ਰਾਗੁ ਆਸਾ ਮਹਲਾ ੧ ॥
ਆਪੁ ਵੀਚਾਰੈ ਸੁ ਪਰਖੇ ਹੀਰਾ ॥
ਏਕ ਦ੍ਰਿਸਟਿ ਤਾਰੇ ਗੁਰ ਪੂਰਾ ॥
ਗੁਰੁ ਮਾਨੈ ਮਨ ਤੇ ਮਨੁ ਧੀਰਾ ॥੧॥

ਐਸਾ ਸਾਹੁ ਸਰਾਫੀ ਕਰੈ ॥
ਸਾਚੀ ਨਦਰਿ ਏਕ ਲਿਵ ਤਰੈ ॥੧॥ ਰਹਾਉ ॥

ਪੂੰਜੀ ਨਾਮੁ ਨਿਰੰਜਨ ਸਾਰੁ ॥
ਨਿਰਮਲੁ ਸਾਚਿ ਰਤਾ ਪੈਕਾਰੁ ॥
ਸਿਫਤਿ ਸਹਜ ਘਰਿ ਗੁਰੁ ਕਰਤਾਰੁ ॥੨॥

ਆਸਾ ਮਨਸਾ ਸਬਦਿ ਜਲਾਏ ॥
ਰਾਮ ਨਰਾਇਣੁ ਕਹੈ ਕਹਾਏ ॥
ਗੁਰ ਤੇ ਵਾਟ ਮਹਲੁ ਘਰੁ ਪਾਏ ॥੩॥

ਕੰਚਨ ਕਾਇਆ ਜੋਤਿ ਅਨੂਪੁ ॥
ਤ੍ਰਿਭਵਣ ਦੇਵਾ ਸਗਲ ਸਰੂਪੁ ॥
ਮੈ ਸੋ ਧਨੁ ਪਲੈ ਸਾਚੁ ਅਖੂਟੁ ॥੪॥

ਪੰਚ ਤੀਨਿ ਨਵ ਚਾਰਿ ਸਮਾਵੈ ॥
ਧਰਣਿ ਗਗਨੁ ਕਲ ਧਾਰਿ ਰਹਾਵੈ ॥
ਬਾਹਰਿ ਜਾਤਉ ਉਲਟਿ ਪਰਾਵੈ ॥੫॥

ਮੂਰਖੁ ਹੋਇ ਨ ਆਖੀ ਸੂਝੈ ॥
ਜਿਹਵਾ ਰਸੁ ਨਹੀ ਕਹਿਆ ਬੂਝੈ ॥
ਬਿਖੁ ਕਾ ਮਾਤਾ ਜਗ ਸਿਉ ਲੂਝੈ ॥੬॥

ਊਤਮ ਸੰਗਤਿ ਊਤਮੁ ਹੋਵੈ ॥
ਗੁਣ ਕਉ ਧਾਵੈ ਅਵਗਣ ਧੋਵੈ ॥
ਬਿਨੁ ਗੁਰ ਸੇਵੇ ਸਹਜੁ ਨ ਹੋਵੈ ॥੭॥

ਹੀਰਾ ਨਾਮੁ ਜਵੇਹਰ ਲਾਲੁ ॥
ਮਨੁ ਮੋਤੀ ਹੈ ਤਿਸ ਕਾ ਮਾਲੁ ॥
ਨਾਨਕ ਪਰਖੈ ਨਦਰਿ ਨਿਹਾਲੁ ॥੮॥੫॥

Sahib Singh
ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ ।
ਹੀਰਾ = ਪਰਮਾਤਮਾ ਦਾ ਸ੍ਰੇਸ਼ਟ ਨਾਮ ।
ਪਰਖੇ = ਕਦਰ ਪਛਾਣਦਾ ਹੈ ।
ਤਾਰੇ = ਪਾਰ ਲੰਘਾਂਦਾ ਹੈ ।
ਗੁਰੁ ਮਾਨੈ = ਗੁਰੂ ਨੂੰ ਮੰਨਦਾ ਹੈ, ਗੁਰੂ ਉਤੇ ਸਰਧਾ ਲਿਆਉਂਦਾ ਹੈ ।
ਮਨ ਤੇ = ਮਨ ਤੋਂ, ਦਿਲੋਂ, ਸੱਚੇ ਦਿਲੋਂ ।
