀਵੀ ਮਿੱਤਰ) ਹੋ ਸਕਦਾ ਹੈ ?
(ਸੁਖ ਤੇ ਦੁਖ ਉਸੇ ਪ੍ਰਭੂ ਦੀ ਰਜ਼ਾ ਵਿਚ ਆਉਂਦੇ ਹਨ, ਇਸ ਵਾਸਤੇ) ਸੁਖ ਤੇ ਦੁਖ ਨੂੰ ਇਕੋ ਜਿਹਾ (ਉਸ ਦੀ ਰਜ਼ਾ ਸਮਝ ਕੇ) ਮੈਂ (ਕਦੇ) ਉਸ ਦਾ ਨਾਮ ਨਹੀਂ ਛੱਡਾਂਗਾ ।
(ਮੈਨੂੰ ਨਿਸਚਾ ਹੈ ਕਿ) ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜਨ ਵਾਲਾ ਹੈ ।੧।ਰਹਾਉ ।
ਜਦੋਂ ਮਨੁੱਖ ਦਾ ਸਰੀਰ ਬਿਨਸ ਜਾਂਦਾ ਹੈ ਤਦੋਂ (ਉਸ ਦਾ ਕਮਾਇਆ ਹੋਇਆ) ਧਨ ਉਸ ਦਾ ਨਹੀਂ ਕਿਹਾ ਜਾ ਸਕਦਾ (ਪਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਜੋ ਮਨੁੱਖਾ ਸਰੀਰ ਦੇ ਨਾਸ ਹੋਣ ਪਿਛੋਂ ਭੀ ਆਪਣੇ ਨਾਲ ਲੈ ਜਾ ਸਕਦਾ ਹੈ, ਪਰ) ਪਰਮਾਤਮਾ ਦਾ ਨਾਮ-ਧਨ ਗੁਰੂ ਤੋਂ ਬਿਨਾ ਕਿਸੇ ਹੋਰ ਪਾਸੋਂ ਨਹੀਂ ਮਿਲ ਸਕਦਾ ।
ਪਰਮਾਤਮਾ ਦਾ ਨਾਮ-ਧਨ ਹੀ ਮਨੁੱਖ ਦੇ ਨਾਲ ਅਸਲ ਸਾਥੀ ਹੈ ।
ਜੇਹੜਾ ਮਨੁੱਖ ਦਿਨ ਰਾਤ ਆਪਣੀ ਸੁਰਤਿ ਪ੍ਰਭੂ (-ਚਰਨਾਂ) ਵਿਚ ਜੋੜਦਾ ਹੈ ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ ।੧ ।
ਉਹ ਮੂਰਖ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ ਜੋ ਸੋਨੇ ਤੇ ਇਸਤ੍ਰੀ ਨਾਲ ਹੀ ਮੋਹ ਵਧਾ ਰਹੇ ਹਨ ਤੇ ਭਟਕਣਾ ਵਿਚ ਪਏ ਹੋਏ ਹਨ (ਪਰ ਜੀਵ ਕੇ ਕੀਹ ਵੱਸ ?
