ਆਸਾ ਮਹਲਾ ੫ ॥
ਬਾਵਰ ਸੋਇ ਰਹੇ ॥੧॥ ਰਹਾਉ ॥

ਮੋਹ ਕੁਟੰਬ ਬਿਖੈ ਰਸ ਮਾਤੇ ਮਿਥਿਆ ਗਹਨ ਗਹੇ ॥੧॥

ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿ ਮੁਖਿ ਸਤਿ ਕਹੇ ॥੨॥

ਅੰਮ੍ਰਿਤੁ ਨਾਮੁ ਪਦਾਰਥੁ ਸੰਗੇ ਤਿਲੁ ਮਰਮੁ ਨ ਲਹੇ ॥੩॥

ਕਰਿ ਕਿਰਪਾ ਰਾਖੇ ਸਤਸੰਗੇ ਨਾਨਕ ਸਰਣਿ ਆਹੇ ॥੪॥੨॥੧੪੨॥

Sahib Singh
ਬਾਵਰ = ਕਮਲੇ, ਝਲੇ, ਪਾਗਲ ।੧।ਰਹਾਉ।ਬਿਖੈ ਰਸ—ਵਿਸ਼ਿਆਂ ਦੇ ਸੁਆਦ ।
ਮਿਥਿਆ ਗਹਨ ਗਹੇ = ਝੂਠੀਆਂ ਮੱਲਾਂ ਮੱਲਦੇ ਹਨ ।੨ ।
ਮਿਥਨ ਮਨੋਰਥ = ਝੂਠੀਆਂ ਮਨੋ-ਕਾਮਨਾਂ ।
ਉਲਾਸ = ਚਾਉ, ਖ਼ੁਸ਼ੀਆਂ ।
ਮਨਿ = ਮਨ ਵਿਚ ।
ਮੁਖਿ = ਮੂੰਹ ਨਾਲ ।
ਸਤਿ = ਸਦਾ ਕਾਇਮ ਰਹਿਣ ਵਾਲੇ ।੨ ।
ਅੰਮਿ੍ਰਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ।
ਮਰਮੁ = ਭੇਤ ।੩ ।
ਆਹੇ = ਆਏ ਹਨ ।੪ ।
    
Sahib Singh
(ਮਾਇਆ ਦੇ ਮੋਹ ਵਿਚ) ਝੱਲੇ ਹੋਏ ਮਨੁੱਖ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ ।੧।ਰਹਾਉ ।
(ਹੇ ਭਾਈ! ਅਜੇਹੇ ਬੰਦੇ) ਪਰਵਾਰ ਦੇ ਮੋਹ ਅਤੇ ਵਿਸ਼ਿਆਂ ਦੇ ਸੁਆਦਾਂ ਵਿਚ ਮਸਤ ਹੋ ਕੇ ਕੂੜੀਆਂ ਮੱਲਾਂ ਮੱਲਦੇ ਰਹਿੰਦੇ ਹਨ ।੧ ।
(ਹੇ ਭਾਈ! ਮਾਇਆ ਦੇ ਮੋਹ ਵਿਚ ਪਾਗਲ ਹੋਏ ਮਨ) ਉਹਨਾਂ ਪਦਾਰਥਾਂ ਦੀ ਲਾਲਸਾ ਕਰਦੇ ਰਹਿੰਦੇ ਹਨ ਜਿਨ੍ਹਾਂ ਨਾਲ ਸਾਥ ਨਹੀਂ ਨਿਭਣਾ ਜੋ ਸੁਪਨਿਆਂ ਵਿਚ ਪ੍ਰਤੀਤ ਹੋ ਰਹੇ ਮੌਜ-ਮੇਲਿਆਂ ਵਾਂਗ ਹਨ, (ਅਜੇਹੇ ਬੰਦੇ) ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਸਮਝਦੇ ਹਨ, ਮੂੰਹੋਂ ਭੀ ਉਹਨਾਂ ਨੂੰ ਹੀ ਪੱਕੇ ਸਾਥੀ ਆਖਦੇ ਹਨ ।੨ ।
ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਹੀ ਸਦਾ ਸਾਥ ਦੇਣ ਵਾਲਾ ਪਦਾਰਥ ਹੈ, ਪਰ ਮਾਇਆ ਦੇ ਮੋਹ ਵਿਚ ਝੱਲੇ ਹੋਏ ਮਨੁੱਖ ਇਸ ਹਰਿ-ਨਾਮ ਦਾ ਭੇਤ ਰਤਾ ਭੀ ਨਹੀਂ ਸਮਝਦੇ ।੩ ।
(ਜੀਵਾਂ ਦੇ ਭੀ ਕੀਹ ਵੱਸ?) ਹੇ ਨਾਨਕ! ਪ੍ਰਭੂ ਮੇਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਸਾਧ ਸੰਗਤਿ ਵਿਚ ਰੱਖਦਾ ਹੈ ਉਹੀ ਉਸ ਪ੍ਰਭੂ ਦੀ ਸਰਨ ਆਏ ਰਹਿੰਦੇ ਹਨ ।੪।੨।੧੪੨ ।
Follow us on Twitter Facebook Tumblr Reddit Instagram Youtube