ਆਸਾ ਮਹਲਾ ੧ ॥
ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥
ਗੁਰਮੁਖਿ ਮਹਲੀ ਮਹਲੁ ਪਛਾਨੁ ॥
ਗੁਰਮੁਖਿ ਸੁਰਤਿ ਸਬਦੁ ਨੀਸਾਨੁ ॥੧॥

ਐਸੇ ਪ੍ਰੇਮ ਭਗਤਿ ਵੀਚਾਰੀ ॥
ਗੁਰਮੁਖਿ ਸਾਚਾ ਨਾਮੁ ਮੁਰਾਰੀ ॥੧॥ ਰਹਾਉ ॥

ਅਹਿਨਿਸਿ ਨਿਰਮਲੁ ਥਾਨਿ ਸੁਥਾਨੁ ॥
ਤੀਨ ਭਵਨ ਨਿਹਕੇਵਲ ਗਿਆਨੁ ॥
ਸਾਚੇ ਗੁਰ ਤੇ ਹੁਕਮੁ ਪਛਾਨੁ ॥੨॥

ਸਾਚਾ ਹਰਖੁ ਨਾਹੀ ਤਿਸੁ ਸੋਗੁ ॥
ਅੰਮ੍ਰਿਤੁ ਗਿਆਨੁ ਮਹਾ ਰਸੁ ਭੋਗੁ ॥
ਪੰਚ ਸਮਾਈ ਸੁਖੀ ਸਭੁ ਲੋਗੁ ॥੩॥

ਸਗਲੀ ਜੋਤਿ ਤੇਰਾ ਸਭੁ ਕੋਈ ॥
ਆਪੇ ਜੋੜਿ ਵਿਛੋੜੇ ਸੋਈ ॥
ਆਪੇ ਕਰਤਾ ਕਰੇ ਸੁ ਹੋਈ ॥੪॥

ਢਾਹਿ ਉਸਾਰੇ ਹੁਕਮਿ ਸਮਾਵੈ ॥
ਹੁਕਮੋ ਵਰਤੈ ਜੋ ਤਿਸੁ ਭਾਵੈ ॥
ਗੁਰ ਬਿਨੁ ਪੂਰਾ ਕੋਇ ਨ ਪਾਵੈ ॥੫॥

ਬਾਲਕ ਬਿਰਧਿ ਨ ਸੁਰਤਿ ਪਰਾਨਿ ॥
ਭਰਿ ਜੋਬਨਿ ਬੂਡੈ ਅਭਿਮਾਨਿ ॥
ਬਿਨੁ ਨਾਵੈ ਕਿਆ ਲਹਸਿ ਨਿਦਾਨਿ ॥੬॥

ਜਿਸ ਕਾ ਅਨੁ ਧਨੁ ਸਹਜਿ ਨ ਜਾਨਾ ॥
ਭਰਮਿ ਭੁਲਾਨਾ ਫਿਰਿ ਪਛੁਤਾਨਾ ॥
ਗਲਿ ਫਾਹੀ ਬਉਰਾ ਬਉਰਾਨਾ ॥੭॥

ਬੂਡਤ ਜਗੁ ਦੇਖਿਆ ਤਉ ਡਰਿ ਭਾਗੇ ॥
ਸਤਿਗੁਰਿ ਰਾਖੇ ਸੇ ਵਡਭਾਗੇ ॥
ਨਾਨਕ ਗੁਰ ਕੀ ਚਰਣੀ ਲਾਗੇ ॥੮॥੬॥

