ਆਸਾਵਰੀ ਮਹਲਾ ੫ ॥
ਕਾਰਨ ਕਰਨ ਤੂੰ ਹਾਂ ॥
ਅਵਰੁ ਨਾ ਸੁਝੈ ਮੂੰ ਹਾਂ ॥
ਕਰਹਿ ਸੁ ਹੋਈਐ ਹਾਂ ॥
ਸਹਜਿ ਸੁਖਿ ਸੋਈਐ ਹਾਂ ॥
ਧੀਰਜ ਮਨਿ ਭਏ ਹਾਂ ॥
ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥

ਸਾਧੂ ਸੰਗਮੇ ਹਾਂ ॥
ਪੂਰਨ ਸੰਜਮੇ ਹਾਂ ॥
ਜਬ ਤੇ ਛੁਟੇ ਆਪ ਹਾਂ ॥
ਤਬ ਤੇ ਮਿਟੇ ਤਾਪ ਹਾਂ ॥
ਕਿਰਪਾ ਧਾਰੀਆ ਹਾਂ ॥
ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥

ਇਹੁ ਸੁਖੁ ਜਾਨੀਐ ਹਾਂ ॥
ਹਰਿ ਕਰੇ ਸੁ ਮਾਨੀਐ ਹਾਂ ॥
ਮੰਦਾ ਨਾਹਿ ਕੋਇ ਹਾਂ ॥
ਸੰਤ ਕੀ ਰੇਨ ਹੋਇ ਹਾਂ ॥
ਆਪੇ ਜਿਸੁ ਰਖੈ ਹਾਂ ॥
ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥

ਜਿਸ ਕਾ ਨਾਹਿ ਕੋਇ ਹਾਂ ॥
ਤਿਸ ਕਾ ਪ੍ਰਭੂ ਸੋਇ ਹਾਂ ॥
ਅੰਤਰਗਤਿ ਬੁਝੈ ਹਾਂ ॥
ਸਭੁ ਕਿਛੁ ਤਿਸੁ ਸੁਝੈ ਹਾਂ ॥
ਪਤਿਤ ਉਧਾਰਿ ਲੇਹੁ ਹਾਂ ॥
ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥

Sahib Singh
ਕਾਰਨ = ਵਸੀਲਾ, ਬਣਾਣ ਵਾਲਾ ।
ਕਰਨ = ਜਗਤ ।
ਮੂੰ = ਮੈਨੂੰ ।
ਕਰਹਿ = (ਜੋ ਕੁਝ) ਤੂੰ ਕਰਦਾ ਹੈਂ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਖਿ = ਆਨੰਦ ਵਿਚ ।
ਸੋਈਐ = ਲੀਨ ਰਹੀਏ ।
ਮਨਿ = ਮਨ ਵਿਚ ।
ਦਰਿ = ਦਰ ਤੇ ।੧।ਰਹਾਉ ।
ਸੰਗਮੇ = ਮੇਲ ਵਿਚ, ਸੰਗਤਿ ਵਿਚ ।
ਸਾਧੂ = ਗੁਰੂ ।
ਸੰਜਮੇ = ਸੰਜਮ ਵਿਚ ।
ਆਪਾ = ਆਪਾ = ਭਾਵ ।
ਤਾਪ = ਦੁੱਖ = ਕਲੇਸ਼ ।
ਪਤਿ = ਇੱਜ਼ਤ ।
ਨਵਾਰੀਆ = ਹੇ ਜਗਤ ਦੇ ਮਾਲਕ-ਪ੍ਰਭੂ !
ਧਾਰੀਆ = ਧਾਰਿ ।੧ ।
ਮਾਨੀਐ = ਪਰਵਾਨ ਕਰੀਏ ।
ਰੇਨ = ਚਰਨ = ਧੂੜ ।
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।੨ ।
ਅੰਤਰਗਤਿ = ਅੰਦਰ ਦੀ ਲੁਕਵੀਂ ਗੱਲ, ਦਿਲ ਦੀ ਗੱਲ ।
ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ।
ਉਧਾਰਿ ਲੇਹੁ = ਬਚਾ ਲੈ ।੩ ।
    
