ਆਸਾ ਮਹਲਾ ੫ ॥
ਠਾਕੁਰ ਚਰਣ ਸੁਹਾਵੇ ॥
ਹਰਿ ਸੰਤਨ ਪਾਵੇ ॥੧॥ ਰਹਾਉ ॥

ਆਪੁ ਗਵਾਇਆ ਸੇਵ ਕਮਾਇਆ ਗੁਨ ਰਸਿ ਰਸਿ ਗਾਵੇ ॥੧॥

ਏਕਹਿ ਆਸਾ ਦਰਸ ਪਿਆਸਾ ਆਨ ਨ ਭਾਵੇ ॥੨॥

ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲਿ ਬਲਿ ਜਾਵੇ ॥੩॥੭॥੧੪੭॥

Sahib Singh
ਸੁਹਾਵੇ = ਸੁਖ ਦੇਣ ਵਾਲੇ, ਸੋਹਣੇ ।
ਪਾਵੇ = ਪ੍ਰਾਪਤ ਕੀਤੇ ।੧।ਰਹਾਉ ।
ਆਪੁ = ਆਪਾ = ਭਾਵ ।
ਰਸਿ = ਰਸ ਨਾਲ, ਆਨੰਦ ਨਾਲ ।
ਗਾਵੇ = ਗਾਏ ਹਨ ।੧ ।
ਏਕਹਿ = ਇਕ (ਪਰਮਾਤਮਾ) ਦੀ ਹੀ ।
ਪਿਆਸਾ = ਤਾਂਘ ।
ਆਨ = ਕੁਝ ਹੋਰ ।੨ ।
ਨਾਨਕ = ਹੇ ਨਾਨਕ !
    ।੩ ।
    
Sahib Singh
(ਹੇ ਭਾਈ!) ਮਾਲਕ-ਪ੍ਰਭੂ ਦੇ ਚਰਨ ਸੋਹਣੇ ਹਨ, ਪਰ ਪ੍ਰਭੂ ਦੇ ਸੰਤਾਂ ਨੂੰ (ਇਹਨਾਂ ਦਾ ਮਿਲਾਪ) ਪ੍ਰਾਪਤ ਹੁੰਦਾ ਹੈ ।੧।ਰਹਾਉ ।
(ਹੇ ਭਾਈ! ਪਰਮਾਤਮਾ ਦੇ ਸੰਤ) ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ ਤੇ ਉਸ ਦੇ ਗੁਣ ਬੜੇ ਆਨੰਦ ਨਾਲ ਗਾਂਦੇ ਰਹਿੰਦੇ ਹਨ ।੧ ।
(ਹੇ ਭਾਈ! ਪਰਮਾਤਮਾ ਦੇ ਸੰਤਾਂ ਨੂੰ) ਇਕ ਪਰਮਾਤਮਾ ਦੀ (ਸਹਾਇਤਾ ਦੀ) ਹੀ ਆਸਾ ਟਿਕੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਦੇ ਦਰਸਨ ਦੀ ਤਾਂਘ ਲੱਗੀ ਰਹਿੰਦੀ ਹੈ (ਇਸ ਤੋਂ ਬਿਨਾ) ਕੋਈ ਹੋਰ (ਦੁਨੀਆ ਵਾਲੀ ਆਸ) ਚੰਗੀ ਨਹੀਂ ਲੱਗਦੀ ।੨ ।
ਹੇ ਨਾਨਕ! (ਆਖ—ਹੇ ਪ੍ਰਭੂ! ਤੇਰੇ ਸੰਤਾਂ ਦੇ ਹਿਰਦੇ ਵਿਚ ਤੇਰੇ ਚਰਨਾਂ ਦਾ ਪ੍ਰੇਮ ਹੋਣਾ—ਇਹ) ਤੇਰੀ ਹੀ ਮੇਹਰ ਹੈ (ਨਹੀਂ ਤਾਂ) ਵਿਚਾਰੇ ਜੀਵਾਂ ਦਾ ਕੀਹ ਜ਼ੋਰ ਹੈ ।
ਹੇ ਪ੍ਰਭੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ।੩।੭।੧੪੭ ।
Follow us on Twitter Facebook Tumblr Reddit Instagram Youtube