ਮਨੁ ਧੀਰਾ = ਮਨ ਧੀਰਜ ਫੜਦਾ ਹੈ, ਮਨ ਡੋਲਦਾ ਨਹੀਂ ।੧ ।
ਸਾਚੀ = ਸਦਾ = ਥਿਰ ਰਹਿਣ ਵਾਲੀ, ਅਟੱਲ, ਅਭੁੱਲ, ਉਕਾਈ ਨਾਹ ਖਾਣ ਵਾਲੀ ।
ਏਕ ਲਿਵ = ਇਕ ਪ੍ਰਭੂ ਵਿਚ ਸੁਰਤਿ ਜੋੜ ਕੇ ।੧।ਰਹਾਉ ।
ਸਾਰੁ = ਸ੍ਰੇਸ਼ਟ, ਉੱਤਮ ।
ਸਾਚਿ = ਸਦਾ = ਥਿਰ ਪ੍ਰਭੂ ਵਿਚ ।
ਪੈਕਾਰੁ = ਪੰਕਾਰ, ਨਿਆਰੀਆ ਜੋ ਪੁਰਾਣੇ ਸਮੇ ਟਕਸਾਲ ਵਿਚੋਂ ਸੁਆਹ ਵਿਚੋਂ ਸੋਨਾ ਚਾਂਦੀ ਨਿਖਾਰਦਾ ਸੀ ।
ਸਹਜ ਘਰਿ = ਅਡੋਲ ਅਵਸਥਾ ਦੇ ਘਰ ਵਿਚ ।੨ ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।
ਕਹਾਏ = ਹੋਰਨਾਂ ਨੂੰ ਸਿਮਰਨ ਲਈ ਪ੍ਰੇਰਦਾ ਹੈ ।
ਵਾਟ = ਰਸਤਾ ।੩ ।
ਅਨੂਪੁ = ਬੇ = ਮਿਸਾਲ, ਜਿਸ ਵਰਗਾ ਹੋਰ ਕੋਈ ਨਹੀਂ, ਉਪਮਾ-ਰਹਿਤ ।
ਮੈ ਪਲੈ = ਮੇਰੇ ਪਾਸ ਹੈ ।੪ ।
ਪੰਚ = ਪੰਜ ਤੱਤ ।
ਤੀਨਿ = ਤਿੰਨ ਗੁਣ (ਮਾਇਆ ਦੇ) ।
ਨਵ = ਨੌ ਖੰਡ (ਧਰਤੀ ਦੇ) ।
ਚਾਰਿ = ਚਾਰੇ ਕੂਟਾਂ ।
ਧਰਣਿ = ਧਰਤੀ ।
ਕਲ = ਸੱਤਾ ।
ਪਰਾਵੈ = ਪਰਤਾਂਦਾ ਹੈ ।੫ ।
ਆਖੀ = ਅੱਖਾਂ ਨਾਲ ।
ਸੂਝੈ = ਸੁੱਝਦਾ, ਦਿੱਸਦਾ ।
ਬਿਖੁ = ਮਾਇਆ = ਜ਼ਹਰ ।
ਮਾਤਾ = ਮਸਤਿਆ ਹੋਇਆ ।
ਲੂਝੈ = ਝਗੜਦਾ ਹੈ ।੬ ।
ਊਤਮ, ਊਤਮੁ = {ਨੋਟ: = ਪਹਿਲਾ ਲਫ਼ਜ਼ ਇਸਤ੍ਰੀ ਲਿੰਗ ਹੈ ਤੇ ਲਫ਼ਜ਼ ‘ਸੰਗਤਿ’ ਦਾ ਵਿਸ਼ੇਸ਼ਣ ਹੈ, ਦੂਜਾ ਲਫ਼ਜ਼ ਪੁਲਿੰਗ ਹੈ} ।
ਧਾਵੈ = ਦੌੜਦਾ ਹੈ, ਜਤਨ ਕਰਦਾ ਹੈ ।
ਸਹਜੁ = ਅਡੋਲਤਾ ।੭ ।
ਮਾਲੁ = ਰਾਸਿ = ਪੂੰਜੀ ।
ਤਿਸ ਕਾ = ਉਸ ਮਨੁੱਖ ਦਾ ।੮ ।
    
