ਆਸਾ ਮਹਲਾ ੫ ॥
ਅਗਮ ਅਗੋਚਰੁ ਦਰਸੁ ਤੇਰਾ ਸੋ ਪਾਏ ਜਿਸੁ ਮਸਤਕਿ ਭਾਗੁ ॥
ਆਪਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਸਤਿਗੁਰਿ ਬਖਸਿਆ ਹਰਿ ਨਾਮੁ ॥੧॥

ਕਲਿਜੁਗੁ ਉਧਾਰਿਆ ਗੁਰਦੇਵ ॥
ਮਲ ਮੂਤ ਮੂੜ ਜਿ ਮੁਘਦ ਹੋਤੇ ਸਭਿ ਲਗੇ ਤੇਰੀ ਸੇਵ ॥੧॥ ਰਹਾਉ ॥

ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ ॥
ਧਰਮ ਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ ॥੨॥

ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ ॥
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ ॥੩॥

ਹਰਿ ਜੀਉ ਸੋਈ ਕਰਹਿ ਜਿ ਭਗਤ ਤੇਰੇ ਜਾਚਹਿ ਏਹੁ ਤੇਰਾ ਬਿਰਦੁ ॥
ਕਰ ਜੋੜਿ ਨਾਨਕ ਦਾਨੁ ਮਾਗੈ ਅਪਣਿਆ ਸੰਤਾ ਦੇਹਿ ਹਰਿ ਦਰਸੁ ॥੪॥੫॥੧੪੦॥

Sahib Singh
ਅਲਖ = ਹੇ ਅਪਹੁੰਚ ਪ੍ਰਭੂ !
ਅਗੋਚਰੁ = {ਅ = ਗੋ-ਚਰੁ ।
ਗੋ = ਗਿਆਨ = ਇੰਦ੍ਰੇ ।
ਚਰੁ = ਪਹੁੰਚ} ਜਿਸ ਤਕ ਗਿਆਨ-ਇੰਦਿ੍ਰਆਂ ਦੀ ਪਹੁੰਚ ਨਹੀਂ ਹੋ ਸਕਦੀ ।
ਮਸਤਕਿ = ਮੱਥੇ ਉਤੇ ।
ਕਿ੍ਰਪਾਲਿ = ਕਿ੍ਰਪਾਲ ਨੇ ।
ਪ੍ਰਭਿ = ਪ੍ਰਭੂ ਨੇ ।
ਸਤਿਗੁਰਿ = ਸਤਿਗੁਰ ਨੇ ।੧ ।
ਕਲਿਜੁਗੁ = (ਭਾਵ,) ਕਲਜੁਗੀ ਜੀਵਾਂ ਨੂੰ, ਵਿਕਾਰੀ ਜੀਵਾਂ ਨੂੰ ।
ਗੁਰਦੇਵ = ਹੇ ਗੁਰਦੇਵ !
ਮਲ ਮੂਤ = ਗੰਦੇ ।
ਜਿ = ਜੇਹੜੇ ।
ਮੁਘਦ = ਮੂਰਖ ।
ਸਭਿ = ਸਾਰੇ ।੧।ਰਹਾਉ ।
ਬਿਸਮਾਦੁ = ਹੈਰਾਨ ।
ਧਰਤਾ = ਸਹਾਰਾ ਦੇਣ ਵਾਲਾ ।੨ ।
ਭਣੀਐ = ਆਖਿਆ ਜਾਂਦਾ ਹੈ ।
ਅਹਿ ਕਰੁ = ਇਸ ਹੱਥ ।
ਕਿਸੈ ਥਾਇ = ਕਿਸੇ ਦੂਜੇ ਥਾਂ ।੩ ।
ਕਰਹਿ = ਤੂੰ ਕਰਦਾ ਹੈਂ ।
ਜਾਚਹਿ = ਮੰਗਦੇ ਹਨ ।
ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ ।
ਕਰ = (ਦੋਵੇਂ) ਹੱਥ ।
ਜੋੜਿ = ਜੋੜ ਕੇ ।
ਹਰਿ = ਹੇ ਹਰੀ !
    ।੪ ।
    
