ਆਸਾ ਮਹਲਾ ੧ ॥
ਗਾਵਹਿ ਗੀਤੇ ਚੀਤਿ ਅਨੀਤੇ ॥
ਰਾਗ ਸੁਣਾਇ ਕਹਾਵਹਿ ਬੀਤੇ ॥
ਬਿਨੁ ਨਾਵੈ ਮਨਿ ਝੂਠੁ ਅਨੀਤੇ ॥੧॥

ਕਹਾ ਚਲਹੁ ਮਨ ਰਹਹੁ ਘਰੇ ॥
ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ ਖੋਜਤ ਪਾਵਹੁ ਸਹਜਿ ਹਰੇ ॥੧॥ ਰਹਾਉ ॥

ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ ॥
ਲਬੁ ਲੋਭੁ ਅਹੰਕਾਰੁ ਸੁ ਪੀਰਾ ॥
ਰਾਮ ਨਾਮ ਬਿਨੁ ਕਿਉ ਮਨੁ ਧੀਰਾ ॥੨॥

ਅੰਤਰਿ ਨਾਵਣੁ ਸਾਚੁ ਪਛਾਣੈ ॥
ਅੰਤਰ ਕੀ ਗਤਿ ਗੁਰਮੁਖਿ ਜਾਣੈ ॥
ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥੩॥

ਨਿਰੰਕਾਰ ਮਹਿ ਆਕਾਰੁ ਸਮਾਵੈ ॥
ਅਕਲ ਕਲਾ ਸਚੁ ਸਾਚਿ ਟਿਕਾਵੈ ॥
ਸੋ ਨਰੁ ਗਰਭ ਜੋਨਿ ਨਹੀ ਆਵੈ ॥੪॥

ਜਹਾਂ ਨਾਮੁ ਮਿਲੈ ਤਹ ਜਾਉ ॥
ਗੁਰ ਪਰਸਾਦੀ ਕਰਮ ਕਮਾਉ ॥
ਨਾਮੇ ਰਾਤਾ ਹਰਿ ਗੁਣ ਗਾਉ ॥੫॥

ਗੁਰ ਸੇਵਾ ਤੇ ਆਪੁ ਪਛਾਤਾ ॥
ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥
ਅਨਦਿਨੁ ਬਾਣੀ ਨਾਮੇ ਰਾਤਾ ॥੬॥

ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥
ਹਉਮੈ ਮਾਰੇ ਸਬਦੇ ਜਾਗੈ ॥
ਐਥੈ ਓਥੈ ਸਦਾ ਸੁਖੁ ਆਗੈ ॥੭॥

ਮਨੁ ਚੰਚਲੁ ਬਿਧਿ ਨਾਹੀ ਜਾਣੈ ॥
ਮਨਮੁਖਿ ਮੈਲਾ ਸਬਦੁ ਨ ਪਛਾਣੈ ॥
ਗੁਰਮੁਖਿ ਨਿਰਮਲੁ ਨਾਮੁ ਵਖਾਣੈ ॥੮॥

ਹਰਿ ਜੀਉ ਆਗੈ ਕਰੀ ਅਰਦਾਸਿ ॥
ਸਾਧੂ ਜਨ ਸੰਗਤਿ ਹੋਇ ਨਿਵਾਸੁ ॥
ਕਿਲਵਿਖ ਦੁਖ ਕਾਟੇ ਹਰਿ ਨਾਮੁ ਪ੍ਰਗਾਸੁ ॥੯॥