ਹੇ ਪ੍ਰਭੂ!) ਜਿਸ ਜੀਵ ਨੂੰ ਤੂੰ ਆਪਣਾ ਨਾਮ ਜਪਾ ਕੇ (ਨਾਮ ਦੀ ਦਾਤਿ) ਬਖ਼ਸ਼ਦਾ ਹੈਂ, ਉਹ ਤੇਰੇ ਗੁਣ ਗਾਂਦਾ ਹੈ, ਜਮਦੂਤ ਉਸ ਦੇ ਨੇੜੇ ਨਹੀਂ ਢੁਕ ਸਕਦਾ (ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ ।
‘ਕਨਿਕ ਕਾਮਨੀ ਹੇਤੁ’ ਉਸ ਦੇ ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ) ।੨ ।
ਹੇ ਰਾਮ! ਹੇ ਹਰੀ! ਹੇ ਗੁਪਾਲ! ਤੂੰ ਹੀ ਸਭ ਤੋਂ ਵੱਡਾ ਦਾਤਾ ਹੈਂ ।
ਜਿਵੇਂ ਤੈਨੂੰ ਚੰਗਾ ਲਗੇ ਤਿਵੇਂ, ਹੇ ਦਇਆਲ! ਮੈਨੂੰ (‘ਕਨਿਕ ਕਾਮਨੀ ਹੇਤ’ ਤੋਂ) ਬਚਾ ਲੈ ।
ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦਾ ਨਾਮ) ਮੇਰੇ ਮਨ ਵਿਚ ਪਿਆਰਾ ਲੱਗਾ ਹੈ, ਮੇਰੇ (ਆਤਮਕ) ਰੋਗ ਮਿਟ ਗਏ ਹਨ (ਆਤਮਕ ਮੌਤ ਵਾਲਾ) ਦੁੱਖ ਮੈਂ ਰੋਕ ਲਿਆ ਹੈ ।੩ ।
(ਹੇ ਭਾਈ! ‘ਕਨਿਕ ਕਾਮਨੀ ਹੇਤ’ ਦੇ ਰੋਗ ਤੋਂ ਬਚਾਣ ਵਾਲਾ ਪ੍ਰਭੂ-ਨਾਮ ਤੋਂ ਬਿਨਾ) ਹੋਰ ਕੋਈ ਦਾਰੂ ਨਹੀਂਹੈ, ਕੋਈ ਮੰਤ੍ਰ ਨਹੀਂ ਹੈ ।
ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ ।
ਪਰ, ਹੇ ਪ੍ਰਭੂ! ਅਸੀ ਜੀਵ ਕੀਹ ਕਰ ਸਕਦੇ ਹਾਂ ?
ਸਾਡੇ ਮਨਾਂ ਤੋਂ (ਆਪਣਾ) ਨਾਮ ਭੁਲਾ ਕੇ ਤੂੰ ਆਪ ਹੀ ਸਾਨੂੰ ਕੁਰਾਹੇ ਪਾਂਦਾ ਹੈਂ, ਤੇ ਤੂੰ ਆਪ ਹੀ ਮੇਹਰ ਕਰ ਕੇ ਸਾਨੂੰ ਵਿਕਾਰਾਂ ਤੋਂ ਬਚਾਂਦਾ ਹੈਂ ।੪ ।
ਗੁਰੂ ਦੀ ਸਰਨ ਤੋਂ ਬਿਨਾ ਜੇਹੜੇ ਮਨੁੱਖ ਕੁਰਾਹੇ ਪੈ ਕੇ ਦੂਜਾ ਜਪ ਜਪਦੇ ਹਨ (ਕਨਿਕ ਕਾਮਨੀ ਆਦਿਕ ਦੇ ਮੋਹ ਵਿਚ ਸਦਾ ਸੁਰਤਿ ਜੋੜੀ ਰੱਖਦੇ ਹਨ, ਉਹਨਾਂ ਦੇ ਮਨ ਵਿਚ ਵਿਕਾਰਾਂ ਦਾ) ਰੋਗ ਹੈ, ਭਟਕਣਾ ਹੈ, ਪ੍ਰਭੂ ਨਾਲੋਂ ਵਿੱਥ ਹੈ, ਮੇਰ-ਤੇਰ ਹੈ ।
ਜੇਹੜੇ ਮਨੁੱਖ ਕਦੇ ਗੁਰੂ ਦਾ ਦਰਸ਼ਨ ਨਹੀਂ ਕਰਦੇ ਸਭ ਦੇ ਮੁੱਢ ਸਰਬ-ਵਿਆਪਕ ਦਾ ਦਰਸ਼ਨ ਨਹੀਂ ਕਰਦੇ, ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਬਿਨਾ ਉਹਨਾਂ ਦਾ ਜਨਮ ਕਿਸੇ ਭੀ ਲੇਖੇ ਵਿਚ ਨਹੀਂ ਰਹਿ ਜਾਂਦਾ ।੫ ।