Sahib Singh
ਹੇ ਸਤਿਗੁਰੂ! ਤੂੰ (ਤਾਂ) ਕਲਿਜੁਗ ਨੂੰ ਭੀ ਬਚਾ ਲਿਆ ਹੈ (ਜਿਸ ਨੂੰ ਹੋਰ ਜੁਗਾਂ ਨਾਲੋਂ ਭੈੜਾ ਸਮਝਿਆ ਜਾਂਦਾ ਹੈ, ਭਾਵ (ਜੇਹੜੇ ਭੀ) ਪਹਿਲਾਂ) ਗੰਦੇ ਤੇ ਮੂਰਖ (ਸਨ ਉਹ) ਸਾਰੇ ਤੇਰੀ ਸੇਵਾ ਵਿਚ ਆ ਲੱਗੇ ਹਨ (ਤੇਰੀ ਦੱਸੀ ਪ੍ਰਭੂ ਦੀ ਸੇਵਾ-ਭਗਤੀ ਕਰਨ ਲੱਗ ਪਏ ਹਨ) ।੧।ਰਹਾਉ ।
ਹੇ ਅਪਹੁੰਚ ਪ੍ਰਭੂ! ਤੂੰ ਮਨੁੱਖਾਂ ਦੇ ਗਿਆਨ-ਇੰਦਿ੍ਰਆਂ ਦੀ ਪਹੁੰਚ ਤੋਂ ਪਰੇ ਹੈਂ, ਤੇਰਾ ਦਰਸਨ ਓਹੀ ਮਨੁੱਖ ਕਰਦਾ ਹੈ, ਜਿਸ ਦੇ ਮੱਥੇ ਉਤੇ ਕਿਸਮਤ ਜਾਗ ਪੈਂਦੀ ਹੈ ।
(ਹੇ ਭਾਈ! ਜਿਸ ਮਨੁੱਖ ਉਤੇ) ਕਿਰਪਾ ਦੇ ਘਰ ਪਰਮਾਤਮਾ ਨੇ ਕਿਰਪਾ ਦੀ ਨਿਗਾਹ ਕੀਤੀ ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦੀ ਨਾਮ (-ਸਿਮਰਨ ਦੀ ਦਾਤਿ) ਬਖ਼ਸ਼ ਦਿੱਤੀ ।੧ ।
ਹੇ ਪ੍ਰਭੂ! ਤੂੰ ਆਪ ਸਾਰੀ ਸਿ੍ਰਸ਼ਟੀ ਦਾ ਪੈਦਾ ਕਰਨ ਵਾਲਾ ਹੈਂ ਤੂੰ ਆਪ (ਹੀ) ਸਾਰੀ ਸਿ੍ਰਸ਼ਟੀ ਨੂੰ ਆਸਰਾ ਦੇਣ ਵਾਲਾ ਹੈਂ, ਤੂੰ ਆਪ ਹੀ ਸਾਰੀ ਸਿ੍ਰਸ਼ਟੀ ਵਿਚ ਵਿਆਪਕ ਹੈਂ, (ਫਿਰ ਕੋਈ ਜੁਗ ਚੰਗਾ ਕਿਵੇਂ ?
ਤੇ, ਕੋਈ ਜੁਗ ਮਾੜਾ ਕਿਵੇਂ ?
ਭਾਵੇਂ ਇਸ ਕਲਿਜੁਗ ਨੂੰ ਚੌਹਾਂ ਜੁਗਾਂ ਵਿਚੋਂ ਭੈੜਾ ਕਿਹਾ ਜਾਂਦਾ ਹੈ, ਫਿਰ ਭੀ) ਧਰਮ ਰਾਜ ਹੈਰਾਨ ਹੋ ਰਿਹਾ ਹੈ (ਕਿ ਗੁਰੂ ਦੀ ਕਿਰਪਾ ਨਾਲ ਵਿਕਾਰਾਂ ਵਲੋਂ ਹਟ ਕੇ) ਸਾਰੀ ਲੁਕਾਈ ਤੇਰੀ ਚਰਨੀਂ ਲੱਗ ਰਹੀ ਹੈ ।
(ਸੋ, ਜੇ ਪੁਰਾਣੇ ਖਿ਼ਆਲਾਂ ਵਲ ਜਾਈਏ ਤਾਂ ਭੀ ਇਹ ਕਲਿਜੁਗ ਮਾੜਾ ਜੁਗ ਨਹੀਂ, ਤੇ ਇਹ ਜੁਗ ਜੀਵਾਂ ਨੂੰ ਮੰਦ-ਕਰਮਾਂ ਵਲ ਨਹੀਂ ਪ੍ਰੇਰਦਾ) ।੨ ।
ਹੇ ਭਾਈ! ਸਤਿਜੁਗ ਨੂੰ, ਤ੍ਰੇਤੇ ਨੂੰ, ਦੁਆਪਰ ਨੂੰ (ਚੰਗਾ) ਜੁਗ ਆਖਿਆ ਜਾਂਦਾ ਹੈ (ਪਰ ਪ੍ਰਤੱਖ ਦਿੱਸ ਰਿਹਾ ਹੈ ਕਿ ਸਗੋਂ) ਕਲਿਜੁਗ ਸਾਰੇ ਜੁਗਾਂ ਵਿਚ ਸ੍ਰੇਸ਼ਟ ਹੈ (ਕਿਉਂਕਿ ਇਸ ਜੁਗ ਵਿਚ) ਜੇਹੜਾ ਹੱਥ ਕੋਈ ਕਰਮ ਕਰਦਾ ਹੈ, ਉਹੀ ਹੱਥ ਉਸ ਦਾ ਫ਼ਲ ਭੁਗਤਦਾ ਹੈ ।
ਕੋਈ ਮਨੁੱਖ ਕਿਸੇ ਹੋਰ ਮਨੁੱਖ ਦੇ ਥਾਂ (ਵਿਕਾਰਾਂ ਦੇ ਕਾਰਨ) ਫੜਿਆ ਨਹੀਂ ਜਾਂਦਾ ।੩ ।
ਹੇ ਭਾਈ! (ਕੋਈ ਭੀ ਜੁਗ ਹੋਵੇ, ਤੂੰ ਆਪਣੇ ਭਗਤਾਂ ਦੀ ਲਾਜ ਸਦਾ ਰੱਖਦਾ ਆਇਆ ਹੈਂ) ਤੂੰ ਓਹੀ ਕੁਝ ਕਰਦਾ ਹੈਂ ਜੋ ਤੇਰੇ ਭਗਤ ਤੇਰੇ ਪਾਸੋਂ ਮੰਗਦੇ ਹਨ, ਇਹ ਤੇਰਾ ਮੁਢ ਕਦੀਮਾਂ ਦਾ ਸੁਭਾਉ ਹੈ ।
ਹੇ ਹਰੀ! (ਤੇਰਾ ਦਾਸ ਨਾਨਕ ਭੀ ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੋਂ) ਦਾਨ ਮੰਗਦਾ ਹੈ ਕਿ ਨਾਨਕ ਨੂੰ ਆਪਣੇ ਸੰਤ ਜਨਾਂ ਦਾ ਦਰਸਨ ਦੇਹ ।੪।੫।੧੪੦ ।
Follow us on Twitter Facebook Tumblr Reddit Instagram Youtube