ਆਸਾ ਮਹਲਾ ੫ ਘਰੁ ੧੫ ਪੜਤਾਲ
ੴ ਸਤਿਗੁਰ ਪ੍ਰਸਾਦਿ ॥
ਬਿਕਾਰ ਮਾਇਆ ਮਾਦਿ ਸੋਇਓ ਸੂਝ ਬੂਝ ਨ ਆਵੈ ॥
ਪਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ ਜਾਵੈ ॥੧॥

ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤ ਚਿਤ ਦੁਖਾਹੀ ॥
ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ ਨਾਹੀ ॥੧॥ ਰਹਾਉ ॥

ਬੇਦ ਸਾਸਤ੍ਰ ਜਨ ਪੁਕਾਰਹਿ ਸੁਨੈ ਨਾਹੀ ਡੋਰਾ ॥
ਨਿਪਟਿ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ ਭੋਰਾ ॥੨॥

ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੈ ਨ ਪਰਿਆ ॥
ਜੇਂਹ ਕਾਰਜਿ ਰਹੈ ਓਲ੍ਹਾ ਸੋਇ ਕਾਮੁ ਨ ਕਰਿਆ ॥੩॥

ਐਸੋ ਜਗੁ ਮੋਹਿ ਗੁਰਿ ਦਿਖਾਇਓ ਤਉ ਏਕ ਕੀਰਤਿ ਗਾਇਆ ॥
ਮਾਨੁ ਤਾਨੁ ਤਜਿ ਸਿਆਨਪ ਸਰਣਿ ਨਾਨਕੁ ਆਇਆ ॥੪॥੧॥੧੫੨॥

Sahib Singh
ਨੋਟ: = ਪੜਤਾਲ = ਜਿਥੇ ਤਾਲ ਮੁੜ ਮੁੜ ਪਰਤਦਾ (—ਪੜ) ਰਹੇ, ਬਦਲਦਾ ਰਹੇ ।
ਮਾਦਿ = ਮਦਿ, ਨਸ਼ੇ ਵਿਚ ।
ਸੂਝ ਬੂਝ = (ਸਹੀ ਜੀਵਨ ਦੀ) ਅਕਲ ।
ਪਕਰਿ = ਫੜ ਕੇ ।
ਜਮਿ = ਜਮ ਨੇ ।
ਘਰਿ ਜਾਵੈ = ਆਪਣੇ ਘਰ ਵਿਚ ਜਾਂਦਾ ਹੈ, ਹੋਸ਼ ਵਿਚ ਆਉਂਦਾ ਹੈ (ਕਿ ਸਾਰੀ ਉਮਰ ਗ਼ਲਤੀ ਕਰਦਾ ਰਿਹਾ) ।੧ ।
ਬਿਖਿਆ = ਮਾਇਆ ।
ਬਿਖੈ = ਵਿਸ਼ੇ ।
ਹਿਰਿ = ਚੁਰਾ ਕੇ ।
ਵਿਤ = ਧਨ ।
ਦੁਖਾਹੀ = ਦੁਖਾਹਿ, ਦੁਖਾਂਦੇ ਹਨ ।
ਖਿਨ ਭੰਗੁਨ = ਖਿਨ = ਭੰਡਾਰ, ਖਿਨ ਵਿਚ ਨਾਸ ਹੋ ਜਾਣ ਵਾਲਾ ।
ਕੈ ਮਾਨਿ = ਦੇ ਮਾਣ ਵਿਚ ।
ਅਸੁਰ = ਦੈਂਤ, ਨਿਰਦਈ ਬੰਦੇ ।੧।ਰਹਾਉ ।
ਪੁਕਾਰਹਿ = ਉੱਚੀ ਕੂਕ ਕੇ ਆਖਦੇ ਹਨ ।
ਡੋਰਾ = ਬੋਲਾ ।
ਨਿਪਟਿ = ਉੱਕਾ ਹੀ, ਬਿਲਕੁਲ ।
ਹਾਰਿ = ਹਾਰ ਕੇ ।
ਮੂਕਾ = ਅੰਤ ਸਮੇ ਤੇ ਆ ਪਹੁੰਚਦਾ ਹੈ ।
ਮਨਿ = ਮਨ ਵਿਚ ।
ਭੋਰਾ = ਮੂਰਖ ।੨ ।
ਡਾਨੁ = ਡੰਨ ।
ਗੈਰ ਵਜਹਿ = ਅਕਾਰਨ, ਕਾਰਨ ਤੋਂ ਬਿਨਾ ਹੀ ।
ਦੀਵਾਨ ਲੇਖੈ = ਪਰਮਾਤਮਾ ਦੇ ਲੇਖੇ ਵਿਚ ।
ਜੇਂਹ ਕਾਰਜਿ = ਜਿਸ ਕੰਮ (ਦੇ ਕਰਨ) ਨਾਲ ।
ਓਲ@ਾ = ਇੱਜ਼ਤ ।੩ ।
ਮੋਹਿ = ਮੈਨੂੰ ।
ਗੁਰਿ = ਗੁਰੂ ਨੇ ।
ਤਉ = ਤਦੋਂ ।
ਏਕ = ਇਕ (ਪਰਮਾਤਮਾ) ਦੀ ।
ਕੀਰਤਿ = ਸਿਫ਼ਤਿ = ਸਾਲਾਹ ।
ਤਜਿ = ਛੱਡ ਕੇ ।੪ ।
    