Sahib Singh
ਗੁਰੂ ਇਹੋ ਜਿਹਾ ਸ਼ਾਹ (ਸਰਾਫ਼) ਹੈ, ਤੇ ਇਹੋ ਜਿਹੀ ਸਰਾਫ਼ੀ ਕਰਦਾ ਹੈ (ਕਿ ਉਹ ਜੀਵਾਂ ਨੂੰ ਤੁਰਤ ਪਰਖ ਲੈਂਦਾ ਹੈ, ਤੇ) ਉਸ ਦੀ ਕਦੇ ਉਕਾਈ ਨਾਹ ਖਾਣ ਵਾਲੀ ਮਿਹਰ ਦੀ ਨਿਗਾਹ ਨਾਲ ਜੀਵ ਇਕ ਪਰਮਾਤਮਾ ਵਿਚ ਸੁਰਤਿ ਜੋੜ ਕੇ (ਮੋਹ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ।੧।ਰਹਾਉ ।
ਜਿਸ ਮਨੁੱਖ ਨੂੰ ਪੂਰਾ ਗੁਰੂ ਇਕ (ਮੇਹਰ ਦੀ) ਨਿਗਾਹ ਨਾਲ (ਮੋਹ ਦੇ ਸਮੁੰਦਰ ਤੋਂ) ਪਾਰ ਲੰਘਾਂਦਾ ਹੈ, ਜੇਹੜਾ ਮਨੁੱਖ ਸੱਚੇ ਦਿਲੋਂ ਗੁਰੂ ਉਤੇ ਸਰਧਾ ਲਿਆਉਂਦਾ ਹੈ, ਉਸ ਦਾ ਮਨ (ਮਾਇਆ-ਮੋਹ ਵਿਚ) ਡੋਲਦਾ ਨਹੀਂ, ਉਹ ਆਪਣੇ ਆਪ ਨੂੰ (ਆਪਣੇ ਜੀਵਨ ਨੂੰ) ਵਿਚਾਰਦਾ ਤੇ ਪਰਮਾਤਮਾ ਦੇ ਸ੍ਰੇਸ਼ਟ ਨਾਮ ਦੀ ਕਦਰ ਪਛਾਣਦਾ ਹੈ ।੧ ।
(ਗੁਰੂ ਦੀ ਕਿਰਪਾ ਨਾਲ) ਜੇਹੜਾ ਮਨੁੱਖ ਨਿਰੰਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ (ਆਪਣੇ ਆਤਮਕ ਜੀਵਨ ਦੀ) ਰਾਸਿ-ਪੂੰਜੀ ਬਣਾਂਦਾ ਹੈ, ਜੋ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਹ ਨਿਆਰੀਏ ਵਾਂਗ ਪਾਰਖੂ ਬਣ ਜਾਂਦਾ ਹੈ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਹਗੁਰੂ ਕਰਤਾਰ ਨੂੰ ਆਪਣੇ ਅਡੋਲ ਹਿਰਦੇ-ਘਰ ਵਿਚ ਵਸਾਂਦਾ ਹੈ ।੨ ।
ਜੇਹੜਾ ਮਨੁੱਖ ਗੁਰੂ ਤੋਂ (ਜ਼ਿੰਦਗੀ ਦਾ ਸਹੀ) ਰਸਤਾ ਲੱਭ ਲੈਂਦਾ ਹੈ, ਪਰਮਾਤਮਾ ਦਾ ਮਹਲ ਘਰ ਲੱਭ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਕ ਆਸਾ ਤੇ ਮਾਇਕ ਫੁਰਨਾ ਸਾੜ ਦੇਂਦਾ ਹੈ, ਉਹ ਆਪ ਪਰਮਾਤਮਾ ਦਾ ਭਜਨ ਕਰਦਾ ਹੈ ਤੇ ਹੋਰਨਾਂ ਨੂੰ ਇਸ ਪਾਸੇ ਪ੍ਰੇਰਦਾ ਹੈ ।੩ ।
ਜੇਹੜਾ ਪਰਮਾਤਮਾ (ਸੁੱਧ) ਸੋਨੇ ਵਰਗੀ ਪਵਿਤ੍ਰ ਹਸਤੀ ਵਾਲਾ ਹੈ, ਜੋ ਨਿਰਾ ਚਾਨਣ ਹੀ ਚਾਨਣ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ, ਜੋ ਤਿੰਨਾਂ ਭਵਨਾਂ ਦਾ ਮਾਲਕ ਹੈ, ਇਹ ਸਾਰਾ ਆਕਾਰ ਜਿਸ ਦਾ (ਸਰਗੁਣ) ਸਰੂਪ ਹੈ, ਉਸ ਪਰਮਾਤਮਾ ਦਾ ਸਦਾ-ਥਿਰ ਤੇ ਕਦੇ ਨਾਹ ਮੁੱਕਣ ਵਾਲਾ ਨਾਮ-ਧਨ ਮੈਨੂੰ (ਗੁਰੂ-ਸਰਾਫ਼ ਤੋਂ) ਮਿਲਿਆ ਹੈ ।੪ ।