ਕਰਿ ਬੀਚਾਰੁ ਆਚਾਰੁ ਪਰਾਤਾ ॥
ਸਤਿਗੁਰ ਬਚਨੀ ਏਕੋ ਜਾਤਾ ॥
ਨਾਨਕ ਰਾਮ ਨਾਮਿ ਮਨੁ ਰਾਤਾ ॥੧੦॥੭॥

Sahib Singh
ਗਾਵਹਿ = ਗਾਉਂਦੇ ਹਨ ।
ਚੀਤਿ = ਚਿੱਤ ਵਿਚ ।
ਅਨੀਤੇ = ਕੁਕਰਮ ।
ਰਾਗ = ਰਾਗ ਦ੍ਵੈਖ ਦੀਆਂ ਗੱਲਾਂ ।
ਸੁਣਾਇ = ਸੁਣਾ ਕੇ ।
ਕਹਾਵਹਿ = ਲੋਕਾਂ ਤੋਂ ਅਖਵਾਂਦੇ ਹਨ ।
ਬੀਤੇ = ਰਾਗ ਦ੍ਵੈਖ ਤੋਂ ਪਰੇ ।
ਮਨਿ = ਮਨ ਵਿਚ ।੧ ।
ਮਨ = ਹੇ ਮਨ !
ਘਰੇ = ਘਰ ਵਿਚ ਹੀ, ਅੰਦਰ ਹੀ ।
ਤਿ੍ਰਪਤਾਸੇ = (ਮਾਇਆ ਵਲੋਂ) ਰੱਜੇ ਹੋਏ ।
ਪਾਵਹੁ = (ਹੇ ਮਨ!) ਤੂੰ ਲੱਭ ਲਏਂਗਾ ।
ਸਹਜਿ = ਅਡੋਲ ਅਵਸਥਾ ਵਿਚ ਟਿਕ ਕੇ ।੧।ਰਹਾਉ ।
ਮਨਿ = ਮਨ ਵਿਚ ।
ਸਰੀਰਾ = ਸਰੀਰ ਵਿਚ ।
ਪੀਰਾ = ਪੀੜ ।
ਧੀਰਾ = ਹੌਸਲੇ ਵਾਲਾ ।੨ ।
ਨਾਵਣੁ = ਇਸ਼ਨਾਨ ।
ਗਤਿ = ਆਤਮਕ ਅਵਸਥਾ ।
ਮਹਲੁ = ਪਰਮਾਤਮਾ ਦਾ ਟਿਕਾਣਾ ।੩ ।
ਆਕਾਰੁ = ਬਾਹਰ ਦਿੱਸਦਾ ਜਗਤ ।
ਸਮਾਵੈ = ਲੀਨ ਕਰੇ ।
ਅਕਲ ਕਲਾ = ਜਿਸਦੀ ਕਲਾ ਗਿਣਤੀ ਤੋਂ ਪਰੇ ਹੈ ।
ਸਾਚਿ = ਸਦਾ = ਥਿਰ ਪ੍ਰਭੂ ਵਿਚ ਜੁੜ ਕੇ ।੪ ।
ਜਾਉ = ਮੈਂ ਜਾਵਾਂ ।
ਪਰਸਾਦੀ = ਪਰਸਾਦਿ, ਕਿਰਪਾ ਨਾਲ ।
ਕਮਾਉ = ਮੈਂ ਕਮਾਵਾਂ ।
ਗਾਉ = ਮੈਂ ਗਾਵਾਂ ।੫ ।
ਆਪੁ = ਆਪਣੇ ਆਪ ਨੂੰ, ਆਪਣੇ ਅਸਲੇ ਨੂੰ, ਆਪਣੇ ਆਤਮਕ ਜੀਵਨ ਨੂੰ ।
ਅਨਦਿਨੁ = ਹਰ ਰੋਜ਼ ।
ਨਾਮੇ = ਨਾਮ ਵਿਚ ਹੀ ।੬ ।
ਤਾ = ਤਦੋਂ ।
ਕੋ = ਕੋਈ ਜੀਵ ।
ਸਬਦੇ = ਸ਼ਬਦ ਦੀ ਰਾਹੀਂ ।
ਆਗੈ = ਸਾਹਮਣੇ ।੭ ।
ਬਿਧਿ = (ਹਉਮੈ ਨੂੰ ਮਾਰਨ ਦੀ) ਵਿਧੀ ।੮ ।
ਕਰੀ = ਕਰਦਾ ਹਾਂ ।
ਕਿਲਵਿਖ = ਪਾਪ ।
ਪ੍ਰਗਾਸੁ = ਚਾਨਣ ।੯ ।
ਕਰਿ = ਕਰ ਕੇ ।
ਆਚਾਰੁ = ਸ਼ੁਭ ਆਚਰਨ ।
ਪਰਾਤਾ = ਪਛਾਣਿਆ ।
ਬਚਨੀ = ਬਚਨਾਂ ਉਤੇ ਤੁਰ ਕੇ ।
ਨਾਮਿ = ਨਾਮ ਵਿਚ ।
ਰਾਤਾ = ਰੰਗਿਆ ।੧੦ ।
    