Sahib Singh
ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸਰਨ ਪੈ ਕੇ ।
ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ ।
ਧਿਆਨੁ = ਪਰਮਾਤਮਾ ਵਿਚ ਸੁਰਤਿ ਦਾ ਟਿਕਾਉ ।
ਮਾਨੁ = (ਹੇ ਭਾਈ!) ਤੂੰ ਮਾਣ ।
ਮਹਲੀ = ਮਹਲ ਦਾ ਮਾਲਕ, ਪਰਮਾਤਮਾ ।
ਮਹਲੁ = ਘਰ, ਟਿਕਾਣਾ ।
ਨੀਸਾਨੁ = (ਜੀਵਨ = ਸਫ਼ਰ ਲਈ) ਰਾਹਦਾਰੀ ।੧ ।
ਐਸੇ = ਇਸ ਤ੍ਰਹਾਂ ।
ਵੀਚਾਰੀ = ਵਿਚਾਰਵਾਨ ।
ਮੁਰਾਰੀ = ਪਰਮਾਤਮਾ ।੧।ਰਹਾਉ ।
ਅਹਿ = ਦਿਨ ।
ਨਿਸਿ = ਰਾਤ ।
ਥਾਨਿ = (ਆਪਣੇ ਹਿਰਦੇ = ) ਥਾਂ ਵਿਚ ।
ਸੁਥਾਨੁ = ਪਰਮਾਤਮਾ ਦਾ) ਸ੍ਰੇਸ਼ਟ ਟਿਕਾਣਾ ।
ਨਿਹਕੇਵਲ = ਵਾਸ਼ਨਾ = ਰਹਿਤ ਪ੍ਰਭੂ ਦਾ ।
ਤੇ = ਤੋਂ ।
ਪਛਾਨੁ = (ਹੇ ਭਾਈ!) ਤੂੰ ਪਛਾਣ ।੨ ।
ਹਰਖੁ = ਖ਼ੁਸ਼ੀ ।
ਸੋਗੁ = ਚਿੰਤਾ ।
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ ।
ਭੋਗੁ = ਆਤਮਕ ਖ਼ੁਰਾਕ ।
ਪੰਚ = ਕਾਮਾਦਿਕ ਪੰਜੇ ਵਿਕਾਰ ।੩ ।
ਸਗਲੀ = ਸਾਰੀ ਸਿ੍ਰਸ਼ਟੀ ਵਿਚ ।
ਸਭੁ ਕੋਈ = ਹਰੇਕ ਜੀਵ ।
ਜੋੜਿ = ਜੋੜ ਕੇ, ਸੰਜੋਗ ਬਣਾ ਕੇ ।੪ ।
ਹੁਕਮਿ = ਪ੍ਰਭੂ ਦੇ ਹੁਕਮ ਅਨੁਸਾਰ ।
ਹੁਕਮੋ = ਹੁਕਮ ਹੀ ।
ਤਿਸੁ = ਉਸ ਪ੍ਰਭੂ ਨੂੰ ।੫ ।
ਪਰਾਨਿ = ਪ੍ਰਾਣੀ (ਨੂੰ) ।
ਭਰਿ ਜੋਬਨਿ = ਭਰੀ ਜਵਾਨੀ ਵੇਲੇ ।
ਅਭਿਮਾਨਿ = ਅਹੰਕਾਰ ਵਿਚ ।
ਨਿਦਾਨਿ = ਆਖ਼ਰ ਨੂੰ, ਅੰਤ ਨੂੰ ।੬ ।
ਅਨੁ = ਅੰਨ ।
ਸਹਜਿ = ਸਹਜ ਅਵਸਥਾ ਵਿਚ ਟਿਕ ਕੇ ।
ਗਲਿ = ਗਲ ਵਿਚ ।
ਬਉਰਾ = ਝੱਲਾ ।੭ ।
ਡਰਿ = ਡਰ ਕੇ ।
ਸਤਿਗੁਰਿ = ਸਤਿਗੁਰ ਨੇ ।
ਸੇ = ਉਹ ਬੰਦੇ ।੮ ।
    