Sahib Singh
ਹੇ ਮੇਰੇ ਮਨ! (ਪ੍ਰਭੂ-ਦਰ ਤੇ ਇਉਂ ਅਰਦਾਸ ਕਰ—ਹੇ ਪ੍ਰਭੂ!) ਤੂੰ ਸਾਰੇ ਜਗਤ ਦਾ ਰਚਨਹਾਰ ਹੈਂ (ਤੈਥੋਂ ਬਿਨਾ) ਮੈਨੂੰ ਕੋਈ ਹੋਰ ਨਹੀਂ ਸੁੱਝਦਾ (ਜੋ ਇਹ ਤਾਕਤ ਰੱਖਦਾ ਹੋਵੇ) ।
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਹੀ (ਜਗਤ ਵਿਚ) ਵਰਤਦਾ ਹੈ ।
ਹੇ ਮੇਰੇ ਮਨ! (ਜੇ ਆਪਣੀਆਂ ਚਤੁਰਾਈਆਂ ਛੱਡ ਕੇ) ਪਰਮਾਤਮਾ ਦੇ ਦਰ ਤੇ ਡਿੱਗ ਪਈਏ ਤਾਂ ਮਨ ਵਿਚ ਹੌਸਲਾ ਬੱਝ ਜਾਂਦਾ ਹੈ, ਆਤਮਕ ਅਡੋਲਤਾ ਵਿਚ ਆਨੰਦ ਵਿਚ ਲੀਨ ਰਹਿ ਸਕੀਦਾ ਹੈ ।੧ ।
ਹੇ ਮੇਰੇ ਮਨ ।
ਗੁਰੂ ਦੀ ਸੰਗਤਿ ਵਿਚ ਰਿਹਾਂ ਉਹ ਜੁਗਤਿ ਪੂਰਨ ਤੌਰ ਤੇ ਆ ਜਾਂਦੀ ਹੈ ਜਿਸ ਨਾਲ ਗਿਆਨ-ਇੰਦ੍ਰੇ ਵੱਸ ਵਿਚ ਆ ਜਾਂਦੇ ਹਨ ।
ਹੇ ਮਨ! ਜਿਸ ਵੇਲੇ (ਮਨੁੱਖ ਦੇ ਅੰਦਰੋਂ) ਹਉਮੈ ਅਹੰਕਾਰ ਮੁੱਕ ਜਾਂਦਾ ਹੈ (ਤੇ ਗੁਰੂ ਦੀ ਓਟ ਠੀਕ ਜਾਪਦੀ ਹੈ) ਉਸੇ ਵੇਲੇ ਤੋਂ (ਮਨ ਦੇ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ ।
ਸੋ ਹੇ ਮੇਰੇ ਮਨ! (ਗੁਰੂ ਦੀ ਸੰਗਤਿ ਵਿਚ ਰਹਿ ਕੇ ਪ੍ਰਭੂ-ਦਰ ਤੇ ਅਰਦਾਸ ਕਰ, ਆਖ—) ਹੇ ਜਗਤ ਦੇ ਮਾਲਕ-ਪ੍ਰਭੂ! ਮੇਰੇ ਉੱਤੇ ਮੇਹਰ ਕਰ, ਮੇਰੀ (ਸਰਨ ਪਏ ਦੀ) ਇੱਜ਼ਤ ਰੱਖ ।੧ ।
ਹੇ ਮੇਰੇ ਮਨ! ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ, ਇਸੇ ਨੂੰ ਹੀ ਸੁਖ (ਦਾ ਮੂਲ) ਸਮਝਣਾ ਚਾਹੀਦਾ ਹੈ ।
ਹੇ ਮਨ! ਜੇਹੜਾ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਦਾ ਹੈ ਉਸ ਨੂੰ(ਜਗਤ ਵਿਚ) ਕੋਈ ਭੈੜਾ ਨਹੀਂ ਦਿੱਸਦਾ ।
ਹੇ ਮੇਰੇ ਮਨ! ਪਰਮਾਤਮਾ ਆਪ ਹੀ ਜਿਸ ਮਨੁੱਖ ਨੂੰ (ਵਿਕਾਰਾਂ ਵਲੋਂ) ਬਚਾਂਦਾ ਹੈ ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪੀਂਦਾ ਹੈ ।੨ ।
ਹੇ ਮੇਰੇ ਮਨ! ਜਿਸ ਮਨੁੱਖ ਦਾ ਕੋਈ ਭੀ ਸਹਾਈ ਨਹੀਂ ਬਣਦਾ (ਜੇ ਉਹ ਪ੍ਰਭੂ ਦੀ ਸਰਨ ਆ ਪਏ, ਤਾਂ) ਉਹ ਪ੍ਰਭੂ ਉਸ ਦਾ ਰਾਖਾ ਬਣ ਜਾਂਦਾ ਹੈ ।
ਉਹ ਪਰਮਾਤਮਾ ਹਰੇਕ ਦੇ ਦਿਲ ਦੀ ਗੱਲ ਜਾਣ ਲੈਂਦਾ ਹੈ, ਉਸ ਨੂੰ ਹਰੇਕ ਜੀਵ ਦੀ ਹਰੇਕ ਮਨੋ-ਕਾਮਨਾ ਦੀ ਸਮਝ ਆ ਜਾਂਦੀ ਹੈ ।
(ਇਸ ਵਾਸਤੇ) ਹੇ ਮੇਰੇ ਮਨ! ਪਰਮਾਤਮਾ ਦੇ ਦਰ ਤੇ ਇਉਂ ਅਰਜ਼ੋਈ ਕਰ—ਹੇ ਪ੍ਰਭੂ! (ਸਾਨੂੰ ਵਿਕਾਰਾਂ ਵਿਚ) ਡਿੱਗੇ ਜੀਵਾਂ ਨੂੰ (ਵਿਕਾਰਾਂ ਤੋਂ) ਬਚਾ ਲੈ, (ਤੇਰੇ ਦਰ ਤੇ ਮੇਰੀ) ਨਾਨਕ ਦੀ ਇਹੀ ਅਰਦਾਸਿ ਹੈ ।੩।੬।੧੬੨ ।
Follow us on Twitter Facebook Tumblr Reddit Instagram Youtube