Sahib Singh
(ਹੇ ਭਾਈ!) ਮਾਇਆ ਦੇ ਲੋਭ ਅਤੇ ਵਿਸ਼ਿਆਂ ਵਿਚ ਲੱਗੇ ਹੋਏ (ਪਰਾਇਆ) ਧਨ ਚੁਰਾ ਕੇ (ਦੂਜਿਆਂ ਦੇ) ਦਿਲ ਦੁਖਾਂਦੇ ਹਨ, ਪਲ ਵਿਚ ਸਾਥ ਛੱਡ ਜਾਣ ਵਾਲੀ ਮਾਇਆ ਦੇ ਮਾਣ ਵਿਚ ਮਸਤ ਨਿਰਦਈ ਮਨੁੱਖ ਸਮਝਦੇ ਨਹੀਂ (ਕਿ ਇਹ ਗ਼ਲਤ ਜੀਵਨ-ਰਾਹ ਹੈ) ।੧।ਰਹਾਉ ।
(ਹੇ ਭਾਈ!) ਵਿਕਾਰਾਂ ਵਿਚ ਮਾਇਆ ਦੇ ਨਸ਼ੇ ਵਿਚ ਮਨੁੱਖ ਸੁੱਤਾ ਰਹਿੰਦਾ ਹੈ, ਇਸ ਨੂੰ (ਸਹੀ ਜੀਵਨ-ਰਾਹ ਦੀ) ਅਕਲ ਨਹੀਂ ਆਉਂਦੀ ।
(ਜਦੋਂ ਅੰਤ ਵੇਲੇ) ਜਮ ਨੇ ਇਸ ਨੂੰ ਕੇਸਾਂ ਤੋਂ ਫੜ ਕੇ ਉਠਾਇਆ (ਜਦੋਂ ਮੌਤ ਸਿਰ ਤੇ ਆ ਪਹੁੰਚੀ) ਤਦੋਂ ਹੀ ਇਸ ਨੂੰ ਹੋਸ਼ ਆਉਂਦੀ ਹੈ (ਕਿ ਸਾਰੀ ਉਮਰ ਕੁਰਾਹੇ ਪਿਆ ਰਿਹਾ) ।੧ ।
(ਹੇ ਭਾਈ!) ਵੇਦ ਸ਼ਾਸਤ੍ਰ (ਆਦਿਕ ਧਰਮ-ਪੁਸਤਕ ਉਪਦੇਸ਼ ਕਰਦੇ ਹਨ) ਸੰਤ ਜਨ (ਭੀ) ਪੁਕਾਰ ਕੇ ਆਖਦੇ ਹਨ ਪਰ (ਮਾਇਆ ਦੇ ਨਸ਼ੇ ਦੇ ਕਾਰਨ) ਬੋਲਾ ਹੋ ਚੁਕਾ ਮਨੁੱਖ (ਉਹਨਾਂ ਦੇ ਉਪਦੇਸ਼ ਨੂੰ) ਸੁਣਦਾ ਨਹੀਂ ।
ਜਦੋਂ ਉੱਕਾ ਹੀ ਜੀਵਨ-ਬਾਜ਼ੀ ਹਾਰ ਕੇ ਅੰਤ ਸਮੇ ਤੇ ਆ ਪਹੁੰਚਦਾ ਹੈ ਤਦੋਂ ਇਹ ਮੂਰਖ ਆਪਣੇ ਮਨ ਵਿਚ ਪਛੁਤਾਂਦਾ ਹੈ ।੨।(ਹੇ ਭਾਈ! ਮਾਇਆ ਦੇ ਨਸ਼ੇ ਵਿਚ ਮਸਤ ਮਨੁੱਖ ਵਿਕਾਰਾਂ ਵਿਚ ਲੱਗਾ ਹੋਇਆ) ਵਿਅਰਥ ਹੀ ਡੰਨ ਭਰਦਾ ਰਹਿੰਦਾ ਹੈ (ਆਤਮਕ ਸਜ਼ਾ ਭੁਗਤਦਾ ਰਹਿੰਦਾ ਹੈ, ਅਜੇਹੇ ਕੰਮ ਹੀ ਕਰਦਾ ਹੈ ਜਿਨ੍ਹਾਂ ਦੇ ਕਾਰਨ) ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ ।
ਜਿਸ ਕੰਮ ਦੇ ਕਰਨ ਨਾਲ ਪਰਮਾਤਮਾ ਦੇ ਦਰ ਤੇ ਇੱਜ਼ਤ ਬਣੇ ਉਹ ਕੰਮ ਇਹ ਕਦੇ ਭੀ ਨਹੀਂ ਕਰਦਾ ।੩ ।
(ਹੇ ਭਾਈ! ਜਦੋਂ) ਗੁਰੂ ਨੇ ਮੈਨੂੰ ਇਹੋ ਜਿਹਾ (ਮਾਇਆ-ਗ੍ਰਸਿਆ) ਜਗਤ ਵਿਖਾ ਦਿੱਤਾ ਤਦੋਂ ਮੈਂ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਤਦੋਂ ਮਾਣ ਤਿਆਗ ਕੇ (ਹੋਰ) ਆਸਰਾ ਛੱਡ ਕੇ, ਚੁਤਰਾਈਆਂ ਤਜ ਕੇ (ਮੈਂ ਦਾਸ) ਨਾਨਕ ਪਰਮਾਤਮਾ ਦੀ ਸਰਨ ਆ ਪਿਆ ।੪।੧।੧੫੨ ।

ਨੋਟ: ਇਥੋਂ ਘਰੁ ੧੫ ਦੇ ਸ਼ਬਦ ਸ਼ੁਰੂ ਹੁੰਦੇ ਹਨ ।
Follow us on Twitter Facebook Tumblr Reddit Instagram Youtube