Sahib Singh
(ਹੇ ਭਾਈ! ਤੂੰ) ਗੁਰੂ ਦੇ ਸਨਮੁਖ ਹੋ ਕੇ ਆਪਣੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਅਤੇ ਪਰਮਾਤਮਾ ਵਿਚ ਜੁੜੀ ਸੁਰਤਿ (ਦਾ ਆਨੰਦ) ਮਾਣ, ਗੁਰੂ ਦੀ ਸਰਨ ਪੈ ਕੇ ਤੂੰ ਆਪਣੇ ਅੰਦਰ ਪ੍ਰਭੂ ਦਾ ਟਿਕਾਣਾ ਪਛਾਣ ।
ਗੁਰੂ ਦੇ ਸਨਮੁਖ ਰਹਿ ਕੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ, (ਇਹ ਤੇਰੇ ਜੀਵਨ-ਸਫ਼ਰ ਲਈ) ਰਾਹਦਾਰੀ ਹੈ ।੧ ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ, ਤੇ ਇਸ ਤ੍ਰਹਾਂ ਪ੍ਰਭੂ-ਚਰਨਾਂ ਨਾਲ ਪ੍ਰੇਮ ਅਤੇ ਪਰਮਾਤਮਾ ਦੀ ਭਗਤੀ ਕਰ ਕੇ ਉਹ ਉੱਚੀ ਵਿਚਾਰ ਦਾ ਮਾਲਕ ਬਣ ਜਾਂਦਾ ਹੈ ।੧।ਰਹਾਉ ।
(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ) ਦਿਨ ਰਾਤ ਆਪਣੇ ਹਿਰਦੇ-ਥਾਂ ਵਿਚ ਪਰਮਾਤਮਾ ਦਾ ਪਵਿਤ੍ਰ ਸ੍ਰੇਸ਼ਟ ਡੇਰਾ ਬਣਾਈ ਰੱਖਦਾ ਹੈ, ਤਿੰਨਾਂ ਭਵਨਾਂ ਵਿਚ ਵਿਆਪਕ ਤੇ ਵਾਸ਼ਨਾ-ਰਹਿਤ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਪੈ ਜਾਂਦੀ ਹੈ ।
(ਹੇ ਭਾਈ! ਤੂੰ ਭੀ) ਅਭੁੱਲ ਗੁਰੂ ਤੋਂ (ਭਾਵ, ਸਰਨ ਪੈ ਕੇ) ਪਰਮਾਤਮਾ ਦੀ ਰਜ਼ਾ ਨੂੰ ਸਮਝ ।੨ ।
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਦੇ) ਅੰਦਰ ਟਿਕਵਾਂ ਆਨੰਦ ਬਣਿਆ ਰਹਿੰਦਾ ਹੈ, ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ; ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਸ੍ਰੇਸ਼ਟ ਰਸ ਵਾਲਾ ਨਾਮ ਤੇਪਰਮਾਤਮਾ ਨਾਲ ਡੂੰਘੀ ਸਾਂਝ ਉਸ ਮਨੁੱਖ ਦਾ ਆਤਮਕ ਭੋਜਨ ਬਣ ਜਾਂਦਾ ਹੈ ।
(ਜੇ ਗੁਰੂ ਦੀ ਸਰਨ ਪੈ ਕੇ) ਜਗਤ ਕਾਮਾਦਿਕ ਪੰਜਾਂ ਨੂੰ ਮੁਕਾ ਦੇਵੇ ਤਾਂ ਸਾਰਾ ਜਗਤ ਹੀ ਸੁਖੀ ਹੋ ਜਾਏ ।੩ ।
(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਉਂ ਅਰਦਾਸ ਕਰਦਾ ਹੈ—ਹੇ ਪ੍ਰਭੂ!) ਸਾਰੀ ਸਿ੍ਰਸ਼ਟੀ ਵਿਚ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ ਹੈ, ਹਰੇਕ ਜੀਵ ਤੇਰਾ ਹੀ ਪੈਦਾ ਕੀਤਾ ਹੋਇਆ) ਹੈ ।