Sahib Singh
ਜੇਹੜੇ ਮਨੁੱਖ (ਦੂਜਿਆਂ ਨੂੰ ਹੀ ਸੁਣਾਣ ਵਾਸਤੇ ਭਗਤੀ ਦੇ) ਗੀਤ ਗਾਂਦੇ ਹਨ, ਪਰ ਉਹਨਾਂ ਦੇ ਚਿੱਤ ਵਿਚ ਮੰਦੇ ਖਿ਼ਆਲ (ਮੌਜੂਦ) ਹਨ; ਜੇਹੜੇ (ਹੋਰਨਾਂ ਨੂੰ) ਰਾਗ (ਦ੍ਵੈਖ ਤੋਂ ਬਚਣ ਦੀਆਂ ਗੱਲਾਂ) ਸੁਣਾ ਕੇ ਅਖਵਾਂਦੇ ਹਨ ਕਿ ਅਸੀ ਰਾਗ ਦ੍ਵੈਖ ਤੋਂ ਬਚੇ ਹੋਏ ਹਾਂ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਹਨਾਂ ਦੇ ਮਨ ਵਿਚ ਝੂਠ (ਵੱਸਦਾ) ਹੈ, ਉਹਨਾਂ ਦੇ ਮਨ ਵਿਚ ਕੁਕਰਮ (ਟਿਕੇ ਹੋਏ) ਹਨ ।੧ ।
(ਹੋਰਨਾਂ ਨੂੰ ਮੱਤਾਂ ਦੇਣ ਵਾਲੇ) ਹੇ ਮਨ! ਤੂੰ (ਕੁਕਰਮਾਂ ਵਿਚ) ਕਿਉਂ ਭਟਕ ਰਿਹਾ ਹੈਂ ?
ਆਪਣੇ ਅੰਦਰ ਹੀ ਟਿਕਿਆ ਰਹੁ ।
ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਵਿਕਾਰਾਂ ਵਲੋਂ) ਹਟ ਜਾਂਦੇ ਹਨ ।
ਹੇ ਮਨ! ਤੂੰ ਭੀ ਗੁਰੂ ਦੀ ਰਾਹੀਂ ਭਾਲ ਕਰ ਕੇ ਸਹਜ ਅਵਸਥਾ ਵਿਚ ਟਿਕ ਕੇ ਪਰਮਾਤਮਾ ਨੂੰ ਲੱਭ ਲਏਂਗਾ ।੧।ਰਹਾਉ ।
ਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਕਾਮ ਹੈ ਕ੍ਰੋਧ ਹੈ ਮੋਹ ਹੈ, ਜਿਸ ਦੇ ਅੰਦਰ ਲੱਬ ਹੈ ਲੋਭ ਹੈ ਅਹੰਕਾਰ ਹੈ, (ਜਿਸ ਦੇ ਅੰਦਰ ਇਹਨਾਂ ਵਿਕਾਰਾਂ ਦਾ) ਕਲੇਸ਼ ਹੈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਸ ਦਾ ਮਨ (ਇਹਨਾਂ ਦਾ ਟਾਕਰਾ ਕਰਨ ਦਾ) ਕਿਵੇਂ ਹੌਸਲਾ ਕਰ ਸਕਦਾ ਹੈ ?
।੨।ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੀ ਅੰਦਰਲੀ ਆਤਮਕ ਹਾਲਤ ਸਮਝ ਲੈਂਦਾ ਹੈ, ਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ, ਉਹ ਆਪਣੇ ਆਤਮਾ ਵਿਚ (ਤੀਰਥ-) ਇਸ਼ਨਾਨ ਕਰ ਰਿਹਾ ਹੈ ।
(ਪਰ ਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ਪਰਮਾਤਮਾ ਦਾ ਟਿਕਾਣਾ ਕੋਈ ਮਨੁੱਖ ਨਹੀਂ ਪਛਾਣ ਸਕਦਾ ।੩ ।
ਜੇਹੜਾ ਮਨੁੱਖ ਦਿੱਸਦੇ ਸੰਸਾਰ ਨੂੰ ਅਦਿ੍ਰਸ਼ਟ ਪ੍ਰਭੂ ਵਿਚ ਲੀਨ ਕਰ ਲੈਂਦਾ ਹੈ (ਭਾਵ, ਆਪਣੀ ਬਿ੍ਰਤੀ ਨੂੰ ਬਾਹਰ ਵਲੋਂ ਰੋਕ ਕੇ ਅੰਦਰ ਲੈ ਆਉਂਦਾ ਹੈ;) ਜਿਸ ਪ੍ਰਭੂ ਦੀ ਸੱਤਿਆ-ਗਿਣਤੀ ਮਿਣਤੀ ਤੋਂ ਪਰੇ ਹੈ ਉਸ ਸਦਾ-ਥਿਰ ਪ੍ਰਭੂ ਨੂੰ ਜੇਹੜਾ ਮਨੁੱਖ ਸਿਮਰਨ ਦੀ ਰਾਹੀਂ ਆਪਣੇ ਹਿਰਦੇ ਵਿਚ ਟਿਕਾਂਦਾ ਹੈ, ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ।੪ ।
