ਆਸਾ ਮਹਲਾ ੧ ॥
ਮਨੁ ਮੈਗਲੁ ਸਾਕਤੁ ਦੇਵਾਨਾ ॥
ਬਨ ਖੰਡਿ ਮਾਇਆ ਮੋਹਿ ਹੈਰਾਨਾ ॥
ਇਤ ਉਤ ਜਾਹਿ ਕਾਲ ਕੇ ਚਾਪੇ ॥
ਗੁਰਮੁਖਿ ਖੋਜਿ ਲਹੈ ਘਰੁ ਆਪੇ ॥੧॥

ਬਿਨੁ ਗੁਰ ਸਬਦੈ ਮਨੁ ਨਹੀ ਠਉਰਾ ॥
ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ ॥੧॥ ਰਹਾਉ ॥

ਇਹੁ ਮਨੁ ਮੁਗਧੁ ਕਹਹੁ ਕਿਉ ਰਹਸੀ ॥
ਬਿਨੁ ਸਮਝੇ ਜਮ ਕਾ ਦੁਖੁ ਸਹਸੀ ॥
ਆਪੇ ਬਖਸੇ ਸਤਿਗੁਰੁ ਮੇਲੈ ॥
ਕਾਲੁ ਕੰਟਕੁ ਮਾਰੇ ਸਚੁ ਪੇਲੈ ॥੨॥

ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥
ਇਹੁ ਮਨੁ ਪੰਚ ਤਤੁ ਤੇ ਜਨਮਾ ॥
ਸਾਕਤੁ ਲੋਭੀ ਇਹੁ ਮਨੁ ਮੂੜਾ ॥
ਗੁਰਮੁਖਿ ਨਾਮੁ ਜਪੈ ਮਨੁ ਰੂੜਾ ॥੩॥

ਗੁਰਮੁਖਿ ਮਨੁ ਅਸਥਾਨੇ ਸੋਈ ॥
ਗੁਰਮੁਖਿ ਤ੍ਰਿਭਵਣਿ ਸੋਝੀ ਹੋਈ ॥
ਇਹੁ ਮਨੁ ਜੋਗੀ ਭੋਗੀ ਤਪੁ ਤਾਪੈ ॥
ਗੁਰਮੁਖਿ ਚੀਨ੍ਹੈ ਹਰਿ ਪ੍ਰਭੁ ਆਪੈ ॥੪॥

ਮਨੁ ਬੈਰਾਗੀ ਹਉਮੈ ਤਿਆਗੀ ॥
ਘਟਿ ਘਟਿ ਮਨਸਾ ਦੁਬਿਧਾ ਲਾਗੀ ॥
ਰਾਮ ਰਸਾਇਣੁ ਗੁਰਮੁਖਿ ਚਾਖੈ ॥
ਦਰਿ ਘਰਿ ਮਹਲੀ ਹਰਿ ਪਤਿ ਰਾਖੈ ॥੫॥

ਇਹੁ ਮਨੁ ਰਾਜਾ ਸੂਰ ਸੰਗ੍ਰਾਮਿ ॥
ਇਹੁ ਮਨੁ ਨਿਰਭਉ ਗੁਰਮੁਖਿ ਨਾਮਿ ॥
ਮਾਰੇ ਪੰਚ ਅਪੁਨੈ ਵਸਿ ਕੀਏ ॥
ਹਉਮੈ ਗ੍ਰਾਸਿ ਇਕਤੁ ਥਾਇ ਕੀਏ ॥੬॥

ਗੁਰਮੁਖਿ ਰਾਗ ਸੁਆਦ ਅਨ ਤਿਆਗੇ ॥
ਗੁਰਮੁਖਿ ਇਹੁ ਮਨੁ ਭਗਤੀ ਜਾਗੇ ॥
ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ ॥
ਆਤਮੁ ਚੀਨ੍ਹਿ ਭਏ ਨਿਰੰਕਾਰੀ ॥੭॥