ਜੋ ਪਰਮਾਤਮਾ ਪੰਜਾਂ ਤੱਤਾਂ ਵਿਚ, ਮਾਇਆ ਦੇ ਤਿੰਨ ਗੁਣਾਂ ਵਿਚ, ਨੌ ਖੰਡਾਂ ਵਿਚ ਅਤੇ ਚਾਰ ਕੂਟਾਂ ਵਿਚ ਵਿਆਪਕ ਹੈ, ਜੋ ਧਰਤੀ ਤੇ ਆਕਾਸ਼ ਨੂੰ ਆਪਣੀ ਸੱਤਿਆ ਦੇ ਆਸਰੇ (ਥਾਂ ਸਿਰ) ਟਿਕਾਈ ਰਖਦਾ ਹੈ; ਗੁਰੂ-ਸਰਾਫ਼ ਮਨੁੱਖ ਦੇ ਬਾਹਰ ਦਿੱਸਦੇ ਆਕਾਰ ਵਲ ਦੌੜਦੇ ਮਨ ਨੂੰ ਉਸ ਪਰਮਾਤਮਾ ਵਲ ਪਰਤਾ ਕੇ ਲਿਆਉਂਦਾ ਹੈ ।੫ ।
(ਗੁਰੂ-ਸਰਾਫ਼ ਦੱਸਦਾ ਹੈ ਕਿ ਪਰਮਾਤਮਾ ਸਾਰੀ ਸਿ੍ਰਸ਼ਟੀ ਵਿਚ ਰਮਿਆ ਹੋਇਆ ਹੈ, ਪਰ) ਉਹ ਮਨੁੱਖ ਮੂਰਖ ਹੈ ਜਿਸ ਨੂੰ ਅੱਖਾਂ ਨਾਲ (ਪ੍ਰਭੂ) ਨਹੀਂ ਦਿੱਸਦਾ, ਜਿਸ ਦੀ ਜੀਭ ਵਿਚ (ਪ੍ਰਭੂ ਦਾ) ਨਾਮ-ਰਸ ਨਹੀਂ ਆਇਆ, ਜੋ ਗੁਰੂ ਦੇ ਦੱਸੇ ਉਪਦੇਸ਼ ਨੂੰ ਨਹੀਂ ਸਮਝਦਾ ।
ਉਹ ਮਨੁੱਖ ਵਿਹੁਲੀ ਮਾਇਆ ਵਿਚ ਮਸਤ ਹੋ ਕੇ ਜਗਤ ਨਾਲ ਝਗੜੇ ਸਹੇੜਦਾ ਹੈ ।੬ ।
ਗੁਰੂ ਦੀ ਸ੍ਰੇਸ਼ਟ ਸੰਗਤਿ ਦੀ ਬਰਕਤਿ ਨਾਲ ਮਨੁੱਖ ਸ੍ਰੇਸ਼ਟ ਜੀਵਨ ਵਾਲਾ ਬਣ ਜਾਂਦਾ ਹੈ, ਆਤਮਕ ਗੁਣਾਂ ਦੀ ਪ੍ਰਾਪਤੀ ਲਈ ਦੌੜ-ਭੱਜ ਕਰਦਾ ਹੈ ਤੇ (ਆਪਣੇ ਅੰਦਰੋਂ ਨਾਮ-ਅੰਮਿ੍ਰਤ ਦੀ ਸਹਾਇਤਾ ਨਾਲ) ਅੌਗੁਣ ਧੋ ਦੇਂਦਾ ਹੈ ।
(ਇਹ ਗੱਲ ਯਕੀਨੀ ਹੈ ਕਿ) ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ (ਅੌਗੁਣਾਂ ਤੋਂ ਖ਼ਲਾਸੀ ਨਹੀਂ ਹੁੰਦੀ, ਤੇ) ਅਡੋਲ ਆਤਮਕ ਅਵਸਥਾ ਨਹੀਂ ਮਿਲਦੀ ।੭ ।
ਹੇ ਨਾਨਕ! ਗੁਰੂ-ਸਰਾਫ਼ ਜਿਸ ਮਨੁੱਖ ਨੂੰ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ ਉਹ ਨਿਹਾਲ ਹੋ ਜਾਂਦਾ ਹੈ, ਮੋਤੀ (ਵਰਗਾ ਸੁੱਚਾ) ਮਨ ਪਰਮਾਤਮਾ ਦਾ ਨਾਮ ਹੀਰਾ ਜਵਾਹਰ ਤੇ ਲਾਲ ਉਸ ਮਨੁੱਖ ਦੀ ਰਾਸਿ-ਪੂੰਜੀ ਬਣ ਜਾਂਦਾ ਹੈ ।੮।੫ ।
Follow us on Twitter Facebook Tumblr Reddit Instagram Youtube