ਆਸਾ ਮਹਲਾ ੫ ॥
ਨੀਕੀ ਸਾਧ ਸੰਗਾਨੀ ॥ ਰਹਾਉ ॥

ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ॥੧॥

ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ ॥੨॥

ਹਂਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ ॥੩॥੬॥੧੩੫॥

Sahib Singh
ਨੀਕੀ = ਚੰਗੀ ।
ਸੰਗਾਨੀ = ਸੰਗਤਿ ।
    ਰਹਾਉ ।
ਪਹਰ = (ਅੱਠੇ) ਪਹਰ, ਹਰ ਵੇਲੇ ।
ਮੂਰਤ = ਮੁਹੂਰਤ, ਹਰ ਘੜੀ ।
ਵਖਾਨੀ = ਵਰਣਨ ਹੁੰਦਾ ਹੈ ।੧ ।
ਚਾਲਤ = ਤੁਰਦੇ ਫਿਰਦਿਆਂ ।
ਬੈਸਤ = ਬੈਠਦਿਆਂ ।
ਮਨਿ = ਮਨ ਵਿਚ ।
ਤਨਿ = ਤਨ ਵਿਚ, ਹਿਰਦੇ ਵਿਚ ।
ਚਰਨ ਖਟਾਨੀ = ਚਰਨਾਂ ਦਾ ਮਿਲਾਪ ।੨ ।
ਹਉ = ਮੈਂ ।
ਹਉਰੋ = ਹਉਲਾ, ਗੁਣ = ਹੀਨਾ ।
ਗਉਰੋ = ਭਾਰਾ, ਗੁਣਾਂ ਨਾਲ ਭਰਪੂਰ ।
ਸਰਨਿ = ਓਟ ।੩ ।
    
Sahib Singh
(ਹੇ ਭਾਈ!) ਸਾਧ ਸੰਗਤਿ (ਮਨੁੱਖ ਵਾਸਤੇ ਇਕ) ਸੋਹਣੀ ਬਰਕਤਿ ਹੈ ।ਰਹਾਉ ।
(ਹੇ ਭਾਈ! ਸਾਧ ਸੰਗਤਿ ਵਿਚ) ਅੱਠੇ ਪਹਰ, ਪਲ ਪਲ, ਘੜੀ ਘੜੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਏ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹੁੰਦੀਆਂ ਹਨ ।੧ ।
(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਤੁਰਦਿਆਂ ਬੈਠਿਆਂ ਸੁੱਤਿਆਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਕਰਨ ਦਾ ਸੁਭਾਉ ਬਣ ਜਾਂਦਾ ਹੈ) ਮਨ ਵਿਚ ਪਰਮਾਤਮਾ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਹਰ ਵੇਲੇ ਮੇਲ ਬਣਿਆ ਰਹਿੰਦਾ ਹੈ ।੨ ।
ਹੇ ਨਾਨਕ! (ਆਖ—ਹੇ ਪ੍ਰਭੂ!) ਮੈਂ ਗੁਣ-ਹੀਨ ਹਾਂ, ਤੂੰ ਮੇਰਾ ਮਾਲਕ ਗੁਣਾਂ ਨਾਲ ਭਰਪੂਰ ਹੈਂ (ਸਾਧ ਸੰਗਤਿ ਦਾ ਸਦਕਾ) ਮੈਨੂੰ ਤੇਰੀ ਸਰਨ ਪੈਣ ਦੀ ਸੂਝ ਆਈ ਹੈ ।੩।੬।੧੩੫ ।
Follow us on Twitter Facebook Tumblr Reddit Instagram Youtube