ਇਹੁ ਮਨੁ ਨਿਰਮਲੁ ਦਰਿ ਘਰਿ ਸੋਈ ॥
ਗੁਰਮੁਖਿ ਭਗਤਿ ਭਾਉ ਧੁਨਿ ਹੋਈ ॥
ਅਹਿਨਿਸਿ ਹਰਿ ਜਸੁ ਗੁਰ ਪਰਸਾਦਿ ॥
ਘਟਿ ਘਟਿ ਸੋ ਪ੍ਰਭੁ ਆਦਿ ਜੁਗਾਦਿ ॥੮॥

ਰਾਮ ਰਸਾਇਣਿ ਇਹੁ ਮਨੁ ਮਾਤਾ ॥
ਸਰਬ ਰਸਾਇਣੁ ਗੁਰਮੁਖਿ ਜਾਤਾ ॥
ਭਗਤਿ ਹੇਤੁ ਗੁਰ ਚਰਣ ਨਿਵਾਸਾ ॥
ਨਾਨਕ ਹਰਿ ਜਨ ਕੇ ਦਾਸਨਿ ਦਾਸਾ ॥੯॥੮॥

Sahib Singh
ਮੈਗਲੁ = ਹਾਥੀ ।
ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ, ਮਾਇਆ-ਵੇੜਿ੍ਹਆ ।
ਦੇਵਾਨਾ = ਪਾਗਲ ।
ਬਨ ਖੰਡਿ = ਜੰਗਲ ਦੇ ਇਕ ਟੋਟੇ ਵਿਚ, ਸੰਸਾਰ-ਜੰਗਲ ਵਿਚ ।
ਮੋਹਿ = ਮੋਹ ਦੇ ਕਾਰਨ ।
ਹੈਰਾਨਾ = ਘਬਰਾਇਆ ਹੋਇਆ ।
ਇਤ ਉਤ = ਇਧਰ ਉਧਰ, ਹਰ ਪਾਸੇ ।
ਜਾਹਿ = ਜਾਂਦੇ ਹਨ, ਭਟਕਦੇ ਹਨ ।
ਕਾਲ = ਮੌਤ ਦਾ ਡਰ, ਆਤਮਕ ਮੌਤ ।
ਚਾਪੇ = ਦਬਾਏ ਹੋਏ ।
ਗੁਰਮੁਖਿ = ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੈ ।
ਲਹੈ = ਲੱਭ ਲੈਂਦਾ ਹੈ ।
ਆਪੇ = ਆਪਣੇ ਅੰਦਰ ਹੀ ।੧ ।
ਠਉਰਾ = ਇਕ ਥਾਂ (ਟਿਕਣ ਵਾਲਾ) ।
ਅਵਰ = ਹੋਰ ਰਸ ।
ਕਉਰਾ = ਕਉੜਾ ।੧।ਰਹਾਉ ।
ਮੁਗਧੁ = ਮੂਰਖ ।
ਕਹਹੁ = ਦੱਸੋ ।
ਰਹਸੀ = (ਅਡੋਲ) ਰਹੇਗਾ ।
ਜਮ ਕਾ ਦੁਖ = ਆਤਮਕ ਮੌਤ ਦਾ ਦੁੱਖ ।
ਕੰਟਕੁ = ਕੰਡਾ, ਕੰਡੇ ਵਾਂਗ ਚੁੱਭਣ ਵਾਲਾ, ਦੁਖਦਾਈ ।
ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ।
ਪੇਲੈ = ਪ੍ਰੇਰਦਾ ਹੈ, ਧੱਕਦਾ ਹੈ ।੨ ।
ਕਰਮਾ ਧਰਮਾ = ਧਾਰਮਿਕ ਰਸਮਾਂ ।
