ਆਸਾ ਮਹਲਾ ੫ ॥
ਹਰਖ ਸੋਗ ਬੈਰਾਗ ਅਨੰਦੀ ਖੇਲੁ ਰੀ ਦਿਖਾਇਓ ॥੧॥ ਰਹਾਉ ॥

ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ ॥
ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂ ਤਜਿ ਜਾਇਓ ॥੧॥

ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਭਰਮਾਇਓ ॥
ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰਿ ਰੰਗੁ ਲਾਇਓ ॥੨॥੫॥੧੫੬॥

Sahib Singh
ਹਰਖ = ਖ਼ੁਸ਼ੀ ।
ਸੋਗ = ਗ਼ਮ ।
ਬੈਰਾਗ = ਉਪਰਾਮਤਾ ।
ਅਨੰਦੀ = ਆਨੰਦ = ਸਰੂਪ ਪਰਮਾਤਮਾ ਨੇ ।
ਖੇਲੁ = ਜਗਤ = ਤਮਾਸ਼ਾ ।
ਰੀ = ਹੇ ਸਖੀ ।੧।ਰਹਾਉ ।
ਖਿਨ ਹੂੰ = ਇਕ ਖਿਨ ਵਿਚ ।
ਭੈ = {ਲਫ਼ਜ਼ ‘ਭਉ’ ਤੋਂ ਬਹੁ-ਵਚਨ} ।
ਨਿਰਭੈ = ਨਿਰਭੈਤਾ ।
ਉਠਿ ਧਾਇਓ = ਉਠ ਦੌੜਦਾ ਹੈ ।
ਰਸ = ਸੁਆਦਲੇ ਪਦਾਰਥ ।
ਤਜਿ ਜਾਇਓ = ਛੱਡ ਜਾਂਦਾ ਹੈ ।੧ ।
ਤਾਪ = ਧੂਣੀਆਂ ਆਦਿਕ ਤਪਾਣੀਆਂ ।
ਸਾਧੂ = ਗੁਰੂ ।
ਰੰਗੁ = ਪ੍ਰੇਮ ।੨ ।
    
Sahib Singh
ਹੇ ਸਹੇਲੀ! (ਹੇ ਸਤਸੰਗੀ!) ਆਨੰਦ-ਰੂਪ ਪਰਮਾਤਮਾ ਨੇ ਮੈਨੂੰ ਇਹ ਜਗਤ-ਤਮਾਸ਼ਾ ਵਿਖਾ ਦਿੱਤਾ ਹੈ (ਇਸ ਜਗਤ-ਤਮਾਸ਼ੇ ਦੀ ਅਸਲੀਅਤ ਵਿਖਾ ਦਿਤੀ ਹੈ) ।
(ਇਸ ਵਿਚ ਕਿਤੇ) ਖ਼ੁਸ਼ੀ ਹੈ (ਕਿਤੇ) ਗ਼ਮੀ ਹੈ (ਕਿਤੇ) ਵੈਰਾਗ ਹੈ ।੧।ਰਹਾਉ ।
(ਹੇ ਸਤਸੰਗੀ! ਇਸ ਜਗਤ-ਤਮਾਸ਼ੇ ਵਿਚ ਕਿਤੇ) ਇਕ ਪਲ ਵਿਚ ਅਨੇਕਾਂ ਡਰ (ਆ ਘੇਰਦੇ ਹਨ, ਕਿਤੇ) ਨਿਡਰਤਾ ਹੈ (ਕਿਤੇ ਕੋਈ ਦੁਨੀਆ ਦੇ ਪਦਾਰਥਾਂ ਵਲ) ਉਠ ਭੱਜਦਾ ਹੈ, ਕਿਤੇ ਇਕ ਪਲ ਵਿਚ ਸੁਆਦਲੇਪਦਾਰਥ ਭੋਗੇ ਜਾ ਰਹੇ ਹਨ ਕਿਤੇ ਕੋਈ ਇਕ ਪਲ ਵਿਚ ਇਹਨਾਂ ਭੋਗਾਂ ਨੂੰ ਤਿਆਗ ਜਾਂਦਾ ਹੈ ।੧ ।
(ਹੇ ਸਖੀ! ਇਸ ਜਗਤ-ਤਮਾਸ਼ੇ ਵਿਚ ਕਿਤੇ) ਜੋਗ-ਸਾਧਨ ਕੀਤੇ ਜਾ ਰਹੇ ਹਨ ਕਿਤੇ ਧੂਣੀਆਂ ਤਪਾਈਆਂ ਜਾ ਰਹੀਆਂ ਹਨ ਕਿਤੇ ਅਨੇਕਾਂ ਦੇਵ-ਪੂਜਾ ਹੋ ਰਹੀਆਂ ਹਨ, ਕਿਤੇ ਹੋਰ ਹੋਰ ਭਟਕਣਾ ਭਟਕੀਆਂ ਜਾ ਰਹੀਆਂ ਹਨ ।
ਹੇ ਨਾਨਕ! (ਆਖ—ਹੇ ਸਖੀ!) ਕਿਤੇ ਸਾਧ ਸੰਗਤਿ ਵਿਚ ਰੱਖ ਕੇ ਇਕ ਪਲ ਵਿਚ ਪਰਮਾਤਮਾ ਦੀ ਮੇਹਰ ਹੋ ਰਹੀ ਹੈ, ਤੇ ਪਰਮਾਤਮਾ ਦਾ ਪ੍ਰੇਮ-ਰੰਗ ਬਖ਼ਸ਼ਿਆ ਜਾ ਰਿਹਾ ਹੈ ।੨।੪।੧੫੬ ।
Follow us on Twitter Facebook Tumblr Reddit Instagram Youtube