(ਗੁਰਮੁਖਿ ਨੂੰ ਇਹ ਨਿਸ਼ਚਾ ਹੁੰਦਾ ਹੈ ਕਿ) ਪਰਮਾਤਮਾ ਆਪ ਹੀ ਜੀਵਾਂ ਦੇ ਸੰਜੋਗ ਬਣਾਂਦਾ ਹੈ, ਤੇ ਆਪ ਹੀ ਫਿਰ ਵਿਛੋੜਾ ਪਾ ਦੇਂਦਾ ਹੈ ।
ਜੋ ਕੁਝ ਕਰਤਾਰ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ ।੪ ।
(ਗੁਰਮੁਖਿ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਸਿ੍ਰਸ਼ਟੀ ਨੂੰ ਢਾਹ ਕੇ ਆਪ ਹੀ ਮੁੜ ਉਸਾਰਦਾ ਹੈ, ਉਸ ਦੇ ਹੁਕਮ ਅਨੁਸਾਰ ਹੀ ਜਗਤ ਮੁੜ ਉਸ ਵਿਚ ਲੀਨ ਹੋ ਜਾਂਦਾ ਹੈ ।
ਜੋ ਉਸ ਨੂੰ ਚੰਗਾ ਲਗਦਾ ਹੈ ਉਸ ਅਨੁਸਾਰ ਉਸ ਦਾ ਹੁਕਮ ਚੱਲਦਾ ਹੈ ।
ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਜੀਵ ਪੂਰਨ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ।੫ ।
(ਜਿਸ ਪ੍ਰਾਣੀ ਦੀ ਸੁਰਤਿ ਨਾਹ ਬਾਲ ਉਮਰੇ ਨਾਹ ਬਿਰਧ ਅਵਸਥਾ ਵੇਲੇ (ਤੇ ਨਾਹ ਹੀ ਜਵਾਨੀ ਸਮੇ) ਕਦੇ ਭੀ ਪਰਮਾਤਮਾ ਵਿਚ ਨਹੀਂ ਜੁੜਦੀ, (ਸਗੋਂ) ਭਰ-ਜਵਾਨੀ ਵਿਚ ਉਹ (ਜਵਾਨੀ ਦੇ) ਅਹੰਕਾਰ ਵਿਚ ਡੁੱਬਾ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਆਖ਼ਰ (ਇਥੋਂ) ਕੀਹ ਖੱਟੇਗਾ ?
੬ ।
ਜਿਸ ਪਰਮਾਤਮਾ ਦਾ ਦਿੱਤਾ ਅੰਨ ਤੇ ਧਨ ਜੀਵ ਵਰਤਦਾ ਰਹਿੰਦਾ ਹੈ, ਜੇ ਅਡੋਲ ਅਵਸਥਾ ਵਿਚ ਟਿਕ ਕੇ ਉਸ ਨਾਲ ਕਦੇ ਭੀ ਸਾਂਝ ਭੀ ਨਹੀਂ ਪਾਂਦਾ ਤੇ ਮਾਇਆ ਦੀ ਭਟਕਣਾ ਵਿਚ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ, ਤਾਂ ਆਖ਼ਰ ਪਛਤਾਂਦਾ ਹੈ ।
ਉਸ ਦੇ ਗਲ ਵਿਚ ਮੋਹ ਦੀ ਫਾਹੀ ਪਈ ਰਹਿੰਦੀ ਹੈ, ਮੋਹ ਵਿਚ ਹੀ ਉਹ ਸਦਾ ਝੱਲਾ ਹੋਇਆ ਫਿਰਦਾ ਹੈ ।੭ ।
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹ ਜਗਤ ਨੂੰ (ਮੋਹ ਵਿਚ) ਡੁੱਬਦਾ ਵੇਖ ਕੇ (ਮੋਹ ਤੋਂ) ਡਰ ਕੇ ਭੱਜ ਜਾਂਦੇ ਹਨ ।
ਉਹ ਬੜੇ ਭਾਗਾਂ ਵਾਲੇ ਹਨ, ਸਤਿਗੁਰੂ ਨੇ ਉਹਨਾਂ ਨੂੰ (ਮੋਹ ਦੀ ਕੈਦ ਤੋਂ) ਬਚਾ ਲਿਆ ਹੈ ।੮।੬ ।
Follow us on Twitter Facebook Tumblr Reddit Instagram Youtube