ਪੰਚ ਤਤੁ ਤੇ ਜਨਮਾ = ਪੰਜਾਂ ਤੱਤਾਂ ਤੋਂ ਜੰਮਿਆ ਹੋਇਆ, ਜਨਮ ਮਰਨ ਵਿਚ ਲੈ ਜਾਣ ਵਾਲਾ ।
ਮੂੜਾ = ਮੂਰਖ ।
ਰੂੜਾ = ਸੁੰਦਰ ।੩ ।
ਅਸਥਾਨੇ = ਟਿਕਾਂਦਾ ਹੈ, ਥਾਂ ਦੇਂਦਾ ਹੈ ।
ਸੋਈ = ਉਸ ਪ੍ਰਭੂ ਨੂੰ ।
ਤਿ੍ਰਭਵਣ = ਤਿ੍ਰਭਵਣੀ ਪ੍ਰਭੂ ਦੀ, ਉਸ ਪ੍ਰਭੂ ਦੀ ਜੋ ਤਿੰਨ ਭਵਨਾਂ ਵਿਚ ਵਿਆਪਕ ਹੈ ।
ਚੀਨ@ੈ = ਖੋਜਦਾ ਹੈ, ਭਾਲਦਾ ਹੈ ।
ਆਪੈ = ਆਪਣੇ ਅੰਦਰ ।੪ ।
ਘਟਿ ਘਟਿ = ਹਰੇਕ ਘਟ ਵਿਚ ।
ਮਨਸਾ = ਮਾਇਕ ਫੁਰਨਾ ।
ਦੁਬਿਧਾ = ਦੁਚਿੱਤਾ = ਪਨ, ਭਟਕਣਾ ।
ਰਸਾਇਣੁ = ਰਸਾਂ ਦਾ ਘਰ ।
ਦਰਿ = ਦਰ ਤੇ ।
ਘਰਿ = ਘਰ ਵਿਚ ।
ਮਹਲੀ = ਮਹਲ ਦਾ ਮਾਲਕ = ਪ੍ਰਭੂ ।੫ ।
ਸੂਰ = ਸੂਰਮਾ ।
ਸੰਗ੍ਰਾਮਿ = ਰਣ = ਭੂਮੀ ਵਿਚ ।
ਨਾਮਿ = ਨਾਮ ਵਿਚ ।
ਅਪੁਨੈ ਵਸਿ = ਆਪਣੇ ਵੱਸ ਵਿਚ ।
ਗ੍ਰਾਸਿ = ਗ੍ਰਸ ਕੇ, ਖਾ ਕੇ ।
ਇਕਤੁ ਥਾਇ = ਇਕੋ ਥਾਂ ਵਿਚ ।੬ ।
ਅਨ = ਹੋਰ ਹੋਰ ।
ਜਾਗੇ = ਜਾਗ ਪੈਂਦਾ ਹੈ, ਸੁਚੇਤ ਹੋ ਜਾਂਦਾ ਹੈ ।
ਅਨਹਦ = ਇਕ = ਰਸ ।
ਸੁਣਿ = ਸੁਣ ਕੇ ।
ਮਾਨਿਆ = ਗਿੱਝ ਗਿਆ ।
ਵਿਚਾਰੀ = ਵਿਚਾਰ ਕੇ ।
ਚੀਨਿ@ = ਖੋਜ ਕੇ ।੭।ਦਰਿ ਘਰਿ—ਅੰਦਰ ਬਾਹਰ (ਹਰ ਥਾਂ) ।
ਸੋਈ = ਉਸੇ ਪ੍ਰਭੂ ਨੂੰ ।
ਧੁਨਿ = ਲਗਨ ।
ਭਾਉ = ਪ੍ਰੇਮ ।
ਅਹਿ = ਦਿਨ ।
ਨਿਸਿ = ਰਾਤ ।
ਪਰਸਾਦਿ = ਕਿਰਪਾ ਨਾਲ ।
ਆਦਿ = ਸਾਰੀ ਸਿ੍ਰਸ਼ਟੀ ਦਾ ਮੁੱਢ ।
ਜੁਗਾਦਿ = ਜੁਗਾਂ ਦੇ ਆਦ ਤੋਂ ।੮ ।
ਰਸਾਇਣਿ = ਰਸਾਇਣ ਵਿਚ, ਰਸਾਂ ਦੇ ਘਰ-ਪ੍ਰਭੂ ਵਿਚ ।
ਹੇਤੁ = ਪ੍ਰੇਮ ।੯ ।
    