(ਹੇ ਪ੍ਰਭੂ!) ਤੈਨੂੰ ਅਚਰਜ-ਰੂਪ ਨੂੰ ਵੇਖ ਕੇ ਅਸੀ ਜੀਵ ਹੈਰਾਨ ਹੁੰਦੇ ਹਾਂ ।
ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਦੇਵਤਿਆਂ ਵਿਚ ਮਨੁੱਖਾਂ ਵਿਚ ਹਰੇਕ ਵਿਚ ਸੁਤੇ ਹੀ ਅਡੋਲ ਟਿਕਿਆ ਹੋਇਆ ਹੈਂ ।
ਤੂੰ ਹਰੇਕ ਜੀਵ ਦੇ ਮਨ ਵਿਚ ਭਰਪੂਰ ਹੈਂ, ਤੇ ਹਰੇਕ ਨੂੰ ਸਹਾਰਾ ਦੇ ਰਿਹਾ ਹੈਂ ।
ਤੇਰੇ ਵਰਗਾ (ਰਾਖਾ) ਹੋਰ ਕੋਈ ਨਹੀਂ ਹੈ ।੬ ।
(ਹੇ ਭਾਈ!) ਪਰਮਾਤਮਾ ਉਹਨਾਂ ਸੰਤਾਂ ਭਗਤਾਂ ਦੀ ਸੰਗਤਿ ਵਿਚ ਮਿਲਦਾ ਹੈ ਜਿਨ੍ਹਾਂ ਦੇ ਮੂੰਹ ਵਿਚ (ਸਦਾ ਉਸ ਦਾ) ਨਾਮ ਟਿਕਿਆ ਰਹਿੰਦਾ ਹੈ ।
ਉਹਨਾਂ ਸੰਤ ਜਨਾਂ ਦੇ ਹਿਰਦੇ ਵਿਚ ਉਸ ਪ੍ਰਭੂ ਦੀ ਭਗਤੀ ਵਾਸਤੇ ਪ੍ਰੇਮ ਹੈ ਖਿੱਚ ਹੈ ।
ਅਡੋਲ ਅਵਸਥਾ ਵਿਚ (ਟਿਕ ਕੇ, ਪ੍ਰਭੂ ਦਾ) ਧਿਆਨ (ਧਰ ਕੇ ਸੰਤ ਜਨ ‘ਕਨਿਕ ਕਾਮਨੀ’ ਵਾਲੇ) ਬੰਧਨ ਤੋੜ ਲੈਂਦੇ ਹਨ ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਜਿਸ ਦੇ ਅੰਦਰ ਗੁਰੂ ਦਾ ਦਿੱਤਾ ਰੱਬੀ ਗਿਆਨ ਪਰਗਟ ਹੁੰਦਾ ਹੈ ਉਹ ਭੀ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ।੭ ।
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਲਿਵ ਲਾ ਕੇ, ‘ਕਨਿਕ ਕਾਮਨੀ ਹੇਤ’ ਵਲੋਂ ਸੁਚੇਤ ਹੋ ਜਾਂਦਾ ਹੈ ਉਸ ਨੂੰ ਜਮਦੂਤਾਂ ਦਾ ਦੁੱਖ ਪੋਹ ਨਹੀਂ ਸਕਦਾ (ਮੌਤ ਦਾ ਡਰ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ) ।
ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਆਪਣੇ ਭਗਤਾਂ ਦੇ ਅੰਗ-ਸੰਗ ਰਹਿੰਦਾ ਹੈ ।
ਹੇ ਨਾਨਕ! ਪ੍ਰਭੂ ਦੇ ਭਗਤ ਪ੍ਰਭੂ ਦੇ ਪਿਆਰ-ਰੰਗ ਵਿਚ (ਰੰਗੀਜ ਕੇ, ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ।੮।੯ ।
Follow us on Twitter Facebook Tumblr Reddit Instagram Youtube