(ਇਸ ਵਾਸਤੇ ਮੇਰੀ ਇਹ ਅਰਦਾਸ ਹੈ ਕਿ) ਜਿਥੋਂ (ਗੁਰ-ਸੰਗਤਿ ਵਿਚੋਂ) ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, ਮੈਂ ਉਥੇ ਹੀ ਜਾਵਾਂ, ਗੁਰੂ ਦੀ ਕਿਰਪਾ ਨਾਲ ਮੈਂ ਉਹੀ ਕੰਮ ਕਰਾਂ (ਜਿਨ੍ਹਾਂ ਕਰਕੇ ਮੈਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋਵੇ), ਤੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਹੋਇਆ ਮੈਂ ਪਰਮਾਤਮਾ ਦਾ ਗੁਣ ਗਾਂਦਾ ਰਹਾਂ ।੫ ।
ਗੁਰੂ ਦੀ ਦੱਸੀ ਹੋਈ ਸੇਵਾ ਦੀ ਰਾਹੀਂ ਜਿਸ ਮਨੁੱਖ ਨੇ ਆਪਣਾ ਅੰਦਰਲਾ ਆਤਮਕ ਜੀਵਨ ਪਛਾਣ ਲਿਆ, ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਆਤਮਕ ਆਨੰਦ ਦੇਣ ਵਾਲਾ ਹਰੀ-ਨਾਮ ਵੱਸ ਪਿਆ (ਸਮਝੋ) ।
ਉਹ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਹਰ ਰੋਜ਼ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ ।੬ ।
(ਪਰ ਇਹ ਖੇਡ ਜੀਵ ਦੇ ਵੱਸ ਦੀ ਨਹੀਂ) ਜਦੋਂ ਪਿਆਰਾ ਪ੍ਰਭੂ ਕਿਸੇ ਜੀਵ ਨੂੰ ਆਪਣੇ ਨਾਮ ਵਿਚ ਲਗਾਂਦਾ ਹੈ ਤਦੋਂ ਹੀ ਕੋਈ ਲੱਗਦਾ ਹੈ, ਤਦੋਂ ਹੀ ਗੁਰ-ਸ਼ਬਦ ਦੀ ਰਾਹੀਂ ਉਹ ਹਉਮੈ ਨੂੰ ਮਾਰ ਕੇ (ਇਸ ਵਲੋਂ ਸਦਾ) ਸੁਚੇਤ ਰਹਿੰਦਾ ਹੈ ।
ਫਿਰ ਲੋਕ ਪਰਲੋਕ ਵਿਚ ਸਦਾ ਆਤਮਕ ਆਨੰਦ ਉਸ ਦੇ ਸਾਹਮਣੇ ਮੌਜੂਦ ਰਹਿੰਦਾ ਹੈ ।੭ ।
ਪਰ ਚੰਚਲ ਮਨ (ਹਉਮੈ ਨੂੰ ਮਾਰਨ ਦਾ) ਤਰੀਕਾ ਨਹੀਂ ਜਾਣ ਸਕਦਾ, ਕਿਉਂਕਿ ਮਨਮੁਖਿ ਦਾ ਮਨ (ਵਿਕਾਰਾਂ ਨਾਲ ਸਦਾ) ਮੈਲਾ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾ ਸਕਦਾ ।
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਹੁੰਦਾ ਹੈ ।੮ ।
ਮੈਂ ਪ੍ਰਭੂ ਜੀ ਅੱਗੇ ਇਹ ਅਰਦਾਸਿ ਕਰਦਾ ਹਾਂ ਕਿ ਗੁਰਮੁਖਾਂ ਦੀ ਸੰਗਤਿ ਵਿਚ ਮੇਰਾ ਨਿਵਾਸ ਬਣਿਆ ਰਹੇ, ਮੇਰੇ ਅੰਦਰ ਪਰਮਾਤਮਾ ਦਾ ਨਾਮ ਚਮਕ ਪਏ, ਤੇ ਉਹ ਨਾਮ ਮੇਰੇ ਪਾਪ ਕਲੇਸ਼ ਕੱਟ ਦੇਵੇ ।੯ ।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਚੰਗਾ ਆਚਰਨ ਬਣਾਣਾ ਸਮਝ ਲੈਂਦਾ ਹੈ ।
ਉਸ ਦਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ ।੧੦।੭ ।
Follow us on Twitter Facebook Tumblr Reddit Instagram Youtube