Sahib Singh
ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਮਨ ਇਕ ਥਾਂ ਟਿਕਿਆ ਨਹੀਂ ਰਹਿ ਸਕਦਾ ।
(ਹੇ ਭਾਈ! ਇਸ ਨੂੰ ਟਿਕਾਣ ਵਾਸਤੇ ਗੁਰ-ਸ਼ਬਦ ਦੀ ਰਾਹੀਂ) ਪਰਮਾਤਮਾ ਦਾ ਨਾਮ ਸਿਮਰੋ ਜੋ ਬਹੁਤ ਹੀ ਪਵਿਤ੍ਰ ਹੈ, ਅਤੇ ਹੋਰ ਰਸ ਛੱਡੋ ਜੋ ਕੌੜੇ ਭੀ ਹਨ ਤੇ ਹਉਮੈ ਨੂੰ ਵਧਾਂਦੇ ਹਨ ।੧।ਰਹਾਉ ।
(ਗੁਰ-ਸ਼ਬਦ ਤੋਂ ਖੁੰਝ ਕੇ) ਮਾਇਆ-ਵੇੜਿ੍ਹਆ ਮਨ ਪਾਗਲ ਹਾਥੀ (ਸਮਾਨ) ਹੈ, ਮਾਇਆ ਦੇ ਮੋਹ ਦੇ ਕਾਰਨ (ਸੰਸਾਰ-) ਜੰਗਲ ਵਿਚ ਭਟਕਦਾ ਫਿਰਦਾ ਹੈ ।
(ਮਾਇਆ ਦੇ ਮੋਹ ਦੇ ਕਾਰਨ) ਜਿਨ੍ਹਾਂ ਨੂੰ ਆਤਮਕ ਮੌਤ ਦਬਾ ਲੈਂਦੀ ਹੈ ਉਹ ਇਧਰ ਉਧਰ ਭਟਕਦੇ ਫਿਰਦੇ ਹਨ ।
ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਭਾਲ ਕੇ ਆਪਣੇ ਅੰਦਰ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ (ਤੇ ਭਟਕਣਾ ਵਿਚ ਨਹੀਂ ਪੈਂਦਾ) ।੧ ।
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਆਪਣੀ ਸੂਝ ਗਵਾ ਲੈਂਦਾ ਹੈ, ਫਿਰ ਦੱਸੋ, ਇਹ ਭਟਕਣੋਂ ਕਿਵੇਂ ਰਹਿ ਸਕਦਾ ਹੈ ?
ਆਪਣੇ ਅਸਲੇ ਦੀ ਸੂਝ ਤੋ ਬਿਨਾ ਇਹ ਮਨ ਆਤਮਕ ਮੌਤ ਦਾ ਦੁੱਖ ਸਹਾਰੇਗਾ ਹੀ ਜਿਸ ਮਨੁੱਖ ਉਤੇ ਪਰਮਾਤਮਾ ਆਪ ਬਖ਼ਸ਼ਸ਼ ਕਰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਦੁਖਦਾਈ ਆਤਮਕ ਮੌਤ ਨੂੰ ਸਹਾਰ ਲੈਂਦਾ ਹੈ, ਸਦਾ-ਥਿਰ ਪ੍ਰਭੂ (ਉਸ ਨੂੰ ਆਤਮਕ ਜੀਵਨ ਵਲ) ਪ੍ਰੇਰਦਾ ਹੈ ।੨ ।
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਹੋਰ ਹੋਰ ਧਾਰਮਿਕ ਰਸਮਾਂ ਕਰਦਾ ਫਿਰਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਲਈ ਫਿਰਦਾ ਹੈ ।
ਮਾਇਆ-ਵੇੜਿ੍ਹਆ ਇਹ ਮਨ ਲਾਲਚੀ ਬਣ ਜਾਂਦਾ ਹੈ, ਮੂਰਖ ਹੋ ਜਾਂਦਾ ਹੈ ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਸ ਦਾ ਮਨ ਸੁੰਦਰ (ਘਾੜਤ ਵਾਲਾ ਬਣ ਜਾਂਦਾ) ਹੈ ।੩ ।
