ੴ ਸਤਿਗੁਰ ਪ੍ਰਸਾਦਿ ॥
ਰਾਗੁ ਆਸਾ ਮਹਲਾ ੯ ॥
ਬਿਰਥਾ ਕਹਉ ਕਉਨ ਸਿਉ ਮਨ ਕੀ ॥
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥੧॥ ਰਹਾਉ ॥

ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥੧॥

ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ॥
ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥

Sahib Singh
ਬਿਰਥਾ = ਪੀੜਾ, ਦੁੱਖ, ਭੈੜੀ ਹਾਲਤ {Òਯਥਾ} ।
ਕਹਉ = ਕਹਉਂ, ਮੈਂ ਦੱਸਾਂ ।
ਕਉਨ ਸਿਉ = ਕਿਸ ਨੂੰ ?
ਲੋਭਿ = ਲੋਭ ਵਿਚ ।
ਗ੍ਰਸਿਓ = ਫਸਿਆ ਹੋਇਆ ।
ਦਿਸ = ਪਾਸੇ ।
ਆਸਾ = ਤਾਂਘ, ਤ੍ਰਿਸ਼ਨਾ ।੧।ਰਹਾਉ ।
ਹੇਤਿ = ਵਾਸਤੇ ।
ਸੇਵ = ਸੇਵਾ, ਖ਼ੁਸ਼ਾਮਦ ।
ਜਨ ਜਨ ਕੀ = ਹਰੇਕ ਜਨ ਦੀ, ਧਿਰ ਧਿਰ ਦੀ ।
ਦੁਆਰਹਿ ਦੁਆਰਿ = ਹਰੇਕ ਦਰਵਾਜ਼ੇ ਉਤੇ ।
ਸੁਆਨ = ਕੁੱਤਾ ।
ਸੁਧਿ = ਸੂਝ ।੧ ।
ਅਕਾਰਥ = ਵਿਅਰਥ ।
ਖੋਵਤ = ਗਵਾਂਦਾ ਹੈ ।
ਲਾਜ = ਸ਼ਰਮ ।
ਹਸਨ ਕੀ = ਹਾਸੇ = ਮਖੌਲ ਦੀ ।
ਨਾਨਕ = ਹੇ ਨਾਨਕ !
ਜਸੁ = ਸਿਫ਼ਤਿ = ਸਾਲਾਹ ।
ਕੁਮਤਿ = ਖੋਟੀ ਮਤਿ ।
ਤਨ ਕੀ = ਸਰੀਰ ਦੀ ।੨ ।
    
Sahib Singh
(ਹੇ ਭਾਈ!) ਮੈਂ ਇਸ (ਮਨੁੱਖੀ) ਮਨ ਦੀ ਭੈੜੀ ਹਾਲਤ ਕਿਸ ਨੂੰ ਦੱਸਾਂ (ਹਰੇਕ ਮਨੁੱਖ ਦਾ ਇਹੀ ਹਾਲ ਹੈ), ਲੋਭ ਵਿਚ ਫਸਿਆ ਹੋਇਆ ਇਹ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਇਸ ਨੂੰ ਧਨ ਜੋੜਨ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ ।੧।ਰਹਾਉ ।
(ਹੇ ਭਾਈ!) ਸੁਖ ਹਾਸਲ ਕਰਨ ਵਾਸਤੇ (ਇਹ ਮਨ) ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਫਿਰਦਾ ਹੈ (ਤੇ ਇਸ ਤ੍ਰਹਾਂ ਸੁਖ ਦੇ ਥਾਂ ਸਗੋਂ) ਦੁੱਖ ਸਹਾਰਦਾ ਹੈ ।
ਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ ਹੈ ਇਸ ਨੂੰ ਪਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਹੀ ਨਹੀਂ ਪੈਂਦੀ ।੧ ।
(ਹੇ ਭਾਈ! ਲੋਭ ਵਿਚ ਫਸਿਆ ਹੋਇਆ ਇਹ ਜੀਵ) ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਲੈਂਦਾ ਹੈ, (ਇਸ ਦੇ ਲਾਲਚ ਦੇ ਕਾਰਨ) ਲੋਕਾਂ ਵਲੋਂ ਹੋ ਰਹੇ ਹਾਸੇ-ਮਖ਼ੌਲ ਦੀ ਭੀ ਇਸ ਨੂੰ ਸ਼ਰਮ ਨਹੀਂ ਆਉਂਦੀ ।
ਹੇ ਨਾਨਕ! (ਆਖ—ਹੇ ਜੀਵ!) ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਿਉਂ ਨਹੀਂ ਕਰਦਾ ?
(ਸਿਫ਼ਤਿ-ਸਾਲਾਹਦੀ ਬਰਕਤਿ ਨਾਲ ਹੀ) ਤੇਰੀ ਇਹ ਖੋਟੀ ਮਤਿ ਦੂਰ ਹੋ ਸਕੇਗੀ ।੨।੧।੨੩੩ ।
Follow us on Twitter Facebook Tumblr Reddit Instagram Youtube