ਆਸਾ ਮਹਲਾ ੫ ॥
ਨੀਕੀ ਜੀਅ ਕੀ ਹਰਿ ਕਥਾ ਊਤਮ ਆਨ ਸਗਲ ਰਸ ਫੀਕੀ ਰੇ ॥੧॥ ਰਹਾਉ ॥

ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ ਕਿਛੁ ਲਾਈਕੀ ਰੇ ॥੧॥

ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧਸੰਗਿ ਨਾਨਕ ਪੀਕੀ ਰੇ ॥੨॥੪॥੧੩੩॥

Sahib Singh
ਨੀਕੀ = ਚੰਗੀ (ਚੀਜ਼) ।
ਜੀਅ ਕੀ = ਜਿੰਦ ਦੀ, ਜਿੰਦ ਵਾਸਤੇ ।
ਊਤਮ = ਸ੍ਰੇਸ਼ਟ ।
ਆਨ = {ਅਂਯ} ਹੋਰ ।
ਸਗਲ = ਸਾਰੇ ।
ਫੀਕੀ = ਫੀਕੇ, ਬੇ = ਸੁਆਦੇ ।੧।ਰਹਾਉ ।
ਬਹੁ ਗੁਨਿ = ਬਹੁਤ ਗੁਣਾਂ ਵਾਲੀ ਹੈ ।
ਧੁਨਿ = ਮਿਠਾਸ ਵਾਲੀ ।
ਖਟ = ਛੇ (ਸ਼ਾਸਤਰ) ।
ਬੇਤੇ = ਜਾਣਨ ਵਾਲੇ ।
ਲਾਈਕੀ = ਲਾਇਕ, ਯੋਗ, ਲਾਭਦਾਇਕ ।
ਰੇ = ਹੇ ਭਾਈ !
    ।੧ ।
ਬਿਖਾਰੀ = {ਬਿਖ = ਅਰਿ} ਵਿਸ਼ਿਆਂ ਦੀ ਵੈਰਨ, ਵਿਸ਼ਿਆਂ ਦਾ ਦਬਾਉ ਹਟਾਣ ਵਾਲੀ ।
ਨਿਰਾਰੀ = ਨਿਰਾਲੀ, ਅਨੋਖੀ ।
ਅਪਾਰੀ = ਬੇਅੰਤ; ਅਕੱਥ ।
ਸਹਜਾਰੀ = ਆਤਮਕ ਅਡੋਲਤਾ ਪੈਦਾ ਕਰਨ ਵਾਲੀ ।
ਪੀਕੀ = ਪੀਤੀ ਜਾਂਦੀ ਹੈ, ਮਾਣੀ ਜਾਂਦੀ ਹੈ ।੨ ।
    
Sahib Singh
ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਜਿੰਦ ਵਾਸਤੇ ਇਹ ਸ੍ਰੇਸ਼ਟ ਤੇ ਸੋਹਣੀ ਚੀਜ਼ ਹੈ ।
(ਦੁਨੀਆ ਦੇ) ਹੋਰ ਸਾਰੇ ਪਰਾਰਥਾਂ ਦੇ ਸੁਆਦ (ਇਸ ਦੇ ਟਾਕਰੇ ਤੇ) ਫਿੱਕੇ ਹਨ ।੧।ਰਹਾਉ ।
ਹੇ ਭਾਈ! ਇਹ ਹਰਿ-ਕਥਾ ਬਹੁਤ ਗੁਣਾਂ ਵਾਲੀ ਹੈ (ਜੀਵ ਦੇ ਅੰਦਰ ਗੁਣ ਪੈਦਾ ਕਰਨ ਵਾਲੀ ਹੈ) ਮਿਠਾਸ-ਭਰੀ ਹੈ, ਛੇ ਸ਼ਾਸਤਰਾਂ ਨੂੰ ਜਾਣਨ ਵਾਲੇ ਰਿਸ਼ੀ ਲੋਕ (ਹੀ ਹਰਿ-ਕਥਾ ਤੋਂ ਬਿਨਾ) ਕਿਸੇ ਹੋਰ ਉੱਦਮ ਨੂੰ (ਜਿੰਦ ਵਾਸਤੇ) ਲਾਭਦਾਇਕ ਨਹੀਂ ਮੰਨਦੇ ।੧ ।
ਹੇ ਭਾਈ! ਇਹ ਹਰਿ-ਕਥਾ (ਮਾਨੋ, ਅੰਮਿ੍ਰਤ ਦੀ ਧਾਰ ਹੈ ਜੋ) ਵਿਸ਼ਿਆਂ ਦੇ ਜ਼ਹਰ ਦੇ ਅਸਰ ਨੂੰ ਨਾਸ ਕਰਦੀ ਹੈ, ਅਨੋਖੇ ਸੁਆਦ ਵਾਲੀ ਹੈ, ਅਕੱਥ ਹੈ, ਆਤਮਕ ਅਡੋਲਤਾ ਪੈਦਾ ਕਰਦੀ ਹੈ ।
ਹੇ ਨਾਨਕ! (ਇਹ ਹਰਿ-ਕਥਾ, ਇਹ ਅੰਮਿ੍ਰਤ ਦੀ ਧਾਰ) ਸਾਧ ਸੰਗਤਿ ਵਿਚ (ਟਿਕ ਕੇ ਹੀ) ਪੀਤੀ ਜਾ ਸਕਦੀ ਹੈ ।੨।੪।੧੩੩ ।
Follow us on Twitter Facebook Tumblr Reddit Instagram Youtube