ਗੁਰੂ ਦੇ ਸਨਮੁਖ ਹੋਏ ਮਨੁੱਖ ਦਾ ਮਨ ਪਰਮਾਤਮਾ ਨੂੰ (ਆਪਣੇ ਅੰਦਰ) ਥਾਂ ਦੇਂਦਾ ਹੈ, ਉਸ ਨੂੰ ਉਸ ਪ੍ਰਭੂ ਦੀ ਸੂਝ ਹੋ ਜਾਂਦੀ ਹੈ ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ ।
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ ਜੋਗ-ਸਾਧਨ ਕਰਦਾ ਹੈ ਕਦੇ ਮਾਇਆ ਦੇ ਭੋਗ ਭੋਗਦਾ ਹੈ ਕਦੇ ਤਪਾਂ ਨਾਲ ਸਰੀਰ ਨੂੰ ਕਸ਼ਟ ਦੇਂਦਾ ਹੈ (ਪਰ ਆਤਮਕ ਆਨੰਦ ਉਸ ਨੂੰ ਕਿਤੇ ਨਹੀਂ ਲੱਭਦਾ) ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਹਰੀ ਪਰਮਾਤਮਾ ਨੂੰ ਆਪਣੇ ਅੰਦਰ ਖੋਜ ਲੈਂਦਾ ਹੈ ।੪ ।
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ (ਆਪਣੇ ਵਲੋਂ) ਹਉਮੈ ਤਿਆਗ ਕੇ (ਦੁਨੀਆ ਛੱਡ ਕੇ) ਵੈਰਾਗਵਾਨ ਬਣ ਜਾਂਦਾ ਹੈ, ਕਦੇ ਹਰੇਕ ਸਰੀਰ ਵਿਚ (ਮਾਇਆ-ਵੇੜ੍ਹੇ ਮਨ ਨੂੰ) ਮਾਇਕ ਫੁਰਨਾ ਤੇ ਦੁਬਿਧਾ ਆ ਚੰਬੜਦੇ ਹਨ ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਰਸਾਂ ਦਾ ਘਰ ਨਾਮ-ਰਸ ਚੱਖਦਾ ਹੈ, ਉਸ ਨੂੰ ਅੰਦਰ ਬਾਹਰ ਮਹਲ ਦਾ ਮਾਲਕ-ਪ੍ਰਭੂ (ਦਿੱਸਦਾ ਹੈ) ਜੋ (ਮਾਇਆ ਦੇ ਮੋਹ ਤੋਂ ਬਚਾ ਕੇ) ਉਸ ਦੀ ਇੱਜ਼ਤ ਰੱਖਦਾ ਹੈ ।੫ ।
(ਮਾਇਆ ਦੇ ਮੋਹ ਵਿਚ ਹੈਰਾਨ ਹੋਇਆ) ਇਹ ਮਨ ਕਦੇ ਰਣ-ਭੂਮੀ ਵਿਚ ਰਾਜਾ ਤੇ ਸੂਰਮਾ ਬਣਿਆ ਪਿਆ ਹੈ ।
ਪਰ ਜਦੋਂ ਇਹ ਮਨ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ ਤਾਂ (ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਜਾਂਦਾ ਹੈ, ਕਾਮਾਦਿਕ ਪੰਜਾਂ (ਵੈਰੀਆਂ) ਨੂੰ ਮਾਰ ਦੇਂਦਾ ਹੈ, ਆਪਣੇ ਵੱਸ ਵਿਚ ਕਰ ਲੈਂਦਾ ਹੈ, ਹਉਮੈਨੂੰ ਮੁਕਾ ਕੇ ਇਹਨਾਂ ਸਭਨਾਂ ਨੂੰ ਇਕੋ ਥਾਂ ਵਿਚ (ਕਾਬੂ) ਕਰ ਲੈਂਦਾ ਹੈ ।੬ ।
ਗੁਰੂ ਦੇ ਸਨਮੁਖ ਹੋਇਆ ਇਹ ਮਨ ਰਾਗ (ਦ੍ਵੈਖ) ਤੇ ਹੋਰ ਹੋਰ ਸੁਆਦ ਤਿਆਗ ਦੇਂਦਾ ਹੈ, ਗੁਰੂ ਦੀ ਸਰਨ ਪੈ ਕੇ ਇਹ ਮਨ ਪਰਮਾਤਮਾ ਦੀ ਭਗਤੀ ਵਿਚ ਜੁੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਜਾਂਦਾ ਹੈ ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ, ਉਹ (ਅੰਦਰਲੇ ਆਤਮਕ ਖੇੜੇ ਦੇ) ਇਕ-ਰਸ (ਹੋ ਰਹੇ ਗੀਤ) ਨੂੰ ਸੁਣ ਸੁਣ ਕੇ (ਉਸ ਵਿਚ) ਗਿੱਝ ਜਾਂਦਾ ਹੈ, ਆਪਣੇ ਆਪੇ ਨੂੰ ਖੋਜ ਕੇ ਪਰਮਾਤਮਾ ਰੂਪ ਹੋ ਜਾਂਦਾ ਹੈ ।੭ ।
(ਜਦੋਂ) ਇਹ ਮਨ (ਗੁਰੂ ਦੇ ਸਨਮੁਖ ਹੁੰਦਾ ਹੈ ਤਦੋਂ) ਪਵਿਤ੍ਰ ਹੋ ਜਾਂਦਾ ਹੈ, ਇਸ ਨੂੰ ਅੰਦਰ ਬਾਹਰ ਉਹ ਪਰਮਾਤਮਾ ਹੀ ਦਿੱਸਦਾ ਹੈ ।
ਗੁਰੂ ਦੇ ਸਨਮੁਖ ਹੋ ਕੇ (ਇਸ ਮਨ ਦੇ ਅੰਦਰ) ਭਗਤੀ ਦੀ ਲਗਨ ਲੱਗ ਪੈਂਦੀ ਹੈ, (ਇਸ ਦੇ ਅੰਦਰ ਪ੍ਰਭੂ ਦਾ) ਪਿਆਰ (ਜਾਗ ਪੈਂਦਾ ਹੈ) ਗੁਰੂ ਦੀ ਕਿ੍ਰਪਾ ਨਾਲ ਇਹ ਮਨ ਦਿਨ ਰਾਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ।
ਜੋ ਪਰਮਾਤਮਾ ਸਾਰੀ ਸਿ੍ਰਸ਼ਟੀ ਦਾ ਮੁੱਢ ਹੈ ਜੋ ਪਰਮਾਤਮਾ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ ਉਹ ਇਸ ਮਨ ਨੂੰ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ ।੮ ।
ਗੁਰੂ ਦੇ ਸਨਮੁਖ ਹੋ ਕੇ ਇਹ ਮਨ ਰਸਾਂ ਦੇ ਘਰ ਨਾਮ-ਰਸ ਵਿਚ ਮਸਤ ਹੋ ਜਾਂਦਾ ਹੈ, ਗੁਰੂ ਦੇ ਸਨਮੁਖ ਹੋਇਆ ਇਹ ਮਨ ਸਭ ਰਸਾਂ ਦੇ ਸੋਮੇ ਪ੍ਰਭੂ ਨੂੰ ਪਛਾਣ ਲੈਂਦਾ ਹੈ ।
ਜਦੋਂ ਗੁਰੂ ਦੇ ਚਰਨਾਂ ਵਿਚ (ਇਸ ਮਨ ਦਾ) ਨਿਵਾਸ ਹੁੰਦਾ ਹੈ ਤਾਂ (ਇਸ ਦੇ ਅੰਦਰ ਪਰਮਾਤਮਾ ਦੀ) ਭਗਤੀ ਦਾ ਪ੍ਰੇਮ (ਜਾਗ ਪੈਂਦਾ ਹੈ) ।
ਹੇ ਨਾਨਕ! ਤਦੋਂ ਇਹ ਮਨ ਗੁਰਮੁਖਾਂ ਦੇ ਦਾਸਾਂ ਦਾ ਦਾਸ ਬਣ ਜਾਂਦਾ ਹੈ ।੯।੮ ।
Follow us on Twitter Facebook Tumblr Reddit Instagram Youtube